ਵਿਰਾਸਤੀ ਸ਼ੀਸ਼ ਮਹਿਲ ਵਿਖੇ ਚੱਲ ਰਹੇ ਸਰਸ ਮੇਲੇ 'ਚ ਆਪਣੀ ਹਸਤਕਲਾ ਨਾਲ ਸਭ ਦਾ ਧਿਆਨ ਖਿੱਚ ਰਿਹਾ ਪਿੰਡ ਸਿਊਣਾ ਦਾ ਹਰਨੇਕ ਸਿੰਘ ਹਸਤਕਲਾ ਦੀ ਜਿਊਂਦੀ ਜਾਗਦੀ ਉਦਾਹਰਣ ਬਣ ਕੇ ਸਾਹਮਣੇ ਆਇਆ ਹੈ, ਜੋ ਮੇਲੇ 'ਚ ਚੱਕ 'ਤੇ ਮਿੱਟੀ ਦੇ ਦੀਵੇ, ਕੁੱਜੀ, ਚੂੰਗੜਾ ਤੇ ਠੂਠੀ ਵਰਗੀਆਂ ਵਸਤਾਂ ਤਿਆਰ ਕਰਕੇ ਬੱਚਿਆਂ ਤੇ ਨੌਜਵਾਨਾਂ ਲਈ ਆਕਰਸ਼ਣ ਦਾ ਕੇਂਦਰ ਬਣਿਆ ਹੋਇਆ ਹੈ।
ਪੀੜ੍ਹੀਆਂ ਤੋਂ ਮਿੱਟੀ ਦੇ ਭਾਂਡੇ ਬਣਾਉਣ ਦਾ ਕੰਮ ਕਰਦੇ ਆ ਰਹੇ ਪਿੰਡ ਸਿਊਣਾ ਦੇ ਹਰਨੇਕ ਸਿੰਘ ਨੇ ਦੱਸਿਆ ਕਿ ਉਹ ਪਿਛਲੇ 65 ਸਾਲਾਂ ਤੋਂ ਆਪਣੇ ਪਿਤਾ ਪੁਰਖੀ ਕਿੱਤੇ ਨਾਲ ਜੁੜੇ ਹੋਏ ਹਨ ਤੇ ਪਿੰਡ ਵਿੱਚ ਹੀ ਆਪਣੇ ਤਿਆਰ ਕੀਤੇ ਭਾਂਡੇ ਵੇਚ ਕੇ ਗੁਜ਼ਾਰਾ ਕਰਦੇ ਹਨ। ਉਨ੍ਹਾਂ ਦੱਸਿਆ ਕਿ 10 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਪਾਸੋਂ ਭਾਂਡੇ ਬਣਾਉਣ ਦਾ ਕੰਮ ਸਿੱਖਣਾ ਸ਼ੁਰੂ ਕੀਤਾ ਤੇ ਲੰਮੇ ਅਭਿਆਸ ਸਦਕਾ ਇਸ ਕੰਮ ਵਿੱਚ ਮੁਹਾਰਤ ਹਾਸਲ ਕੀਤੀ।
ਸ. ਹਰਨੇਕ ਸਿੰਘ ਨੇ ਜ਼ਿਲ੍ਹਾ ਪ੍ਰਸ਼ਾਸਨ ਨਾ ਧੰਨਵਾਦ ਕਰਦਿਆਂ ਕਿਹਾ ਕਿ ਸਰਸ ਮੇਲੇ 'ਚ ਮਿੱਟੀ ਦੇ ਭਾਂਡੇ ਬਣਾਉਣ ਦੀ ਕਲਾ ਦਿਖਾਉਣ ਲਈ ਉਨ੍ਹਾਂ ਨੂੰ ਮੌਕਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਵੇਰ ਤੋਂ ਸ਼ਾਮ ਤੱਕ ਸੈਂਕੜਿਆਂ ਦੀ ਗਿਣਤੀ ਵਿੱਚ ਬੱਚੇ, ਨੌਜਵਾਨ ਤੇ ਬਜ਼ੁਰਗ ਮਿੱਟੀ ਨਾਲ ਭਾਂਡੇ ਬਣਾਉਣ ਦੀ ਕਲਾ ਦੇਖ ਦੇ ਹਨ ਤੇ ਹੈਰਾਨ ਵੀ ਹੁੰਦੇ ਹਨ।
ਉਨ੍ਹਾਂ ਕਿਹਾ ਕਿ ਅਜਿਹੇ ਮੇਲੇ ਅਲੋਪ ਹੁੰਦੀਆਂ ਜਾ ਰਹੀਆਂ ਕਲਾਵਾਂ ਦੀ ਸੰਭਾਲ ਲਈ ਸਰਕਾਰ ਦਾ ਚੰਗਾ ਉਪਰਾਲਾ ਹੈ। ਚੱਕ 'ਤੇ ਮਿੱਟੀ ਦੇ ਦੀਵੇ ਬਣਦੇ ਦੇਖ ਨੌਜਵਾਨਾਂ ਨੇ ਬਜ਼ੁਰਗ ਹਰਨੇਕ ਸਿੰਘ ਨੂੰ ਨਾਇਕ ਦੱਸਦਿਆਂ ਕਿਹਾ ਕਿ ਮਿੱਟੀ ਨੂੰ ਆਕਾਰ ਦੇ ਕੇ ਸੋਹਣੇ ਰੂਪ ਦੇਣਾ ਆਪਣੇ ਆਪ 'ਚ ਹੈਰਾਨ ਕਰਨ ਵਾਲੀ ਗੱਲ ਹੈ।
ਉਨ੍ਹਾਂ ਕਿਹਾ ਕਿ ਬਾਜ਼ਾਰ ਵਿੱਚ ਮਿੱਟੀ ਦੇ ਬਣੇ ਭਾਂਡੇ ਤਾਂ ਦੇਖੇ ਸਨ, ਪਰ ਇਨ੍ਹਾਂ ਨੂੰ ਬਣਾਉਣ ਲਈ ਕਿੰਨੀ ਮੁਹਾਰਤ ਚਾਹੀਦੀ ਹੈ, ਇਹ ਸਾਨੂੰ ਸਰਸ ਮੇਲੇ 'ਚ ਸ. ਹਰਨੇਕ ਸਿੰਘ ਨੂੰ ਮਿਲਣ ਤੋਂ ਬਾਅਦ ਹੀ ਪਤਾ ਲੱਗਾ ਹੈ। ਉਨ੍ਹਾਂ ਕਿਹਾ ਕਿ ਜੋ ਵਸਤੂਆਂ ਇਥੇ ਸ. ਹਰਨੇਕ ਸਿੰਘ ਵੱਲੋਂ ਬਣਾਈਆਂ ਗਈਆਂ ਹਨ, ਉਨ੍ਹਾਂ ਵਸਤੂਆਂ ਦੇ ਨਾਮ ਵੀ ਉਨ੍ਹਾਂ ਨੇ ਪਹਿਲੀ ਵਾਰ ਸੁਣੇ ਹਨ।
ਮੇਲਾ ਅਫ਼ਸਰ ਵਧੀਕ ਡਿਪਟੀ ਕਮਿਸ਼ਨਰ ਅਨੁਪ੍ਰਿਤਾ ਜੌਹਲ ਨੇ ਦੱਸਿਆ ਕਿ ਸਰਸ ਮੇਲੇ ਦਾ ਉਦੇਸ਼ ਦਸਤਕਲਾ, ਸ਼ਿਲਪਕਲਾ ਤੇ ਹਸਤਕਲਾ ਨੂੰ ਪ੍ਰੋਤਸਾਹਨ ਦੇਣਾ ਹੈ। ਉਨ੍ਹਾਂ ਕਿਹਾ ਕਿ ਮੇਲੇ 'ਚ ਲੱਗੇ ਵੱਡੀ ਗਿਣਤੀ ਸਟਾਲਾਂ 'ਤੇ ਹੱਥ ਨਾਲ ਬਣਾਈਆਂ ਵਸਤੂਆਂ ਨੂੰ ਹੀ ਵੇਚਿਆ ਜਾ ਰਿਹਾ ਹੈ।
ਉਨ੍ਹਾਂ ਪਟਿਆਲਾ ਵਾਸੀਆਂ ਨੂੰ 23 ਫਰਵਰੀ ਤੱਕ ਚੱਲਣ ਵਾਲੇ ਸਰਸ ਮੇਲੇ 'ਚ ਸ਼ਾਮਲ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਦੇਸ਼-ਵਿਦੇਸ਼ ਤੋਂ ਆਏ ਸ਼ਿਲਪਕਾਰਾਂ ਦੀ ਹੌਸਲਾ ਅਫ਼ਜ਼ਾਈ ਮੇਲੇ 'ਚ ਆ ਕੇ ਕੀਤੀ ਜਾਵੇ।