ਅੰਮ੍ਰਿਤਸਰ ਹਲਕਾ ਪੂਰਬੀ ਦੇ ਵਿਧਾਇਕਾ ਜੀਵਨ ਜੋਤ ਕੌਰ ਅਤੇ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਅੱਜ ਉਕਤ ਹਲਕੇ ਵਿੱਚ ਕਰਵਾਏ ਜਾ ਰਹੇ ਅਤੇ ਕਰਵਾਏ ਜਾਣ ਵਾਲੇ ਕੰਮਾਂ ਬਾਰੇ ਅੰਮ੍ਰਿਤਸਰ ਕਾਰਪੋਰੇਸ਼ਨ ਅਤੇ ਇੰਪਰੂਵਮੈਂਟ ਟਰਸਟ, ਪੰਚਾਇਤ ਵਿਭਾਗ, ਲੋਕ ਨਿਰਮਾਣ ਵਿਭਾਗ, ਪੰਜਾਬ ਮੰਡੀ ਬੋਰਡ, ਪੀ ਐਸ ਪੀ ਸੀ ਐਲ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਨਾਲ ਵਿਸਥਾਰਤ ਮੀਟਿੰਗ ਕੀਤੀ। ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਕਸ਼ੀ ਸਾਹਨੀ, ਕਮਿਸ਼ਨਰ ਕਾਰਪੋਰੇਸ਼ਨ ਸ੍ਰੀ ਗੁਲਪ੍ਰੀਤ ਸਿੰਘ ਔਲਖ, ਡੀਡੀਪੀਓ ਸ੍ਰੀ ਸੰਦੀਪ ਮਲਹੋਤਰਾ, ਐਸ ਈ ਕਾਰਪੋਰੇਸ਼ਨ ਸ੍ਰੀ ਸੰਦੀਪ ਸਿੰਘ, ਈ ਓ ਨਗਰ ਸੁਧਾਰ ਟਰਸਟ ਸ਼੍ਰੀਮਤੀ ਸੁਦੇਸ਼ ਕੁਮਾਰੀ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
ਇਸ ਮੌਕੇ ਵਿਧਾਇਕਾ ਜੀਵਨ ਜੋਤ ਕੌਰ ਨੇ ਹਲਕੇ ਵਿੱਚ ਪੈਂਦੇ ਚਾਲੀ ਖੂਹ ਵਿਖੇ ਖੇਡ ਕੋਰਟ ਅਤੇ ਪਾਰਕ ਬਣਾਉਣ ਦੀ ਹਦਾਇਤ ਕੀਤੀ। ਉਹਨਾਂ ਵੱਲਾ ਫਲਾਈ ਓਵਰ ਤੇ ਲੱਗੀਆਂ ਲਾਈਟਾਂ ਚਾਲੂ ਕਰਨ ਅਤੇ ਵਾਰਡ ਨੰਬਰ 24 ਵਿੱਚ ਮੀਂਹ ਦਾ ਪਾਣੀ ਇਕੱਠਾ ਹੋਣ ਦੀ ਸਮੱਸਿਆ ਨੂੰ ਤੁਰੰਤ ਹੱਲ ਕਰਨ ਲਈ ਕਾਰਪੋਰੇਸ਼ਨ ਅਧਿਕਾਰੀਆਂ ਨੂੰ ਕਿਹਾ। ਉਹਨਾਂ ਹਲਕੇ ਵਿੱਚ ਬਰਸਾਤ ਦੇ ਮੌਸਮ ਨੂੰ ਦੇਖਦੇ ਹੋਏ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਹਦਾਇਤ ਵੀ ਕੀਤੀ।
ਵਿਧਾਇਕਾਂ ਨੇ ਬਲਾਕ ਵੇਰਕਾ ਵਿੱਚ ਇੱਕ ਸੇਵਾ ਕੇਂਦਰ ਅਤੇ ਪਟਵਾਰਖਾਨਾ ਵੀ ਲੋਕਾਂ ਦੀ ਲੋੜ ਲਈ ਤੁਰੰਤ ਖੋਲਣ ਦਾ ਤਜਵੀਜ਼ ਰੱਖੀ। ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕਰਦੇ ਹੋਏ ਉਹਨਾਂ ਨੇ ਹਲਕੇ ਵਿੱਚ ਪੈਂਦੇ ਟਰਾਂਸਫਾਰਮਰ, ਬਿਜਲੀ ਦੀਆਂ ਲਟਕਦੀਆਂ ਤਾਰਾਂ, ਇੰਟਰਨੈਟ ਅਤੇ ਪ੍ਰਾਈਵੇਟ ਕੇਬਲ ਦੀਆਂ ਤਾਰਾਂ ਦਾ ਸੁਧਾਰ ਕਰਨ ਲਈ ਵੀ ਹਦਾਇਤ ਅਧਿਕਾਰੀਆਂ ਨੂੰ ਕੀਤੀ।
ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਸਾਰੇ ਹੀ ਕੰਮਾਂ ਨੂੰ ਸਮਾਂ ਸੀਮਾ ਅੰਦਰ ਨਿਪਟਾਉਣ ਲਈ ਯੋਜਨਾ ਬੰਦੀ ਕਰਨ ਦੀ ਹਿਦਾਇਤ ਕਰਦੇ ਕਿਹਾ ਕਿ ਜੇਕਰ ਕਿਸੇ ਵਿਭਾਗ ਨੂੰ ਫੰਡਾਂ ਦੀ ਕੋਈ ਲੋੜ ਹੈ ਤਾਂ ਉਹ ਤੁਰੰਤ ਦੱਸੇ ਅਸੀਂ ਰੰਗਲਾ ਪੰਜਾਬ ਸਕੀਮ ਅਧੀਨ ਫੰਡ ਦਾ ਪ੍ਰਬੰਧ ਕਰਵਾ ਦਿਆਂਗੇ। ਇਸ ਮੌਕੇ ਕਮਿਸ਼ਨਰ ਕਾਰਪੋਰੇਸ਼ਨ ਸ੍ਰੀ ਗੁਲਪ੍ਰੀਤ ਸਿੰਘ ਔਲਖ ਨੇ ਕਾਰਪੋਰੇਸ਼ਨ ਵੱਲੋਂ ਚੱਲ ਰਹੇ ਕੰਮਾਂ ਦਾ ਵੇਰਵਾ ਦਿੰਦੇ ਹੋਏ ਕੰਮਾਂ ਨੂੰ ਸਮਾਂ ਸੀਮਾ ਦੇ ਅੰਦਰ ਨਿਪਟਾਉਣ ਦਾ ਭਰੋਸਾ ਦਿੱਤਾ। ਉਹਨਾਂ ਨੇ ਕਿਹਾ ਕਿ ਹਲਕੇ ਵਿੱਚ ਪਲਾਂਟੇਸ਼ਨ ਦਾ ਕੰਮ ਕਰਨ ਲਈ ਵੀ ਡਾਕਟਰ ਯੋਗੇਸ਼ ਦੀ ਅਗਵਾਈ ਹੇਠ ਨਵੀਂ ਟੀਮ ਭਰਤੀ ਕੀਤੀ ਜਾ ਰਹੀ ਹੈ।