ਵਿਧਾਨ ਸਭਾ ਹਲਕਾ ਡੇਰਾਬੱਸੀ ਤੋਂ ਆਜਾਦ ਚੋਣ ਲੜੇ ਕਾਂਗਰਸ ਪਾਰਟੀ ਦੇ ਬਾਗੀ ਨੇਤਾ ਸ੍ਰੀ ਦੀਪਇੰਦਰ ਸਿੰਘ ਢਿੱਲੋਂ ਨੂੰ ਮਨਾਉਣ ਲਈ ਕਾਂਗਰਸ ਪਾਰਟੀ ਨੇ ਆਪਣੇ ਯਤਨ ਤੇਜ ਕਰ ਦਿੱਤੇ ਹਨ। ਕੇਂਦਰੀ ਵਿਦੇਸ ਰਾਜ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਅੱਜ ਬਾਅਦ ਦੁਪਹਿਰ ਸੈਕਟਰ 9 ਵਿਚਲੀ ਸ੍ਰੀ ਦੀਪਇੰਦਰ ਸਿੰਘ ਢਿਲੋਂ ਦੀ ਰਿਹਾਹਿਸ ਤੇ ਪਹੁੰਚੇ ਅਤੇ ਉਨ੍ਹਾਂ ਸ੍ਰੀ ਢਿੱਲੋਂ ਨਾਲ ਹਲਕੇ ਦੀ ਤਾਜਾ ਰਾਜਸੀ ਸਥਿਤੀ ਬਾਰੇ ਜਾਣਕਾਰੀ ਹਾਸਿਲ ਕੀਤੀ। ਮਹਾਰਾਣੀ ਪ੍ਰਨੀਤ ਕੌਰ ਨੇ ਇੱਕ ਵਾਰ ਫਿਰ ਹਲਕੇ ਦੇ ਸੀਨੀਅਰ ਕਾਂਗਰਸੀ ਲੀਡਰਾਂ ਨੂੰ ਨਜਰਅੰਦਾਜ ਕੀਤਾ ਹੈ। ਮਹਾਰਾਣੀ ਪ੍ਰਨੀਤ ਕੋਰ ਨੇ ਦੀਪਇੰਦਰ ਸਿੰਘ ਢਿੱਲੋਂ ਦੇ ਪਰਿਵਾਰ ਨਾਲ ਆਪਣੀ ਇਕ ਅਹਿਮ ਮੁਲਾਕਾਤ ਦੌਰਾਨ ਮੰਨਿਆ ਕਿ ਕਾਂਗਰਸ ਪਾਰਟੀ ਨੇ ਵਿਧਾਨ ਸਭਾ ਚੋਣਾਂ ਦੌਰਾਨ ਹਲਕਾ ਡੇਰਾਬੱਸੀ ਤੋਂ ਸ੍ਰੀ ਦੀਪਇੰਦਰ ਸਿੰਘ ਢਿੱਲੋਂ ਨੂੰ ਟਿਕਟ ਨਾ ਦੇ ਕੇ ਵੱਡੀ ਗਲਤੀ ਕੀਤੀ ਹੈ, ਜਿਸ ਦਾ ਸਰਮਨਾਕ ਨਤੀਜੇ ਪਾਰਟੀ ਨੂੰ ਭੁਗਤਣੇ ਪਏ ਹਨ। ਮਹਾਰਾਣੀ ਪ੍ਰਨੀਤ ਕੌਰ ਨੇ ਕਿਹਾ ਕਿ ਇਸ ਤੋਂ ਵੱਧ ਦੁੱਖ ਦੀ ਗੱਲ ਹੋਰ ਕੀ ਹੋ ਸਕਦੀ ਹੈ ਕਿ ਕਾਂਗਰਸ ਪਾਰਟੀ ਦੀ ਇਸ ਹਲਕੇ ਤੋਂ ਜਮਾਨਤ ਹੀ ਜਬਤ ਹੋ ਗਈ।
ਉਨ੍ਹਾਂ ਇਹ ਵੀ ਕਿਹਾ ਕਿ ਜੋ ਪਾਰਟੀ ਮੇਰੀ ਸਿਫਾਰਸ ਤੇ ਹਲਕੇ ਦੇ ਪਾਰਟੀ ਵਰਕਰਾਂ ਦੀਆਂ ਭਾਵਨਾਵਾਂ ਦਾ ਖਿਆਲ ਰੱਖ ਦੇ ਟਿਕਟ ਦਿੰਦੀ ਤਾਂ ਅੱਜ ਹਲਕਾ ਡੇਰਾਬੱਸੀ ਤੋਂ ਸ੍ਰੀ ਦੀਪਇੰਦਰ ਸਿੰਘ ਢਿੱਲੋਂ ਕਾਂਗਰਸ ਪਾਰਟੀ ਦੇ ਵਿਧਾਇਕ ਹੁੰਦੇ ਦੀਪਇੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਮੈ ਤੇ ਮੇਰੇ ਸਾਥੀਆਂ ਨੇ ਵੀਹ ਸਾਲ ਇਮਾਨਦਾਰੀ ਤੇ ਲਗਨ ਨਾਲ ਪਾਰਟੀ ਦੀ ਸੇਵਾ ਕੀਤੀ, ਪਰ ਪਾਰਟੀ ਨੇ ਸਾਡੇ ਨਾਲ ਇਨਸਾਫ ਨਹੀ ਕੀਤਾ ਉਨ੍ਹਾਂ ਕਿਹਾ ਕਿ ਅੱਜ ਮੈ ਰਾਜਸੀ ਤੌਰ ਜੋ ਕੁੱਝ ਵੀ ਹਾ ਆਪਣੇ ਉਨ੍ਹਾਂ ਬਹਾਦਰ ਸਾਥੀਆਂ ਦੀ ਬਦੌਲਤ ਹਾ ਜਿੰਨਾਂ ਨੇ ਵਿਧਾਨ ਸਭਾ ਚੋਣਾ ਦੌਰਾਨ ਹੱਕ ਸੱਚ ਦੀ ਲੜਾਈ ਵਿਚ ਮੇਰਾ ਸਾਥ ਦਿਤਾ ਤੇ ਮੇਰੇ ਤੇ ਵਿਸਵਾਸ ਕੀਤਾ ਉਨ੍ਹਾਂ ਕਿਹਾ ਕਿ ਅੱਜ ਮੇਰੇ ਰਾਜਸੀ ਭਵਿੱਖ ਦਾ ਫੈਸਲਾ ਵੀ ਮੈ ਤੇ ਮੇਰਾ ਪਰਵਾਰ ਨਹੀਂ ਸਗੋਂ ਹਲਕੇ ਦੇ ਉਹ ਲੋਕ ਕਰਨਗੇ ਜਿਹੜੇ ਔਖੇ ਸਮੇ ਮੇਰੇ ਨਾਲ ਖੜੇ। ਮਹਾਰਾਣੀ ਪ੍ਰਨੀਤ ਕੌਰ ਸ੍ਰੀ ਢਿੱਲੋਂ ਨਾਲ ਮੁਲਾਕਾਤ ਤੋਂ ਬਾਅਦ ਹੁਣ ਹਲਕੇ ਵਿਚਲੇ ਢਿੱਲੋਂ ਹਮਾਇਤੀਆਂ ਨੂੰ ਮਨਾਉਣ ਲਈ ਆਪਣੀ ਅਗਲੀ ਮੁਹਿੰਮ ਆਰੰਭਣਗੇ। ਦੇਖਣਾ ਇਹ ਹੋਵੇਗਾ ਕਿ ਜੇਕਰ ਢਿੱਲੋਂ ਕਾਂਗਰਸ ਵਿੱਚ ਸਾਮਿਲ ਹੁੰਦੇ ਹਨ ਤਾਂ ਜਸੀਜਤ ਸਿੰਘ ਰੰਧਾਵਾ ਸਮੇਤ ਸਥਾਨਕ ਕਾਂਗਰਸੀ ਆਗੂ ਆਗਾਮੀ ਲੋਕ ਸਭਾ ਚੋਣਾਂ ਦੌਰਾਨ ਕੀ ਫੈਸਲਾ ਲੈਣਗੇ।