ਸਥਾਨਕ ਸਿਟੀ ਸੈਂਟਰ ਸ੍ਰੀ ਚਮਕੌਰ ਸਾਹਿਬ ਵਿਖੇ ਪੰਜਾਬੀ ਮਾਂ ਬੋਲੀ ਦੀ ਜਾਨ ਸ਼ਿਵ ਕੁਮਾਰ ਬਟਾਲਵੀ ਦੇ ਨਾਮ ਇੱਕ ਸ਼ਾਮ ਕਰਵਾਈ ਗਈ ਜਿਸ ਦਾ ਉਦਘਾਟਨ ਹਲਕਾ ਵਿਧਾਇਕ ਸ੍ਰੀ ਚਮਕੌਰ ਸਾਹਿਬ ਡਾਕਟਰ ਚਰਨਜੀਤ ਸਿੰਘ ਨੇ ਕੀਤਾ। ਇਸ ਮੋਕੇ ਡਿਪਟੀ ਕਮਿਸ਼ਨਰ ਰੂਪਨਗਰ ਸ੍ਰੀ ਵਰਜੀਤ ਵਾਲੀਆ, ਐੱਸ ਪੀ ਹੈੱਡ ਕੁਆਟਰ ਸ੍ਰੀ ਅਰਵਿੰਦ ਮੀਨਾ ਆਈਪੀਐੱਸ, ਐੱਸ.ਡੀ.ਐੱਮ ਅਮਰੀਕ ਸਿੰਘ ਸਿੱਧੂ ਅਤੇ ਡੀਐਸਪੀ ਮਨਜੀਤ ਸਿੰਘ ਔਲਖ ਨੇ ਵੀ ਇਸ ਸ਼ਾਮ ਦਾ ਆਨੰਦ ਮਾਣਿਆ।
ਹਲਕਾ ਵਿਧਾਇਕ ਡਾ ਚਰਨਜੀਤ ਸਿੰਘ ਨੇ ਸ਼ਿਵ ਕੁਮਾਰ ਬਟਾਲਵੀ ਦੀ ਰਚਨਾ ‘ਕੁੱਝ ਰੁੱਖ ਮੈਨੂੰ ਪੁੱਤ ਲੱਗਦੇ ਨੇ’ਗਾ ਕੇ ਆਪਣਾ ਲੋਹਾ ਮਨਾਇਆ। ਇਸ ਸ਼ਾਮ ਵਿੱਚ ਸਾਰੀਆਂ ਮਾਨਯੋਗ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ।ਡਿਪਟੀ ਕਮਿਸ਼ਨਰ ਰੂਪਨਗਰ ਸ੍ਰੀ ਵਰਜੀਤ ਵਾਲੀਆ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਨੌਜਵਾਨ ਪੀੜੀ ਨੂੰ ਕਲਾ ਨਾਲ਼ ਜੁੜ ਕੇ ਨਸ਼ਿਆ ਤੋਂ ਤੋਬਾ ਕਰਨ ਦੀ ਤਾਕੀਦ ਕੀਤੀ। ਉਨ੍ਹਾਂ ਕਿਹਾ ਯੁੱਧ ਨਸ਼ਿਆਂ ਵਿਰੁੱਧ ਵਿੱਚ ਅਸੀਂ ਤਾਂ ਹੀ ਜਿੱਤ ਸਕਦੇ ਹਾ, ਜੇਕਰ ਨੌਜਵਾਨ ਪੀੜੀ ਕਲਾ ਨਾਲ਼ ਜੁੜੇ,ਸ਼ਿਵ ਕੁਮਾਰ ਦੀ ਸ਼ਇਰੀ ਨਾਲ਼ ਜੁੜੇ।
ਪ੍ਰੋਗਰਾਮ ਨੋਡਲ ਅਫਸਰ ਤੇਜਿੰਦਰ ਸਿੰਘ ਬਾਜ਼ ਨੇ ਦੱਸਿਆ ਕਿ ਸ਼ਾਮ ਵਿੱਚ ਡਾ. ਦੀਪਕ ਮਨਮੋਹਣ ਸਿੰਘ, ਡਾ ਸਤੀਸ਼ ਕੁਮਾਰ ਵਰਮਾ, ਫਿਲਮੀ ਅਦਾਕਾਰ ਬਨਿੰਦਰ ਬੰਨੀ, ਸੋਨਪ੍ਰੀਤ ਜਵੰਧਾ, ਗੀਤਕਾਰ ਸੋਨੀ ਠੁਲ੍ਹੇਵਾਲ, ਡਾ ਨਿਰਮਲ ਕੁਮਾਰ ਧੀਮਾਨ ਉਚੇਚੇ ਤੌਰ ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਤਿੰਨ ਗ਼ਜ਼ਲ ਗਾਇਕ ਸ਼੍ਰੀ ਸੁਨੀਲ ਸਿੰਘ ਡੋਗਰਾ, ਸੁਖਜਿੰਦਰ ਸੁੱਖੀ ਅਤੇ ਸੁਖਵਿੰਦਰ ਸਾਰੰਗ ਸ਼ਿਵ ਕੁਮਾਰ ਬਟਾਲਵੀ ਦੀ ਸ਼ਾਇਰੀ ਦਾ ਰੰਗ ਬੰਨਣ ਪਾਹੁੰਚੇ। ਕਾਵਿ ਸ਼ਾਇਰੀ ਦਾ ਸਰੋਤਿਆ ਨੇ ਖੂਬ ਅਨੰਦ ਮਾਣਿਆ।ਇਸ ਸਮੇਂ ਜਗਤਾਰ ਸਿੰਘ ਘੜੂੰਆਂ, ਭੁਪਿੰਦਰ ਸਿੰਘ ਭੂਰਾ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।