ਸੰਗਰੂਰ ਤੋਂ ਮੈਂਬਰ ਸੰਸਦ ਸ਼੍ਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਬਰਨਾਲਾ ਸ਼ਹਿਰ ਦੇ ਸੀਵਰ, ਪੀਣ ਵਾਲੇ ਪਾਣੀ ਅਤੇ ਧਨੌਲਾ ਦੇ ਵਿਕਾਸ ਕੰਮਾਂ ਸਬੰਧੀ ਜ਼ਿਲ੍ਹਾ ਅਧਿਕਾਰੀਆਂ ਨਾਲ ਵਿਸ਼ੇਸ਼ ਬੈਠਕ ਕੀਤੀ ਜਿਸ ਦੌਰਾਨ ਉਨ੍ਹਾਂ ਨੇ ਸਾਰੇ ਕੰਮ ਦੀ ਸਮੀਖਿਆ ਕੀਤੀ। ਇਸ ਮੌਕੇ ਬੋਲਦਿਆਂ ਉਨ੍ਹਾਂ ਦੱਸਿਆ ਕਿ ਬਰਨਾਲਾ ਸੀਵਰ ਦੀ ਸੁਪਰ ਸਕਰ ਮਸ਼ੀਨ ਰਾਹੀਂ ਸਫ਼ਾਈ ਕੀਤੀ ਜਾਵੇਗੀ ਤਾਂ ਜੋ ਸ਼ਹਿਰ ਵਿੱਚ ਗੰਦਾ ਪਾਣੀ ਨਾ ਖੜ੍ਹਾ ਹੋਵੇ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸੀਵਰੇਜ਼ ਵਿਭਾਗ ਵੱਲੋਂ ਪ੍ਰੋਜੈਕਟ ਬਣਾ ਕੇ ਨਗਰ ਕਾਉਂਸਿਲ ਬਰਨਾਲਾ ਨੂੰ ਦਿੱਤਾ ਜਾਵੇਗਾ। ਨਾਲ ਹੀ ਸ਼੍ਰੀ ਮੀਤ ਹੇਅਰ ਨੇ ਦੱਸਿਆ ਕਿ ਬਰਨਾਲਾ ਦੇ ਉਹ ਇਲਾਕੇ, ਜਿੱਥੇ ਪੀਣ ਵਾਲੇ ਪਾਣੀ ਦੀ ਸਮੱਸਿਆ ਆ ਰਹੀ ਹੈ, ਉਨ੍ਹਾਂ ਨੂੰ 40 ਕਰੋੜ ਦੀ ਲਾਗਤ ਨਾਲ ਅਮਰੁਤ ਸਕੀਮ ਤਹਿਤ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਕੰਮ ਸਬੰਧੀ ਦਸਤਾਵੇਜ਼ੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦ ਹੀ ਇਸ ਨੂੰ ਅਮਲੀ ਜਾਮਾ ਪਾਇਆ ਜਾਵੇਗਾ।
ਇਸ ਤਰ੍ਹਾਂ ਧਨੌਲਾ ਦੇ ਵਿਕਾਸ ਕੰਮਾਂ ਦੀ ਸਮੀਖਿਆ ਕਰਦਿਆਂ ਉਨ੍ਹਾਂ ਕਿਹਾ ਕਿ ਪਹਿਲੀ ਵਾਰ ਸੂਬੇ 'ਚ ਕਿਸੇ ਸਰਕਾਰ ਨੇ ਧਨੌਲਾ ਦੀ ਸਾਰ ਲੈਂਦਿਆਂ 19.47 ਕਰੋੜ ਰੁਪਏ ਦੇ ਵਿਕਾਸ ਕਾਰਜ ਸ਼ਹਿਰ ਵਿੱਚ ਸ਼ੁਰੂ ਕੀਤੇ ਹਨ। ਉਨ੍ਹਾਂ ਦੱਸਿਆ ਕਿ ਧਨੌਲਾ ਵਿਖੇ ਕੁੱਲ 68 ਵਿਕਾਸ ਕਾਰਜ ਸ਼ੁਰੂ ਕੀਤੇ ਗਏ ਸਨ ਜਿਨ੍ਹਾਂ ਵਿਚੋਂ 80 ਫ਼ੀਸਦੀ ਕੰਮ ਮੁਕੰਮਲ ਹੋ ਚੁੱਕੇ ਹਨ। ਉਨ੍ਹਾਂ ਹਦਾਇਤ ਕੀਤੀ ਕਿ ਬਾਕੀ ਰਹਿੰਦੇ ਕੰਮ ਵੀ ਸਮੇਂ ਸਿਰ ਅਤੇ ਮਿਆਰੀ ਤਰੀਕੇ ਨਾਲ ਨੇਪਰੇ ਚਾੜ੍ਹੇ ਜਾਣ।
ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਟੀ ਬੈਨਿਥ, ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਅਨੁਪ੍ਰਿਤਾ ਜੌਹਲ, ਹਲਕਾ ਇਨਚਾਰਜ ਹਰਿੰਦਰ ਧਾਲੀਵਾਲ, ਕਾਰਜਕਾਰੀ ਅਫ਼ਸਰ ਨਗਰ ਕਾਉਂਸਿਲ ਬਰਨਾਲਾ ਵਿਸ਼ਾਲਦੀਪ ਅਤੇ ਹੋਰ ਅਫ਼ਸਰ ਹਾਜ਼ਰ ਸਨ।