ਪੰਜਾਬ ਵਿਧਾਨ ਸਭਾ ਦੀ ਸਥਾਨਕ ਸਰਕਾਰਾਂ ਬਾਰੇ ਕਮੇਟੀ ਵੱਲੋਂ ਬਚਤ ਭਵਨ ਵਿਖੇ ਅੰਮ੍ਰਿਤਸਰ ਵਿੱਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦੇ ਨਾਲ-ਨਾਲ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਅਤੇ ਪੀ.ਐਸ.ਪੀ.ਸੀ.ਐਲ. ਦੁਆਰਾ ਕੀਤੇ ਗਏ ਕਾਰਜ਼ਾਂ ਦੀ ਸਮੀਖਿਆ ਕਰਨ ਲਈ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੀ ਪ੍ਰਧਾਨਗੀ ਕਮੇਟੀ ਦੇ ਚੇਅਰਮੈਨ ਵਿਧਾਇਕ ਸ੍ਰੀ ਮਦਨ ਲਾਲ ਬੱਗਾ ਨੇ ਕੀਤੀ, ਜਿਸ ਵਿੱਚ ਵਿਧਾਇਕ ਸ੍ਰੀ ਅਸ਼ੋਕ ਪਰਾਸ਼ਰ ਪੱਪੀ, ਸ੍ਰੀਮਤੀ ਇੰਦਰਜੀਤ ਕੌਰ ਮਾਨ, ਸ੍ਰੀ ਅਜੀਤਪਾਲ ਸਿੰਘ ਕੋਹਲੀ, ਡਾ. ਜੀਵਨਜੋਤ ਕੌਰ, ਡਾ. ਅਮਨਦੀਪ ਕੌਰ ਅਰੋੜਾ ਅਤੇ ਸ ਜਸਬੀਰ ਸਿੰਘ ਸੰਧੂ ਸ਼ਾਮਲ ਸਨ।
ਇਸ ਤੋਂ ਇਲਾਵਾ ਅੰਮ੍ਰਿਤਸਰ ਜ਼ਿਲ੍ਹੇ ਵੱਲੋਂ ਮੇਅਰ ਸ ਜਤਿੰਦਰ ਸਿੰਘ ਮੋਤੀ ਭਾਟੀਆ, ਪੁਲਿਸ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਭੁੱਲਰ ਕਮਿਸ਼ਨਰ ਕਾਰਪੋਰੇਸ਼ਨ ਸ: ਗੁਲਪ੍ਰੀਤ ਸਿੰਘ ਔਲਖ, ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਜੋਤੀ ਬਾਲਾ ਮੱਟੂ ਅਤੇ ਵੱਖ ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ। ਕਮੇਟੀ ਨੇ ਵੱਖ-ਵੱਖ ਵਿਕਾਸ ਕਾਰਜਾਂ ਦੇ ਨਾਲ-ਨਾਲ ਸਟਰੀਟ ਲਾਈਟਾਂ, ਅੰਮ੍ਰਿਤਸਰ ਵਿੱਚ ਸਫਾਈ ਦੇ ਪ੍ਰਬੰਧਾਂ, ਆਵਾਜਾਈ ਪ੍ਰਣਾਲੀ ਅਤੇ ਸੀਵਰੇਜ ਸਿਸਟਮ ਨਾਲ ਸਬੰਧਤ ਮੁੱਦਿਆਂ 'ਤੇ ਅਧਿਕਾਰੀਆਂ ਨਾਲ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ।
ਚੇਅਰਮੈਨ ਸ੍ਰੀ ਬੱਗਾ ਨੇ ਸਪਸ਼ਟ ਕੀਤਾ ਕਿ ਕੋਈ ਵੀ ਵਿਭਾਗ ਕੰਮ ਕਰਨ ਸਮੇਂ ਹਲਕਾ ਵਿਧਾਇਕ ਨਾਲ ਸਲਾਹ ਮਸ਼ਵਰਾ ਕਰਨ, ਕਿਉਂਕਿ ਉਹ ਲੋਕਾਂ ਦੀਆਂ ਲੋੜਾਂ ਨਾਲ ਨੇੜਿਓਂ ਜੁੜੇ ਹੋਏ ਹਨ। ਇਸ ਤੋਂ ਇਲਾਵਾ ਉਹਨਾਂ ਨਗਰ ਸੁਧਾਰ ਟਰਸਟ ਵੱਲੋਂ ਕੰਮਾਂ ਵਿੱਚ ਕੀਤੀ ਜਾ ਰਹੀ ਢਿੱਲ ਮੱਠ ਦਾ ਗੰਭੀਰ ਨੋਟਿਸ ਲੈਂਦਿਆਂ ਇਸ ਵਿੱਚ ਤੁਰੰਤ ਕਾਰਵਾਈ ਕਰਨ ਲਈ ਕਿਹਾ।
ਉਹਨਾਂ ਇਹ ਵੀ ਕਿਹਾ ਕਿ ਸਾਰੇ ਵਿਭਾਗ ਆਪਸੀ ਤਾਲਮੇਲ ਦੇ ਨਾਲ ਸ਼ਹਿਰ ਦੇ ਵਿਕਾਸ ਲਈ ਕੰਮ ਕਰਨ। ਵਿਧਾਇਕਾ ਸ਼੍ਰੀਮਤੀ ਜੀਵਨ ਜੋਤ ਕੌਰ ਨੇ ਸੱਤ ਏਕੜ ਪਾਰਕ ਦੀ ਸਾਂਭ ਸੰਭਾਲ ਅਤੇ 40 ਖੂਹ ਪਾਰਕ ਦੀ ਸਾਂਭ ਸੰਭਾਲ ਤੋਂ ਇਲਾਵਾ ਵੱਲਾ ਬਾਈਪਾਸ ਉਤੇ ਕੀਤੇ ਜਾ ਰਹੇ ਕੰਮ ਵਿੱਚ ਆ ਰਹੀਆਂ ਮੁਸ਼ਕਲਾਂ ਤੋਂ ਕਮੇਟੀ ਮੈਂਬਰਾਂ ਨੂੰ ਜਾਣੂ ਕਰਵਾ ਕੇ ਤੁਰੰਤ ਕਾਰਵਾਈ ਦੀ ਮੰਗ ਕੀਤੀ
ਕਮੇਟੀ ਦੇ ਚੇਅਰਮੈਨ ਸ਼੍ਰੀ ਬੱਗਾ ਨੇ ਨਸ਼ੇ ਵਿਰੁੱਧ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸ ਗੁਰਪ੍ਰੀਤ ਸਿੰਘ ਭੁੱਲਰ ਅਤੇ ਕਮੇਟੀ ਦੀ ਮੀਟਿੰਗ ਵਿੱਚ ਤਿਆਰੀ ਨਾਲ ਭਾਗ ਲੈਣ ਲਈ ਕਮਿਸ਼ਨਰ ਕਾਰਪੋਰੇਸ਼ਨ ਸ੍ਰੀ ਗੁਲਪ੍ਰੀਤ ਸਿੰਘ ਔਲਖ ਦੀ ਸਰਾਹਨਾ ਕੀਤੀ। ਉਹਨਾਂ ਹਾਜ਼ਰ ਅਧਿਕਾਰੀਆਂ ਨੂੰ ਸਪਸ਼ਟ ਕੀਤਾ ਕਿ ਅੱਗੇ ਤੋਂ ਹੋਣ ਵਾਲੀ ਮੀਟਿੰਗ ਵਿੱਚ ਸਾਰੇ ਅਧਿਕਾਰੀ ਆਪਣੇ-ਆਪਣੇ ਵਿਭਾਗਾਂ ਦੇ ਕੰਮਾਂ ਦੀ ਸਮੀਖਿਆ ਕਰਕੇ ਖੁਦ ਆਉਣ ਤਾਂ ਜੋ ਕਮੇਟੀ ਮੈਂਬਰਾਂ ਨੂੰ ਮੌਕੇ ਉੱਤੇ ਹਰ ਗੱਲ ਦਾ ਜਵਾਬ ਮਿਲ ਸਕੇ।
ਮੇਅਰ ਸ੍ਰੀ ਜੋਤੀ ਭਾਟੀਆ ਵੱਲੋਂ ਆਏ ਹੋਏ ਵਿਧਾਇਕ ਸਾਹਿਬਾਨ ਨੂੰ ਅੰਮ੍ਰਿਤਸਰ ਵੱਲੋਂ ਯਾਦਗਾਰੀ ਨਿਸ਼ਾਨੀਆਂ ਭੇਟ ਕੀਤੀਆਂ।