ਪਿਛਲੇ ਇੱਕ ਵਰੇ ਦੌਰਾਨ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰਾਖੀ ਕਰਨ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਪੁਲਿਸ ਦੇ ਜਵਾਨਾਂ ਨੰੂ ਪੁਲਿਸ ਸ਼ਹੀਦੀ ਯਾਦਗਾਰ ਦਿਵਸ ਮੌਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਪੁਲਿਸ ਲਾਇਨ ਵਿਖੇ ਐਸ.ਐਸ.ਪੀ ਮਨਦੀਪ ਸਿੰਘ ਸਿੱਧੂ ਦੀ ਅਗਵਾਈ ਹੇਠ ਆਯੋਜਿਤ ਸ਼ਰਧਾਂਜਲੀ ਸਮਾਰੋਹ ਮੌਕੇ ਜ਼ਿਲਾ ਤੇ ਸੈਸ਼ਨ ਜੱਜ ਰਜਿੰਦਰ ਸਿੰਘ ਰਾਏ, ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਵਰਜੀਤ ਵਾਲੀਆ ਸਮੇਤ ਹੋਰ ਅਧਿਕਾਰੀਆਂ ਨੇ ਹਿੱਸਾ ਲਿਆ।
ਐਸ.ਐਸ.ਪੀ ਸ੍ਰੀ ਸਿੱਧੂ ਵੱਲੋਂ 21 ਅਕਤੂਬਰ ਦੇ ਦਿਹਾੜੇ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਉਨਾਂ ਕਿਹਾ ਕਿ ਯਾਦਗਾਰੀ ਦਿਵਸ ਦਾ ਇਤਿਹਾਸ 21 ਅਕਤੂਬਰ 1959 ਤੋਂ ਸ਼ੁਰੂ ਹੁੰਦਾ ਹੈ ਜਦੋਂ ਲੱਦਾਖ ਦੇ ਖੇਤਰ ਹਾਟ ਸਪਰਿੰਗ ਵਿਖੇ ਚੀਨ ਦੇ ਸੈਨਿਕਾਂ ਵੱਲੋਂ ਘਾਤ ਲਗਾ ਕੇ ਕੀਤੇ ਹਮਲੇ ਦਾ ਸਬ ਇੰਸਪੈਕਟਰ ਕਰਮ ਸਿੰਘ ਦੀ ਅਗਵਾਈ ਹੇਠਲੀ ਕੇਂਦਰੀ ਰਿਜ਼ਰਵ ਪੁਲਿਸ ਬਲ ਦੀ ਟੁਕੜੀ ਵੱਲੋਂ ਜ਼ੋਰਦਾਰ ਜਵਾਬ ਦਿੱਤਾ ਗਿਆ ਸੀ ਅਤੇ ਇਸ ਦੌਰਾਨ 10 ਜਵਾਨ ਸ਼ਹੀਦ ਹੋਏ ਸਨ।
ਉਨਾਂ ਕਿਹਾ ਕਿ 16 ਹਜ਼ਾਰ ਫੁੱਟ ਦੀ ਉਚਾਈ ’ਤੇ ਭਿਆਨਕ ਠੰਢ ਅਤੇ ਜਬਰਦਸਤ ਤੂਫ਼ਾਨ ਵਰਗੇ ਮੌਸਮ ਦਾ ਸਾਹਮਣਾ ਕਰਦਿਆਂ ਬਹਾਦਰੀ ਨਾਲ ਲੜਦਿਆਂ ਇਨਾਂ ਸੂਰਵੀਰਾਂ ਨੇ ਸ਼ਹਾਦਤਾਂ ਦਿੱਤੀਆਂ। ਐਸ.ਐਸ.ਪੀ ਨੇ ਕਿਹਾ ਕਿ ਦੇਸ਼ ਦੀ ਸੇਵਾ ਦੇ ਫਰਜ਼ ਨੂੰ ਨਿਭਾਉਂਦਿਆਂ ਸ਼ਹਾਦਤਾਂ ਦੇਣ ਵਾਲੇ ਪੰਜਾਬ ਪੁਲਿਸ ਤੇ ਅਰਧ ਸੈਨਿਕ ਬਲਾਂ ਦੇ ਅਧਿਕਾਰੀਆਂ ਤੇ ਜਵਾਨਾਂ ’ਤੇ ਸਮੁੱਚੇ ਦੇਸ਼ ਵਾਸੀਆਂ ਨੂੰ ਗੌਰਵ ਹੈ ਅਤੇ ਪੰਜਾਬ ਪੁਲਿਸ ਸ਼ਹੀਦਾਂ ਦੀ ਯਾਦ ਨੂੰ ਸਦੀਵੀ ਬਣਾਉਣ ਦੇ ਨਾਲ-ਨਾਲ ਸ਼ਹੀਦਾਂ ਦੇ ਪਰਿਵਾਰਾਂ ਦਾ ਹਰ ਦੁੱਖ-ਸੁੱਖ ਦੀ ਘੜੀ ਵਿੱਚ ਸਾਥ ਦੇਣ ਲਈ ਵਚਨਬੱਧ ਹੈ।
ਇਸ ਤੋਂ ਪਹਿਲਾਂ ਉੱਚ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਸ਼ਹੀਦੀ ਸਮਾਰਕ ’ਤੇ ਰੀਥਾਂ ਰੱਖ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਉੱਚ ਅਧਿਕਾਰੀਆਂ ਨੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਕੀਤਾ। ਸਮਾਰੋਹ ਦੌਰਾਨ ਉਨਾਂ ਨੇ ਸ਼ਹੀਦਾਂ ਦੇ ਪਰਿਵਾਰਾਂ ਦੀਆਂ ਮੁਸ਼ਕਿਲਾਂ ਦਾ ਜਾਇਜ਼ਾ ਲਿਆ ਅਤੇ ਸਬੰਧਤ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਢੁਕਵੇਂ ਹੱਲ ਲਈ ਠੋਸ ਕਦਮ ਪੁੱਟੇ ਜਾਣ।
ਉਨਾਂ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਸ਼ਹੀਦਾਂ ਦੇ ਪਰਿਵਾਰ ਸਾਡਾ ਅਹਿਮ ਹਿੱਸਾ ਹਨ ਅਤੇ ਪੁਲਿਸ ਵਿਭਾਗ ਸ਼ਹੀਦਾਂ ਦੇ ਪਰਿਵਾਰਾਂ ਦੀ ਦੇਖਭਾਲ ਅਤੇ ਮਦਦ ਕਰਨ ਲਈ ਪੂਰੀ ਤਰਾਂ ਵਚਨਬੱਧ ਹੈ।ਸਮਾਰੋਹ ਦੌਰਾਨ ਕਪਤਾਨ ਪੁਲਿਸ (ਸਥਾਨਕ) ਜਸਬੀਰ ਸਿੰਘ ਨੇ ਪਿਛਲੇ ਇੱਕ ਵਰੇ ਦੌਰਾਨ ਦੇਸ਼ ਦੀ ਆਨ ਤੇ ਸ਼ਾਨ ਨੂੰ ਕਾਇਮ ਰੱਖਣ ਲਈ ਸ਼ਹਾਦਤਾਂ ਦੇਣ ਵਾਲੇ ਪੰਜਾਬ ਪੁਲਿਸ ਅਤੇ ਅਰਧ ਸੈਨਿਕ ਬਲਾਂ ਦੇ ਅਧਿਕਾਰੀਆਂ ਅਤੇ ਜਵਾਨਾਂ ਦੇ ਨਾਂ ਪੜ ਕੇ ਸੁਣਾਏ ਅਤੇ ਸ਼ਰਧਾਂਜਲੀ ਭੇਟ ਕੀਤੀ।
ਇਸ ਤੋਂ ਪਹਿਲਾਂ ਪਰੇਡ ਕਮਾਂਡਰ ਡੀ.ਐਸ.ਪੀ ਹੈਡਕੁਆਟਰ ਰੁਪਿੰਦਰ ਕੌਰ ਦੀ ਅਗਵਾਈ ਹੇਠ ਪੁਲਿਸ ਟੁਕੜੀ ਵੱਲੋਂ ਸ਼ੋਕ ਪਰੇਡ ਕੀਤੀ ਗਈ ਅਤੇ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਸਮੇਂ ਐਸੱ ਪੀ ਪਲਵਿੰਦਰ ਸਿੰਘ ਤੇ ਮਨਪ੍ਰੀਤ ਸਿੰਘ ਵੀ ਹਾਜ਼ਰ ਸਨ।ਅਖੀਰ ਵਿੱਚ ਪੁਲਿਸ ਲਾਈਨ ਵਿੱਚ ਸਥਿਤ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ।