ਫਾਜਿ਼ਲਕਾ ਵਿਖੇ ਜਿ਼ਲ੍ਹਾ ਪੱਧਰੀ ਆਜਾਦੀ ਦਿਵਸ ਸਮਾਗਮ ਦੌਰਾਨ ਜਿੱਥੇ ਦੇਸ਼ ਭਗਤੀ ਦੇ ਰੰਗ ਵੇਖਣ ਨੂੰ ਮਿਲੇ ਉਥੇ ਹੀ ਇਹ ਸਮਾਗਮ ਵਾਤਾਵਰਨ ਦੀ ਸੰਭਾਲ ਲਈ ਸੰਕਲਪ ਲੈਣ ਕਾਰਨ ਵੀ ਵਿਸੇਸ਼ ਹੋ ਨਿਬੜਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਪੰਜਾਬ ਦੇ ਸਥਾਨਕ ਸਰਕਾਰਾਂ ਅਤੇ ਸੰਸਦੀ ਕਾਰਜ ਵਿਭਾਗ ਦੇ ਕੈਬਨਿਟ ਮੰਤਰੀ ਸ: ਬਲਕਾਰ ਸਿੰਘ ਨੇ ਸਮੂਹ ਹਾਜਰੀਨ ਨੂੰ ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਪੌਦੇ ਭੇਂਟ ਕਰਦਿਆਂ ਸਭ ਨੂੰ ਵਾਤਾਵਰਨ ਦੀ ਸੰਭਾਲ, ਪੌਦੇ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ ਕਰਨ ਅਤੇ ਝੋਨੇ ਦੀ ਪਰਾਲੀ ਨਾ ਸਾੜਨ ਦਾ ਪ੍ਰਣ ਵੀ ਕਰਵਾਇਆ।
ਇਸ ਮੌਕੇ ਉਨ੍ਹਾਂ ਦੇ ਨਾਲ ਸਮੂਹ ਹਾਜਰੀਨ ਨੇ ਇਹ ਪ੍ਰਣ ਕੀਤਾ ਕਿ ਉਹ ਅੱਜ ਇੱਥੋਂ ਜ਼ੋ ਪੌਦੇ ਲੈਕੇ ਜਾਣਗੇ ਉਨ੍ਹਾਂ ਨੂੰ ਲਗਾਉਣਗੇ ਅਤੇ ਰੁੱਖ ਬਣਨ ਤੱਕ ਇੰਨ੍ਹਾਂ ਦੀ ਸੰਭਾਲ ਕਰਣਗੇ। ਇਸ ਤੋਂ ਬਿਨ੍ਹਾਂ ਵਿਦਿਆਰਥੀਆਂ ਨੇ ਪ੍ਰਣ ਕੀਤਾ ਕਿ ਉਹ ਆਪਣੇ ਮਾਪਿਆਂ ਅਤੇ ਆਸ ਪਾਸ ਦੇ ਹੋਰ ਕਿਸਾਨਾਂ ਨੂੰ ਪ੍ਰੇਰਿਤ ਕਰਣਗੇ ਕਿ ਝੋਨੇ ਦੀ ਪਰਾਲੀ ਨਾ ਸਾੜੀ ਜਾਵੇ ਸਗੋਂ ਪਰਾਲੀ ਦਾ ਉਚਿਤ ਪ੍ਰਬੰਧਨ ਕਰਕੇ ਇਸਦੇ ਨਿਪਟਾਰਾ ਕਰਣਗੇ।
ਇਸ ਮੌਕੇ ਖੇਤੀਬਾੜੀ ਵਿਭਾਗ ਵੱਲੋਂ ਵੀ ਪਰਾਲੀ ਪ੍ਰਬੰਧਨ ਵਾਲੀਆਂ ਮਸ਼ੀਨਾਂ ਦੀ ਝਾਂਕੀ ਕੱਢੀ ਗਈ। ਇਸ ਮੌਕੇ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਸ: ਬਲਕਾਰ ਸਿੰਘ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਪਰਾਲੀ ਪ੍ਰਬੰਧਨ ਵਾਲੀਆਂ ਮਸ਼ੀਨਾਂ ਤੇ ਵੱਡੀ ਮਾਤਰਾ ਵਿਚ ਸਬਸਿਡੀ ਦਿੱਤੀ ਜਾ ਰਹੀ ਹੈ।
ਉਨ੍ਹਾਂ ਨੇ ਅਪੀਲ ਕੀਤੀ ਕਿ ਕਿਸਾਨ ਸਰਕਾਰ ਦੀ ਸਬਸਿਡੀ ਸਕੀਮ ਦਾ ਲਾਭ ਲੈਕੇ ਮਸ਼ੀਨਾਂ ਲੈ ਸਕਦੇ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ ਸਾਡੀਆਂ ਆਊਣ ਵਾਲੀਆਂ ਪੀੜ੍ਹੀਆਂ ਲਈ ਵਾਤਾਵਰਨ ਬਚਾਉਣਾ ਸਾਡਾ ਮੁੱਢਲਾ ਫਰਜ ਹੈ ਇਸ ਲਈ ਸਾਨੂ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ ਅਤੇ ਪਰਾਲੀ ਸਾੜਨ ਵਰਗੀ ਪ੍ਰਥਾਂ ਬੰਦ ਕਰਨੀ ਚਾਹੀਦੀ ਹੈ।
ਇਸ ਮੌਕੇ ਫਾਜਿ਼ਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ, ਬੱਲੂਆਣਾ ਦੇ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ, ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ, ਸਪੈਸ਼ਲ ਡੀਜੀਪੀ ਸ੍ਰੀ ਜਤਿੰਦਰ ਜ਼ੈਨ, ਐਸਐਸਪੀ ਸ੍ਰੀ ਮਨਜੀਤ ਸਿੰਘ ਢੇਸੀ, ਏਡੀਸੀ ਸ੍ਰੀ ਅਮਿਤ ਪੰਚਾਲ ਤੇ ਅਵਨੀਤ ਕੌਰ, ਐਸਡੀਐਮ ਸ੍ਰੀ ਨਿਕਾਸ ਖੀਂਚੜ, ਸਹਾਇਕ ਕਮਿਸ਼ਨਰ ਜਨਰਲ ਸ੍ਰੀ ਸਾਰੰਗਪ੍ਰੀਤ ਸਿੰਘ ਆਦਿ ਵੀ ਹਾਜਰ ਸਨ।