30 ਜਨਵਰੀ ਨੂੰ ਨਗਰ ਨਿਗਮ ਚੰਡੀਗੜ੍ਹ ਵਿੱਚ ਮੇਅਰ ਚੋਣ ਵਾਲੇ ਦਿਨ ਬੀਜੇਪੀ ਦੁਆਰਾ ਕੀਤੀ ਗਈ ਲੋਕਤੰਤਰ ਦੀ ਹੱਤਿਆ ਦੇ ਖਿਲਾਫ਼ ਅੱਜ ਆਮ ਆਦਮੀ ਪਾਰਟੀ (ਆਪ) ਵਲੋਂ ਸੈਕਟਰ 17 ਵਿੱਚ ਨਗਰ ਨਿਗਮ ਦੇ ਦਫ਼ਤਰ ਸਾਹਮਣੇ ਬੀਜੇਪੀ ਦੀ ਲੋਕਸਭਾ ਮੈਂਬਰ ਕਿਰਨ ਖੇਰ ਦਾ ਪੁਤਲਾ ਫੂਕਿਆ ਗਿਆ ਅਤੇ ਮੰਗ ਕੀਤੀ ਗਈ ਕਿ ਮੇਅਰ ਚੋਣ ਵਿੱਚ ਲੋਕੰਤਤਰ ਦੀ ਹੱਤਿਆ ਕਰਨ ਵਾਲੇ ਬੀਜੇਪੀ ਦੇ ਨੌਮੀਨੇਟਿਡ ਕੌਂਸਲਰ ਅਤੇ ਪ੍ਰੀਜਾਇਡਿੰਗ ਅਫ਼ਸਰ ਅਨਿਲ ਮਸ਼ੀਹ, ਲੋਕ ਸਭਾ ਮੈਂਬਰ ਕਿਰਨ ਖੇਰ ਅਤੇ ਬੀਜੇਪੀ ਦੇ ਸਾਰੇ ਕੌਂਸਲਰਾਂ ਖਿਲਾਫ਼ ਤੁਰੰਤ ਕਾਰਵਾਈ ਕਰਕੇ ਸਲਾਖਾਂ ਦੇ ਪਿੱਛੇ ਭੇਜਿਆ ਜਾਵੇ।
ਇਸ ਮੌਕੇ ਉਤੇ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਅਤੇ ਕੋ–ਇੰਚਾਰਜ ਆਪ ਚੰਡੀਗੜ੍ਹ ਡਾ. ਐਸ.ਐਸ. ਆਹਲੂਵਾਲੀਆ, ਆਪ ਆਗੂ ਪ੍ਰੇਮ ਗਰਗ, ਵਿਜੇਪਾਲ, ਮੀਨਾ ਸ਼ਰਮਾਂ, ਆਭਾ ਬੰਸਲ, ਨਰੇਸ਼ ਗਰਗ, ਸੁਖਰਾਜ ਸੰਧੂ, ਗੁਰਮੇਲ ਸਿੰਘ ਸਿੱਧੂ, ਪੀਪੀ ਘਈ, ਕੌਂਸਲਰ ਪ੍ਰੇਮ ਲਤਾ, ਸੁਮਨ ਸ਼ਰਮਾਂ, ਜਸਵੀਰ ਸਿੰਘ ਲਾਡੀ, ਨੇਹਾ ਮੁਸਾਵਤ, ਮਨੋਵਰ, ਕੁਲਦੀਪ ਕੁਮਾਰ ਅਤੇ ਜਸਵਿੰਦਰ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਪ ਦੇ ਵਲੰਟੀਅਰਾਂ ਨੇ ਬੀਜੇਪੀ ਦੇ ਖਿਲਾਫ਼ ਜੰਮ ਕੇ ਪ੍ਰਦਰਸ਼ਨ ਕੀਤਾ।
ਇਸ ਮੌਕੇ ਉਤੇ ਬੋਲਦੇ ਹੋਏ ਡਾ. ਐਸ.ਐਸ. ਆਹਲੂਵਾਲੀਆ ਨੇ ਕਿਹਾ ਕਿ ਬੀਜੇਪੀ ਵਲੋਂ ਚੰਡੀਗੜ੍ਹ ਨਗਰ ਨਿਗਮ ਦੇ ਲਈ ਮੇਅਰ, ਸੀਨੀਅਰ ਡਿਪਟੀ ਮੇਅਰ, ਡਿਪਟੀ ਮੇਅਰ ਦੀ 30 ਜਨਵਰੀ ਨੂੰ ਚੋਣ ਵਾਲੇ ਦਿਨ ਅਨਿਲ ਮਸ਼ੀਹ, ਕਿਰਨ ਖੇਰ ਅਤੇ ਆਪਣੇ ਕੌਂਸਲਰਾਂ ਦੁਆਰਾ ਜੋ ਲੋਕਤੰਤਰ ਦੀ ਹੱਤਿਆ ਕੀਤੀ ਗਈ ਹੈ। ਉਸ ਦੇ ਦੋਸ਼ੀਆਂ ਨੂੰ ਸਜਾ ਦਵਾਉਣ ਦੇ ਲਈ ਪਿਛਲੇ 8 ਦਿਨਾਂ ਤੋਂ ਆਪ ਦੇ ਵਲੋਂ ਨਗਰ ਨਿਗਮ ਦੇ ਸਾਹਮਣੇ ਭੁੱਖ ਹੜਤਾਲ ਕੀਤੀ ਗਈ ਹੈ। ਅੱਜ ਪ੍ਰਸ਼ਾਸ਼ਨ ਦੀਆਂ ਅੱਖਾਂ ਖੋਲਣ ਦੇ ਲਈ ਲੋਕ ਸਭਾ ਮੈਂਬਰ ਕਿਰਨ ਖੇਰ ਦਾ ਪੁਤਲਾ ਫੂਕਿਆ ਗਿਆ ਹੈ ਤਾਂ ਜੋ ਇਨ੍ਹਾਂ ਖਿਲਾਫ਼ ਪ੍ਰਸ਼ਾਸ਼ਨ ਕੋਈ ਕਾਰਵਾਈ ਕਰ ਸਕੇ।
ਉਨ੍ਹਾਂ ਅੱਗੇ ਕਿਹਾ ਕਿ ਬੀਜੇਪੀ ਵਲੋਂ ਆਪ ਦੇ ਮੇਅਰ ਅਹੁਦੇ ਦੇ ਉਮੀਦਵਾਰ ਕੁਲਦੀਪ ਕੁਮਾਰ ਦੀਆਂ ਪੈਨੱ ਚਲਾ ਕੇ ਰੱਦ ਕੀਤੀਆਂ ਗਈਆਂ 8 ਵੋਟਾਂ ਦਾ ਇਕੱਲੇ ਚੰਡੀਗੜ੍ਹ ਵਿੱਚ ਹੀ ਨਹੀਂ ਬਲਕਿ ਪੂਰੇ ਦੇਸ਼ ਦੀ ਜਨਤਾ ਵਿੱਚ ਭਾਰੀ ਰੋਸ਼ ਹੈ। ਉਨ੍ਹਾਂ ਕਿਹਾ ਕਿ ਮਾਣਯੋਗ ਸੁਪਰੀਮ ਕੋਰਟ ਵਲੋਂ ਕੀਤੀਆਂ ਗਈਆਂ ਸਖਤ ਟਿੱਪਣੀਆਂ ਦਾ ਵੀ ਧੋਖਾਧੜੀ ਕਰਨ ਵਾਲੀ ਬੀਜੇਪੀ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਤੇ ਕੋਈ ਅਸਰ ਨਹੀਂ ਹੋਇਆ ਹੈ, ਜਿਸ ਕਾਰਨ ਹਾਲੇ ਤੱਕ ਕਿਸੇ ਵੀ ਦੋਸ਼ੀ ਦੇ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਹੁਣ ਆਮ ਆਦਮੀ ਪਾਰਟੀ ਵਲੋਂ ਪੂਰੇ ਚੰਡੀਗੜ੍ਹ ਦੇ ਹਰੇਕ ਵਾਰਡ ਵਿੱਚ ਜਾ ਕੇ ਲੋਕਾਂ ਨੂੰ ਬੀਜੇਪੀ ਦਾ ਅਸਲੀ ਚਿਹਰਾ ਦਿਖਾਇਆ ਜਾਵੇਗਾ। ਲੋਕਾਂ ਦੇ ਘਰ–ਘਰ ਜਾ ਕੇ ਧੋਖਾਧੜੀ ਕਰਨ ਵਾਲੀ ਬੀਜੇਪੀ ਦਾ ਸੱਚ ਉਨ੍ਹਾਂ ਨੂੰ ਦਿਖਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਬੀਜੇਪੀ ਦੀ ਧੋਖਾਧੜੀ ਵਾਲੀ ਰਾਜਨੀਤੀ ਤੋਂ ਹਰ ਵਰਗ ਪਰੇਸ਼ਾਨ ਹੈ। ਹੁਣ ਲੋਕ ਬੀਜੇਪੀ ਨੂੰ ਸੱਤਾ ਤੋਂ ਬਾਹਰ ਦਾ ਰਸਤਾ ਦਿਖਾਉਣ ਦੇ ਲਈ ਕਾਹਲੇ ਪਏ ਹੋਏ ਹਨ। ਸ਼ਹਿਰ ਵਾਸੀ ਲੋਕ ਸਭਾ ਚੋਣਾਂ ਦਾ ਬੇਸਬਰੀ ਨਾਲ ਇੰਤਜਾਰ ਕਰ ਰਹੇ ਹਨ ਤਾਂ ਜੋ ਕੈਮਰਿਆਂ ਦੇ ਸਾਹਮਣੇ ਲੋਕਤੰਤਰ ਦੀ ਹੱਤਿਆ ਕਰਨ ਵਾਲੀ ਬੀਜੇਪੀ ਤੋਂ ਛੁਟਕਾਰਾ ਪਾਇਆ ਜਾ ਸਕੇ।