ਵਿਦੇਸ਼ ਮਾਮਲਿਆਂ ਅਤੇ ਕੇਂਦਰੀ ਟੈਕਸਟਾਈਲ ਰਾਜ ਮੰਤਰੀ, ਸ਼੍ਰੀ ਪਵਿੱਤਰ ਮਾਰਗਰੀਟਾ ਨੇ ਕਿਹਾ ਹੈ ਕਿ ਟੈਕਸਟਾਈਲ ਇਨੋਵੇਸ਼ਨ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਆਰੰਭੇ ਕਾਰਜ ਇੱਕ ਉਜਵਲ ਭਵਿੱਖ ਦੀ ਨਿਸ਼ਾਨਦੇਹੀ ਕਰਦੇ ਹਨ ਜੋ ਵਿਦਿਆਰਥੀਆਂ ਲਈ ਪ੍ਰੇਰਨਾ ਦਾ ਸਰੋਤ ਸਾਬਤ ਹੋ ਰਹੇ ਹਨ । ਉਹ ਆਪਣੇ ਅੰਮ੍ਰਿਤਸਰ ਦੇ ਦੋ ਦਿਨਾਂ ਦੌਰੇ ਦੌਰਾਨ ਅੱਜ ਦੂਸਰੇ ਦਿਨ ਇੱਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਿਬਾਸ ਅਤੇ ਟੈਕਸਟਾਈਲ ਤਕਨਾਲੋਜੀ ਵਿਭਾਗ ਦਾ ਦੌਰਾ ਕਰਨ ਪੁੱਜੇ ਸਨ।
ਕੇਂਦਰੀ ਮੰਤਰੀ ਸ਼੍ਰੀ ਪਵਿੱਤਰਾ ਮਾਰਗਰੀਟਾ ਨੇ ਟੈਕਸਟਾਈਲ ਤਕਨਾਲੋਜੀ ਵਿਭਾਗ ਦੇ ਸਿੱਖਿਆ ਨੂੰ ਹੁਲਾਰਾ ਦੇਣ,ਟੈਕਸਟਾਈਲ ਇਨੋਵੇਸ਼ਨ ਅਤੇ ਹੋਰ ਟੈਕਸਟਾਈਲ ਪਹਿਲਕਦਮੀਆਂ ਦੀ ਸ਼ਲਾਘਾ ਕੀਤੀ। ਵਿਭਾਗ ਵਿਚ ਪੁੱਜਣ 'ਤੇ ਡਾ: ਪਲਵਿੰਦਰ ਸਿੰਘ, ਡੀਨ ਅਕਾਦਮਿਕ ਮਾਮਲੇ, ਡਾ: ਵਰਿੰਦਰ ਕੌਰ, ਮੁਖੀ, ਯੂਨੀਵਰਸਿਟੀ ਦੇ ਕੱਪੜਾ ਅਤੇ ਟੈਕਸਟਾਈਲ ਤਕਨਾਲੋਜੀ (ਡੀਏਟੀਟੀ) ਵਿਭਾਗ ਨੇ ਉਨ੍ਹਾਂ ਨਿੱਘਾ ਦਾ ਸਵਾਗਤ ਕੀਤਾ।
ਉਨ੍ਹਾਂ ਨੇ ਵਿਭਾਗ ਦੀਆਂ ਟੈਕਸਟਾਈਲ ਅਤੇ ਵੱਖ-ਵੱਖ ਪ੍ਰਯੋਗਸ਼ਾਲਾਵਾਂ ਦਾ ਵੀ ਦੌਰਾ ਕੀਤਾ।ਜਿਸ ਵਿੱਚ ਵੈਟ ਪ੍ਰੋਸੈਸਿੰਗ ਲੈਬ, ਫਿਜ਼ੀਕਲ ਟੈਕਸਟਾਈਲ ਟੈਸਟਿੰਗ, ਕੰਪਿਊਟਰ ਕਲਰ ਮੈਚਿੰਗ, ਗਾਰਮੈਂਟ ਉਤਪਾਦਨ ਅਤੇ ਗਾਰਮੈਂਟ ਡਿਜ਼ਾਈਨ ਲੈਬਾਰਟਰੀਆਂ ਸ਼ਾਮਲ ਹਨ। ਸ੍ਰੀ ਪਵਿੱਤਰਾ ਨੇ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਵਿਚ ਵਿਸ਼ੇਸ਼ ਰੁਚੀ ਵਿਖਾਈ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਵਿਸਥਾਰ ਵਿਚ ਸਮਝਿਆ।
ਉਨ੍ਹਾਂ ਤਕਨੀਕੀ ਟੈਕਸਟਾਈਲ ਦੇ ਖੇਤਰ ਵਿੱਚ ਯੂਨੀਵਰਸਿਟੀ ਅਤੇ ਵਿਭਾਗ ਦੇ ਯਤਨਾਂ ਵਿਸਥਾਰ ਵਿਚ ਸਮਝਣ ਲਈ ਵਿਭਾਗ ਦੇ ਫੈਕਲਟੀ ਨਾਲ ਗੱਲਬਾਤ ਕਰਦਿਆਂ ਵਿਦਿਆਰਥੀਆਂ ਦੇ ਐਕਸਪੋਜਰ ਨੂੰ ਵਧਾਉਣ ਲਈ ਫੈਸ਼ਨ ਡਿਜ਼ਾਈਨਿੰਗ ਦੇ ਖੇਤਰ ਵਿੱਚ ਨਿਫਟ ਵਰਗੀਆਂ ਹੋਰ ਰਾਸ਼ਟਰੀ ਸੰਸਥਾਵਾਂ ਨਾਲ ਸਹਿਯੋਗ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਡਾ.ਸੁਚਰਿਤਾ ਅਰੋੜਾ ਨੇ ਵਿਭਾਗ ਵਿੱਚ ਸਥਾਪਿਤ ਟੈਕਸਟਾਈਲ ਇੰਡਸਟਰੀਅਲ ਸਰਵਿਸ ਸੈਂਟਰ ਦੇ ਕੰਮਕਾਜ ਬਾਰੇ ਵਿਸਥਾਰ ਨਾਲ ਦੱਸਿਆ।
ਬਾਅਦ ਵਿੱਚ ਵਿਭਾਗ ਦੇ ਮੁਖੀ ਨੇ ਉਨ੍ਹਾਂ ਨੂੰ ਯੂਨੀਵਰਸਿਟੀ ਅਤੇ ਵਿਭਾਗ ਦੀਆਂ ਪ੍ਰਾਪਤੀਆਂ ਬਾਰੇ ਜਾਣੂ ਕਰਵਾਇਆ। ਨੈਸ਼ਨਲ ਟੈਕਨੀਕਲ ਟੈਕਸਟਾਈਲ ਮਿਸ਼ਨ ਦੇ ਪ੍ਰੋਜੈਕਟ ਦੀ ਪ੍ਰਗਤੀ ਬਾਰੇ ਵੀ ਅਪਡੇਟ ਕੀਤਾ ਅਤੇ ਯੂਨੀਵਰਸਿਟੀ ਕੈਂਪਸ ਵਿੱਚ ਉੱਨ ਲਈ ਉੱਤਮਤਾ ਦੇ ਕੇਂਦਰ ਲਈ ਪ੍ਰਸਤਾਵ ਪੇਸ਼ ਕੀਤਾ। ਅੰਮ੍ਰਿਤਸਰ ਟੈਕਨੀਕਲ ਟੈਕਸਟਾਈਲ ਕਲੱਸਟਰ ਨੂੰ ਸੰਭਾਲਣ ਵਾਲੀ ਕੇਪੀਐਮਜੀ ਦੀ ਟੀਮ ਨੇ ਮੰਤਰੀ ਨਾਲ ਗੱਲਬਾਤ ਕੀਤੀ ਅਤੇ ਆਪਣੀ ਪ੍ਰਗਤੀ ਬਾਰੇ ਜਾਣਕਾਰੀ ਦਿੱਤੀ।
ਉਨ੍ਹਾਂ ਉਚੇਚੇ ਤੌਰ ਤੇ ਡਿਪਾਰਟਮੈਂਟ ਆਫ ਸਪੋਰਟਸ ਸਾਇੰਸਜ਼ ਐਂਡ ਮੈਡੀਸਨ ਦੀਆਂ ਨਿਊਰੋਫਿਜ਼ੀਓਲੋਜੀ, ਮੋਸ਼ਨ ਐਨਾਲਿਸਿਸ, ਹਿਊਮਨ ਪਰਫਾਰਮੈਂਸ, ਸਪੋਰਟਸ ਸਾਈਕੋਲੋਜੀ, ਐਕਸਰਸਾਈਜ਼ ਫਿਜ਼ੀਓਥੈਰੇਪੀ, ਕਿਨਨਥਰੋਪੋਮੈਟਰੀ, ਐਕਸਰਸਾਈਜ਼ ਫਿਜ਼ੀਓਲੋਜੀ, ਆਈਸੋਟੋਨਿਕ ਅਤੇ ਵੀਓ2 ਕੈਲਕੂਲੇਸ਼ਨ ਦੀਆਂ ਖੋਜ ਪ੍ਰਯੋਗਸ਼ਾਲਾਵਾਂ ਦਾ ਵੀ ਦੌਰਾ ਕੀਤਾ। ਇਸ ਮੌਕੇ ਯੂਨੀਵਰਸਿਟੀ ਦੀ ਤਰਫੋਂ ਪ੍ਰੋ: ਪਲਵਿੰਦਰ ਸਿੰਘ ਨੇ ਸ੍ਰੀ ਪਵਿੱਤਰਾ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਵੀ ਕੀਤਾ।