ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵੱਲੋਂ ਪਹਿਲ ਸੁਸਾਇਟੀ ਦੇ ਸਹਿਯੋਗ ਨਾਲ ਹਰੇਕ ਸਬ ਡਵੀਜ਼ਨਲ ਹਸਪਤਾਲ ਵਿਖੇ ਕੰਟੀਨ ਖੋਲ੍ਹੀ ਜਾਵੇਗੀ ਤਾਂ ਜੋ ਮਰੀਜ਼ਾਂ ਦੇ ਇਲਾਜ ਲਈ ਹਸਪਤਾਲਾਂ ਵਿਖੇ ਜਾਣ ਵਾਲੇ ਲੋਕ ਵੀ ਵਾਜਬ ਦਰਾਂ ’ਤੇ ਕੰਟੀਨ ਦੀਆਂ ਸੇਵਾਵਾਂ ਪ੍ਰਾਪਤ ਕਰ ਸਕਣ। ਇਹ ਪ੍ਰਗਟਾਵਾ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੇ ਚੇਅਰਮੈਨ-ਕਮ-ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਸੁਸਾਇਟੀ ਦੀ ਪ੍ਰਗਤੀ ਦੀ ਸਮੀਖਿਆ ਕਰਨ ਲਈ ਸੱਦੀ ਸਲਾਨਾ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ।
ਸ਼੍ਰੀ ਜੋਰਵਾਲ ਨੇ ਕਿਹਾ ਕਿ ਇਹ ਕੰਟੀਨਾਂ ਪਿੰਡਾਂ ਵਿੱਚ ਕਾਰਜਸ਼ੀਲ ਸਵੈ ਸਹਾਇਤਾ ਸਮੂਹਾਂ ਦੀਆਂ ਔਰਤਾਂ ਚਲਾਉਣਗੀਆਂ ਤਾਂ ਜੋ ਮਹਿਲਾ ਸਸ਼ਕਤੀਕਰਨ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।ਡਿਪਟੀ ਕਮਿਸ਼ਨਰ ਨੇ ਸਿਵਲ ਹਸਪਤਾਲ ਸੰਗਰੂਰ ਵਿਖੇ ਚੱਲ ਰਹੇ ਜਨ ਔਸ਼ਧੀ ਕੇਂਦਰ ਨੂੰ ਹਸਪਤਾਲ ਵਿਖੇ ਹੀ ਰੈਡ ਕਰਾਸ ਦੇ ਪ੍ਰਬੰਧਾਂ ਹੇਠ ਕਿਸੇ ਢੁਕਵੀਂ ਥਾਂ ’ਤੇ ਚਲਾਉਣ ਲਈ ਦਿਸ਼ਾ ਨਿਰਦੇਸ਼ ਦਿੱਤੇ ਤਾਂ ਜੋ ਇਸ ਜਨ ਔਸ਼ਧੀ ਕੇਂਦਰ ਦਾ ਲਾਭ ਵੱਧ ਤੋਂ ਵੱਧ ਲੋੜਵੰਦ ਉਠਾ ਸਕਣ।
ਉਨ੍ਹਾਂ ਸੁਨਾਮ ਊਧਮ ਸਿੰਘ ਵਾਲਾ ਅਤੇ ਧੂਰੀ ਵਿਖੇ ਵੀ ਅਜਿਹੇ ਹੀ ਜਨ ਔਸ਼ਧੀ ਕੇਂਦਰ ਖੋਲ੍ਹਣ ਲਈ ਸਿਵਲ ਸਰਜਨ ਨੂੰ ਕਾਰਵਾਈ ਅਮਲ ਲਿਆਉਣ ਦੀ ਹਦਾਇਤ ਕੀਤੀ। ਚੇਅਰਮੈਨ ਨੇ ਸਕੱਤਰ ਆਰ.ਟੀ.ਏ ਨੂੰ ਹਦਾਇਤ ਕੀਤੀ ਕਿ ਰੈਡ ਕਰਾਸ ਸੁਸਾਇਟੀ ਰਾਹੀਂ ਡਰਾਇਵਿੰਗ ਸਿਖਲਾਈ ਸਕੂਲ ਦੀ ਸ਼ੁਰੂਆਤ ਕਰਨ ਦੀ ਯੋਜਨਾ ਪ੍ਰਗਤੀ ਅਧੀਨ ਹੈ ਜਿਸ ਨੂੰ ਨੇਪਰੇ ਚੜ੍ਹਾਉਣ ਲਈ ਢੁਕਵੇਂ ਕਦਮ ਪੁੱਟੇ ਜਾਣ।
ਮੀਟਿੰਗ ਦੌਰਾਨ ਉਨ੍ਹਾਂ ਨੇ ਧੂਰੀ ਬਲਾਕ ਤੇ ਸੰਗਰੂਰ ਬਲਾਕ ਵਿਖੇ ਟੀ.ਬੀ ਮਰੀਜ਼ਾਂ ਨੂੰ ਪੌਸ਼ਟਿਕ ਭੋਜਨ ਮੁਹੱਈਆ ਕਰਵਾਉਣ ਦੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਜ਼ਿਲ੍ਹੇ ਦੇ ਬਾਕੀ ਬਲਾਕਾਂ ਵਿਖੇ ਵੀ ਅਜਿਹੇ ਸਾਰਥਕ ਕਦਮ ਪੁੱਟਣ ਲਈ ਆਖਿਆ।ਸ਼੍ਰੀ ਜੋਰਵਾਲ ਨੇ ਸਿਵਲ ਹਸਪਤਾਲ ਸੰਗਰੂਰ ਵਿਖੇ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੀ ਤਰਫੋਂ ਫਿਜ਼ੀਓਥੈਰੇਪੀ ਸੈਂਟਰ ਸਥਾਪਤ ਕਰਨ ਸਮੇਤ ਸੁਸਾਇਟੀ ਦੇ ਪ੍ਰਬੰਧਾਂ ਹੇਠ ਕੀਤੇ ਜਾਣ ਵਾਲੇ ਹੋਰ ਕਾਰਜਾਂ ਬਾਰੇ ਵੀ ਵਿਸਥਾਰ ਵਿੱਚ ਸਮੀਖਿਆ ਕੀਤੀ।
ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਅਨਮੋਲ ਸਿੰਘ ਧਾਲੀਵਾਲ, ਐਸ.ਡੀ.ਐਮ ਨਵਰੀਤ ਕੌਰ ਸੇਖੋਂ, ਐਸ.ਡੀ.ਐਮ ਸੁਨਾਮ ਜਸਪ੍ਰੀਤ ਸਿੰਘ, ਐਸ.ਡੀ.ਐਮ ਦਿੜ੍ਹਬਾ ਰਾਜੇਸ਼ ਸ਼ਰਮਾ, ਐਸ.ਡੀ.ਐਮ ਧੂਰੀ ਅਮਿਤ ਗੁਪਤਾ, ਐਸ.ਡੀ.ਐਮ ਲਹਿਰਾ ਸੂਬਾ ਸਿੰਘ, ਸਹਾਇਕ ਕਮਿਸ਼ਨਰ (ਅੰਡਰ ਟਰੇਨਿੰਗ) ਨਿਤੇਸ਼ ਜੈਨ, ਸਕੱਤਰ ਆਰ.ਟੀ.ਏ ਵਨੀਤ ਕੁਮਾਰ, ਸਿਵਲ ਸਰਜਨ ਡਾ. ਪਰਮਿੰਦਰ ਕੌਰ, ਸਕੱਤਰ ਰੈਡ ਕਰਾਸ ਕੇ. ਕੇ ਮਿੱਤਲ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ਼ਵਿੰਦਰ ਸਿੰਘ ਸਮੇਤ ਹੋਰ ਅਧਿਕਾਰੀ ਤੇ ਮੈਂਬਰ ਰੈੱਡ ਕਰਾਸ ਵੀ ਹਾਜ਼ਰ ਸਨ।