ਡੇਅਰੀ ਵਿਕਾਸ ਵਿਭਾਗ ਪੰਜਾਬ ਅਤੇ ਪੰਜਾਬ ਡੇਅਰੀ ਵਿਕਾਸ ਬੋਰਡ ਵਲੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਰਾਸ਼ਟਰੀ ਲਾਈਵਸਟੋਕ ਮਿਸ਼ਨ ਅਧੀਨ ਜਿ਼ਲ੍ਹਾ ਪੱਧਰੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ , ਇਸ ਸੈਮੀਨਾਰ ਦੀ ਪ੍ਰਧਾਨਗੀ ਸ.ਗੁਰਮੀਤ ਸਿੰਘ ਖੁੱਡੀਆਂ ਖੇਤੀਬਾੜੀ ਅਤੇ ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਪੰਜਾਬ ਨੇ ਕੀਤੀ। ਇਸ ਮੌਕੇ ਤੇ ਸ: ਗੁੁਰਮੀਤ ਸਿੰਘ ਖੂੱਡੀਆਂ ਨੇ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਚਾਹੀਦਾ ਹੈ ਕਿ ਰਵਾਇਤੀ ਫਸਲਾਂ ਤੋਂ ਹਟ ਕੇ ਆਪਣੀ ਆਮਦਨ ਵਧਾਉਣ ਲਈ ਛੋਟੇ-ਛੋਟੇ ਸਹਾਇਕ ਧੰਦਿਆਂ ਨੂੰ ਜਰੂਰ ਅਪਨਾਉਣਾ ਚਾਹੀਦਾ ਹੈ ਤਾਂ ਜੋ ਆਪਣੀ ਰੋਜਾਨਾਂ ਦੀਆਂ ਲੋੜਾਂ ਨੂੰ ਪੂਰਾ ਕੀਤਾ ਜਾ ਸਕੇ।
ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਦੁੱਧਾਰੂ ਪਸ਼ੂਆਂ ਜਿਵੇਂ ਗਾਵਾਂ ਮੱਝਾਂ ਦੇ ਨਾਲ-ਨਾਲ ਬੱਕਰੀ ਪਾਲਣਾ, ਪੋਲਟਰੀ ਫਾਰਮ,ਸੂਰ ਪਾਲਣ, ਮੱਛੀ ਪਾਲਣ ਅਤੇ ਡੇਅਰੀ ਫਾਰਮ ਦੇ ਧੰਦਿਆਂ ਨੂੰ ਜਰੂਰ ਅਪਨਾਉਣ। ਉਹਨਾਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਸ.ਭਗਵੰਤ ਸਿੰਘ ਦੀ ਅਗਵਾਈ ਵਾਲੀ ਸਰਕਾਰ ਵਲੋਂ ਪਸ਼ੂਆਂ ਵਿੱਚ ਲੰਪੀ ਸਕਿਨ ਦੀ ਬਿਮਾਰੀ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਯਤਨ ਕੀਤੇ ਜਾ ਰਹੇ ਹਨ, ਇਸ ਤੋਂ ਇਲਾਵਾ ਪਸ਼ੂਆਂ ਵਿੱਚ ਮਲੰਪ ਦੇ ਖਾਤਮੇ ਲਈ ਸਰਕਾਰ ਵਲੋਂ ਮੁਫਤ ਗੋਲੀਆਂ ਵੀ ਪਸ਼ੂ ਪਾਲਕਾਂ ਨੂੰ ਮੁਹੱਈਆਂ ਕਰਵਾਈਆਂ ਜਾਣਗੀਆਂ।
ਉਹਨਾਂ ਅੱਗੇ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਇਸ ਨੂੰ ਪਸੂਆਂ ਦੇ ਥਲੇ ਵਿਛਾਉਣ ਨਾਲ ਪਸ਼ੂਆਂ ਨੂੰ ਠੰਡ ਲੱਗਣ ਤੋਂ ਬਚਾਇਆ ਜਾ ਸਕਦਾ ਹੈ ਅਤੇ ਵਰਤੋਂ ਕੀਤੀ ਗਈ ਇਸ ਪਰਾਲੀ ਨੂੰ ਖੇਤਾਂ ਵਿੱਚ ਖਾਦ ਦੇ ਤੌਰ ਤੇ ਵਰਤਿਆਂ ਜਾ ਸਕਦਾ ਹੈ। ਇਸ ਮੌਕੇ ਤੇ ਉਹਨਾਂ ਦੱਸਿਆ ਕਿ ਡੇਅਰੀ ਵਿਭਾਗ ਵਲੋਂ 7 ਹਜ਼ਾਰ ਚਾਹਵਾਨਾਂ ਨੂੰ ਡੇਅਰੀ ਦਾ ਕਿੱਤਾ ਅਪਣਾਉਣ ਲਈ ਟਰੇਨਿੰਗ ਦਿੱਤੀ ਗਈ ਹੈ ਅਤੇ ਆਉਣ ਵਾਲੇ ਵਿੱਤੀ ਵਰੇ੍ਹ ਦੌਰਾਨ ਤਕਰੀਬਨ 9 ਹਜ਼ਾਰ ਚਾਹਵਾਨਾਂ ਨੂੰ ਡੇਅਰੀ ਦੀ ਸਿਖਲਾਈ ਦੀ ਦਿੱਤੀ ਜਾਵੇਗੀ ਤਾਂ ਜੋ ਦੁੱਧ ਦੇ ਉਤਪਾਦਨ ਵਿੱਚ ਵਾਧਾ ਕੀਤਾ ਜਾਵੇ ਅਤੇ ਪੰਜਾਬ ਦੇ ਯੁਵਕਾਂ ਨੂੰ ਡੇਅਰੀ ਲਗਾਉਣ ਲਈ ਉਤਸਾਹਿਤ ਕੀਤਾ ਜਾਵੇਗਾ।
ਇਸ ਮੌਕੇ ਕੈਬਨਿਟ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਸੈਮੀਨਾਰ ਪੰਜਾਬ ਦੇ ਹਰ ਜਿਲ੍ਹੇ ਵਿੱਚ ਕੀਤੇ ਜਾਣਗੇ ਤਾ ਜੋ ਬੇਰੋਜਗਾਰ ਨੌਜਵਾਨਾ ਨੂੰ ਡੇਅਰੀ ਦਾ ਕਿੱਤਾ ਕਰਨ ਲਈ ਪ੍ਰੋਹਿਤਸਾਹੀ ਕੀਤਾ ਜਾ ਸਕੇ।ਇਸ ਤੋਂ ਇਲਾਵਾ 37 ਬਲਾਕ ਪੱਧਰ ਤੇ ਸੈਮੀਨਾਰਾਂ ਦਾ ਵੀ ਆਯੋਜਨ ਕੀਤਾ ਜਾਵੇਗਾ। ਡੇਅਰੀ ਵਿਕਾਸ ਵਿਭਾਗ ਦੇ ਡਾਇਰੈਕਟਰ ਸ਼੍ਰੀ ਕੁੁਲਦੀਪ ਸਿੰਘ ਜੱਸੋਵਾਲ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਆਪਣੇ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਸਹਾਇਕ ਧੰਦਿਆਂ ਸਬੰਧੀ ਜਾਣਕਾਰੀ ਦਿੱਤੀ।
ਕੈਬਨਿਟ ਮੰਤਰੀ ਨੇ ਡੇਅਰੀ ਅਤੇ ਖੇਤੀਬਾੜੀ ਦਾ ਕਿੱਤੇ ਵਿੱਚ ਵਧੀਆਂ ਕੰਮ ਕਰਨ ਵਾਲੇ ਕਿਸਾਨਾਂ, ਡੇਅਰੀ ਪਾਲਕਾਂ ਨੂੰ ਵਿਸੇਸ਼ ਤੌਰ ਤੇ ਸਨਮਾਨਿਤ ਕੀਤਾ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਜੁੁਆਇਟ ਡਾਇਰੈਕਟਰ (ਡੇਅਰੀ ) ਕਸ਼ਮੀਰ ਸਿੰਘ, ਡਿਪਟੀ ਡਾਇਰੈਕਟਰ ਰਣਦੀਪ ਹਾਂਡਾ ਅਤੇ ਨਿਰਵੈਰ ਸਿੰਘ, ਸ.ਗੁਰਪ੍ਰੀਤ ਸਿੰਘ ਮੁੱਖ ਖੇਤੀਬਾੜੀ ਅਫਸਰ, ਡਾ.ਗੁਰਦਿੱਤ ਸਿੰਘ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਅਤੇ ਪੱਤਵੰਤੇ ਵਿਅਕਤੀ ਮੌਜੂਦ ਸਨ।