ਦੇਸ਼ ਦੇ ਨੌਜਵਾਨਾਂ ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ 'ਸੁਧਾਰ, ਪ੍ਰਦਰਸ਼ਨ ਅਤੇ ਪਰਿਵਰਤਨ' ਦੇ ਮੰਤਰ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਆਪਣੇ ਉੱਜਵਲ ਭਵਿੱਖ ਅਤੇ ਇੱਕ ਨਵੇਂ, ਖੁਸ਼ਹਾਲ ਭਾਰਤ ਦੇ ਨਿਰਮਾਣ ਲਈ ਸਰਗਰਮੀ ਨਾਲ ਕੰਮ ਕਰਨਾ ਚਾਹੀਦਾ ਹੈ। ਇਹ ਸ਼ਬਦ ਉੱਤਰ ਪ੍ਰਦੇਸ਼ ਦੀ ਮਾਨਯੋਗ ਰਾਜਪਾਲ ਸ਼੍ਰੀਮਤੀ ਆਨੰਦੀਬੇਨ ਪਟੇਲ ਨੇ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਕੈਂਪਸ ਵਿਖੇ ਆਯੋਜਿਤ ਸਾਲਾਨਾ ਕਨਵੋਕੇਸ਼ਨ-2022 ਦੌਰਾਨ ਕਹੇ। ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਕਿਸੇ ਵੀ ਦੇਸ਼ ਦੀ ਗੁਣਵੱਤਾਪੂਰਨ ਸਿੱਖਿਆ ਅਤੇ ਨੌਜਵਾਨੀ ਦਾ ਹੁਨਰ, ਉਸ ਦੇ ਭਵਿੱਖ ਦੀ ਦਿਸ਼ਾ ਨਿਰਧਾਰਤ ਕਰਦੀ ਹੈ।
ਸ਼੍ਰੀਮਤੀ ਪਟੇਲ ਨੇ ਪਾਸ ਆਊਟ ਹੋਣ ਵਾਲੇ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਕਿ ਉਹ ਆਪਣੀ ਸਿੱਖਿਆ ਅਤੇ ਆਪਣੇ ਸਾਹਮਣੇ ਨਵੇਂ ਅਤੇ ਉੱਜਵਲ ਭਵਿੱਖ ਦਾ ਵੱਧ ਤੋਂ ਵੱਧ ਲਾਭ ਉਠਾਉਣ।ਕਨਵੋਕੇਸ਼ਨ ਦੌਰਾਨ ਮੈਨੇਜਮੈਂਟ ਅਤੇ ਲਾਅ ਖੇਤਰ 'ਚ ਬੈਚ-2021 ਦੇ 5 ਕੋਰਸਾਂ ਦੇ ਕੁੱਲ 877 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ ਜਦਕਿ ਯੂਨੀਵਰਸਿਟੀ ਦੇ 11 ਸਕਾਲਰਾਂ ਨੂੰ ਪੀ.ਐਚ.ਡੀ ਦੀਆਂ ਡਿਗਰੀਆਂ ਦੇ ਕੇ ਸਨਮਾਨਿਤ ਕੀਤਾ ਗਿਆ।
ਡਿਗਰੀ ਵੰਡ ਸਮਾਗਮ ਦੌਰਾਨ ਸ੍ਰੀਮਤੀ ਆਨੰਦੀਬੇਨ ਪਟੇਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਅਤੇ 'ਵਰਸਿਟੀ ਦੀ ਸੀਨੀਅਰ ਵਾਈਸ ਪ੍ਰੈਜੀਡੈਂਟ ਪ੍ਰੋ. ਹਿਮਾਨੀ ਸੂਦ ਵੀ ਉਚੇਚੇ ਤੌਰ 'ਤੇ ਹਾਜ਼ਰ ਸਨ।ਕਨਵੋਕੇਸ਼ਨ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸ੍ਰੀਮਤੀ ਪਟੇਲ ਨੇ ਕਿਹਾ ਕਿ ਹਰ ਅਕਾਦਮਿਕ ਸਾਲ ਅਤੇ ਸਾਲਾਨਾ ਕਨਵੋਕੇਸ਼ਨ ਆਪਣੇ ਨਾਲ ਨਵੀਆਂ ਚੁਣੌਤੀਆਂ ਅਤੇ ਨਵੇਂ ਮੌਕੇ ਲੈ ਕੇ ਆਉਂਦਾ ਹੈ।
ਪਾਸ ਆਊਟ ਹੋਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਉਹ 'ਨਵੇਂ ਸਮਾਜ ਅਤੇ ਨਵੇਂ ਭਾਰਤ' ਦੇ ਨਿਰਮਾਣ ਵਿੱਚ ਆਪਣਾ ਯੋਗਦਾਨ ਪਾਉਣਗੇ। ਉਨ੍ਹਾਂ ਕਿਹਾ ਕਿ ਜਿਵੇਂ ਕਿ ਅਸੀਂ ਗਿਆਨ ਦੀ ਮਹਾਂਸ਼ਕਤੀ ਬਣਨ ਲਈ ਅੱਗੇ ਵਧਦੇ ਹਾਂ, ਇਸ ਦੇਸ਼ ਦੇ ਨੌਜਵਾਨਾਂ ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸੁਧਾਰ, ਪ੍ਰਦਰਸ਼ਨ ਅਤੇ ਪਰਿਵਰਤਨ (ਰਿਫਾਰਮ, ਪਰਫਾਰਮ ਅਤੇ ਟ੍ਰਾਂਸਫਾਰਮ) ਦੇ ਮੰਤਰ ਦੀ ਪਾਲਣਾ ਕਰਨੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਸਰਗਰਮੀ ਨਾਲ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉੱਜਵਲ ਭਵਿੱਖ ਅਤੇ ਇੱਕ ਨਵੇਂ, ਖੁਸ਼ਹਾਲ ਭਾਰਤ ਦੇ ਨਿਰਮਾਣ ਲਈ ਉਹ ਆਪਣੇ ਆਪ ਨੂੰ ਸਮਰਪਿਤ ਕਰਨ, ਜੋ ਸਾਰੇ ਖੇਤਰਾਂ ਵਿੱਚ ਵਿਸ਼ਵ ਦੀ ਅਗਵਾਈ ਕਰੇਗਾ।ਇਹ ਦੱਸਦੇ ਹੋਏ ਕਿ ਕਿਸੇ ਵੀ ਰਾਸ਼ਟਰ ਜਾਂ ਸੱਭਿਅਤਾ ਦੇ ਵਿਕਾਸ ਦਾ ਫੈਸਲਾ ਉਸ ਦੀਆਂ ਵਿਦਿਅਕ ਸੰਸਥਾਵਾਂ ਦੁਆਰਾ ਕੀਤਾ ਜਾਂਦਾ ਹੈ, ਸ਼੍ਰੀਮਤੀ ਪਟੇਲ ਨੇ ਕਿਹਾ ਕਿ ਯੂਨੀਵਰਸਿਟੀਆਂ, ਖਾਸ ਤੌਰ 'ਤੇ, ਕਿਸੇ ਰਾਸ਼ਟਰ ਦੀ ਆਤਮਾ ਵਜੋਂ ਕੰਮ ਕਰਦੀਆਂ ਹਨ ਅਤੇ ਦੇਸ਼ ਦੇ ਪ੍ਰਗਤੀਸ਼ੀਲ, ਅੰਤਰਮੁਖੀ ਅਤੇ ਵਿਸ਼ਵ ਦ੍ਰਿਸ਼ਟੀਕੋਣ ਨੂੰ ਦਰਸਾਉਂਦੀਆਂ ਹਨ।
ਸਾਨੂੰ ਇਹ ਯਕੀਨੀ ਬਣਾਉਣ ਦੀ ਜ਼ਰੂਰਤ ਹੈ ਕਿ ਹਰ ਯੂਨੀਵਰਸਿਟੀ ਸਿੱਖਿਆ, ਖੋਜ, ਸਮਰੱਥਾ ਨਿਰਮਾਣ ਆਦਿ ਵਰਗੇ ਮਾਪਦੰਡਾਂ 'ਤੇ ਵਧੀਆ ਪ੍ਰਦਰਸ਼ਨ ਕਰੇ, ਤਾਂ ਜੋ ਭਾਰਤ ਵਿਸ਼ਵ ਪੱਧਰ 'ਤੇ ਹੋਰ ਅੱਗੇ ਵਧੇ।ਵਿਅਕਤੀਗਤ ਰਵੱਈਏ, ਸਮਾਜਿਕ ਸੰਤੁਲਨ ਅਤੇ ਰਾਸ਼ਟਰ ਵਿਕਾਸ 'ਤੇ ਸਿੱਖਿਆ ਦੇ ਸਕਾਰਾਤਮਕ ਪ੍ਰਭਾਵਾਂ ਬਾਰੇ ਗੱਲ ਕਰਦਿਆਂ ਸ਼੍ਰੀਮਤੀ ਪਟੇਲ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ-2020 ਨੇ ਮਾਤ ਭਾਸ਼ਾ ਵਿੱਚ ਸਿੱਖਿਆ 'ਤੇ ਵਿਸ਼ੇਸ਼ ਧਿਆਨ ਦੇ ਕੇ ਖੁਸ਼ਹਾਲ ਭਾਰਤੀ ਸਿੱਖਿਆ ਪ੍ਰਣਾਲੀ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਹੈ।
ਸ਼੍ਰੀਮਤੀ ਪਟੇਲ ਨੇ ਨੌਜਵਾਨਾਂ ਨੂੰ ਸਾਧਾਰਨ ਤੋਂ ਸੰਤੁਸ਼ਟ ਨਾ ਹੋਣ ਦੀ ਚੇਤਾਵਨੀ ਦਿੱਤੀ ਅਤੇ ਉਨ੍ਹਾਂ ਨੂੰ ਸਿਖਰ 'ਤੇ ਪਹੁੰਚਣ ਤੱਕ ਆਪਣੀ ਮਿਹਨਤ ਜਾਰੀ ਰੱਖਣ ਦੀ ਤਾਕੀਦ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਹਰਿਆਣਾ ਦੋਵਾਂ ਦੀ ਰਾਜਧਾਨੀ ਹੋਣ ਦੇ ਨਾਤੇ ਚੰਡੀਗੜ੍ਹ 'ਤੇ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੀ ਵੱਡੀ ਜ਼ੁੰਮੇਵਾਰੀ ਹੈ ਅਤੇ ਖੁਸ਼ੀ ਪ੍ਰਗਟ ਕੀਤੀ ਕਿ ਚੰਡੀਗੜ੍ਹ ਯੂਨੀਵਰਸਿਟੀ ਇਸ ਜ਼ੁੰਮੇਵਾਰੀ ਨੂੰ ਬਾਖੂਬੀ ਨਿਭਾ ਰਹੀ ਹੈ।
ਇਸ ਤੋਂ ਪਹਿਲਾਂ ਸ੍ਰੀਮਤੀ ਪਟੇਲ ਨੇ 5 ਵੱਖ-ਵੱਖ ਗ੍ਰੈਜੂਏਟ ਕੋਰਸਾਂ (ਬੈਚ-2021) ਦੇ 877 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ। ਵੱਖ-ਵੱਖ ਕੋਰਸਾਂ ਵਿੱਚ ਟਾੱਪ ਕਰਨ ਵਾਲੇ 5 ਹੋਣਹਾਰ ਵਿਦਿਆਰਥੀਆਂ ਦਾ ਸੋਨ ਤਮਗ਼ਿਆਂ ਨਾਲ ਸਨਮਾਨ ਕੀਤਾ ਗਿਆ, ਜਿਸ 'ਚ ਬੈਚਲਰ ਆਫ ਬਿਜ਼ਨਸ ਐਡਮਨਿਸਟ੍ਰੇਸ਼ਨ (ਬੀ.ਬੀ.ਏ.) ਤੋਂ ਅਜੇਸ਼ ਪਾਲ ਸਿੰਘ, ਬੈਚਲਰ ਆਫ ਲਾਅ (ਐੱਲ.ਐੱਲ.ਬੀ.) ਤੋਂ ਪ੍ਰਿਅੰਕਾ ਯਾਦਵ, ਬੀ.ਏ.-ਐੱਲ.ਐੱਲ.ਬੀ. ਏਕੀਕ੍ਰਿਤ ਕੋਰਸ ਤੋਂ ਈਸ਼ਾ ਮਾਥੁਰ, ਬੀ.ਕਾਮ ਤੋਂ ਆਈਨਾ ਵਾਲੀਆ, ਐਲ.ਐਲ.ਬੀ. ਏਕੀਕ੍ਰਿਤ ਅਤੇ ਬੀ.ਬੀ.ਏ.-ਐਲ.ਐਲ.ਬੀ. ਏਕੀਕ੍ਰਿਤ ਕੋਰਸ ਵਿੱਚੋਂ ਰੁਪੋਨੀਤਾ ਨਾਗ ਦਾ ਨਾਮ ਸ਼ਾਮਲ ਹੈ।
ਬੈਚਲਰ ਆਫ਼ ਬਿਜ਼ਨਸ ਐਡਮਿਨਿਸਟ੍ਰੇਸ਼ਨ (ਬੀ.ਬੀ.ਏ) ਦੇ 474, ਬੈਚਲਰ ਆਫ਼ ਲਾਅ (ਐਲ.ਐਲ.ਬੀ) ਦੇ 75, ਬੀ.ਏ-ਐਲ.ਐਲ.ਬੀ ਇੰਟੀਗ੍ਰੇਟਿਡ ਕੋਰਸ ਦੇ 176, ਬੀ.ਕਾਮ-ਐਲ.ਐਲ.ਬੀ ਇੰਟੀਗ੍ਰੇਟਿਡ ਕੋਰਸ ਦੇ 74 ਅਤੇ ਬੀ.ਬੀ.ਏ -ਐਲ.ਐਲ.ਬੀ ਇੰਟੀਗ੍ਰੇਟਿਡ ਕੋਰਸ ਦੇ 78 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ।ਇਸ ਮੌਕੇ ਬੋਲਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਪਾਸ ਆਊਟ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ।
ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਉਨ੍ਹਾਂ ਕਿਹਾ ਕਿ ਕਰੀਅਰ ਦੇ ਸਫ਼ਰ ਵਿੱਚ ਆਪਣੇ ਮਾਤਾ-ਪਿਤਾ ਬਾਰੇ ਜ਼ਰੂਰ ਸੋਚੋ ਅਤੇ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੋ।ਉਨ੍ਹਾਂ ਕਿਹਾ ਕਿ ਕਿਸੇ ਵੀ ਦੇਸ਼ ਦੀ ਤਰੱਕੀ ਉੱਥੋਂ ਦੇ ਹੁਨਰਵੰਦ ਵਿਦਿਆਰਥੀਆਂ 'ਤੇ ਨਿਰਭਰ ਕਰਦੀ ਹੈ ਅਤੇ ਵਿਦਿਅਕ ਸੰਸਥਾਵਾਂ ਆਪਣੇ ਉੱਚ ਪੱਧਰੀ ਵਿਦਿਅਕ ਮਾਡਲ, ਖੋਜ, ਪਲੇਸਮੈਂਟਾਂ ਅਤੇ ਸਮਾਜਕ ਕਾਰਜਾਂ ਰਾਹੀਂ ਰਾਸ਼ਟਰ ਦੀ ਤਰੱਕੀ 'ਚ ਅਹਿਮ ਭੂਮਿਕਾ ਅਦਾ ਕਰਦੀਆਂ ਹਨ।
ਉਨ੍ਹਾਂ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਜਿੱਥੇ ਵਿਦਿਆਰਥੀਆਂ ਨੂੰ ਉਚ ਦਰਜੇ ਦੀ ਸਿੱਖਿਆ ਮੁਹੱਈਆ ਕਰਵਾ ਰਹੀ ਹੈ ਉਥੇ ਹੀ ਖੋਜ, ਕਾਰਜਾਂ, ਅੰਤਰਰਾਸ਼ਟਰੀ ਗਠਜੋੜਾਂ, ਪਲੇਸਮੈਂਟਾਂ ਰਾਹੀਂ ਵਿਦਿਆਰਥੀਆਂ ਨੂੰ ਹਰ ਸਹੂਲਤ ਦੇਣ ਲਈ ਵਚਨਬੱਧਤਾ ਦੁਹਰਾਉਂਦੀ ਹੈ।