ਸਥਾਨਕ ਸੋਹਾਣਾ ਹਸਪਤਾਲ ਦੇ ਚੀਫ਼ ਰਿਫੈਰਕੈਟਿਕਵ ਸਰਜਨ ਡਾਕਟਰ ਅਮਰਪ੍ਰੀਤ ਕੌਰ ਨੇ ਕਿਹਾ ਕਿ ਅਤਿ ਆਧੁਨਿਕ ਕੌਂਟੌਰਾ ਵਿਜ਼ਿਨ ਲੇਸਿਕ ਸਰਜਰੀ ਅਜਿਹੀ ਵਿਧੀ ਹੈ ਜਿਸ ਸਦਕਾ 10 ਮਿੰਟ ਵਿੱਚ ਹੀ ਐਨਕ ਦੇ ਝੰਝਟ ਤੋਂ ਛੁਟਕਾਰਾ ਮਿਲ ਸਕਦਾ ਹੈ। ਉਨਾਂ ਕਿਹਾ ਕਿ 400 ਬੈਡ ਵਾਲੇ ਇਸ ਹਸਪਤਾਲ ਦੇ ਐਡਵਾਂਸ ਆਈ ਕੇਅਰ ਸੈਂਟਰ ਵਿੱਚ ਇਸ ਵਿਧੀ ਦਾ ਅੱਜ ਸ਼੍ਰੀ ਗੁਰੂ ਹਰਕਿ੍ਰਸ਼ਨ ਸਾਹਿਬ ਆਈ ਹਸਪਤਾਲ ਟਰੱਸਟ ਦੇ ਚੇਅਰਮੈਨ ਭਾਈ ਦਵਿੰਦਰ ਸਿੰਘ ਨੇ ਇੱਕ ਸਾਦਾ ਸਮਾਗਮ ਦੌਰਾਨ ਕੀਤਾ। ਉਨਾਂ ਕਿਹਾ ਕਿ ਈਐਕਸ 500 ਨਾਮਕ ਇਹ ਅਤਿ ਆਧੁਨਿਕ ਲੇਸਿਕ ਸਰਜਰੀ ਬਹੁਤ ਹੀ ਅਸਾਨ ਵਿਧੀ ਹੈ। ਜਿਸ ਰਾਹੀਂ ਅੱਖਾਂ ਪ੍ਰਤੀ ਸੈਕਿੰਡ 500 ਗੁਣਾਂ ਵਧੀਆ ਕੰਮ ਕਰਨਾ ਸ਼ੁਰੂ ਕਰ ਦਿੰਦੀਆਂ ਹਨ। ਉਨਾਂ ਕਿਹਾ ਕਿ ਸੋਹਾਣਾ ਹਸਪਤਾਲ ਮੋਹਾਲੀ ਅਜਿਹਾ ਪਹਿਲਾ ਹਸਪਤਾਲ ਬਣ ਗਿਆ ਹੈ ਜਿੱਥੇ ਇਹ ਸਹੂਲਤ ਮੁਹੱਈਆ ਹੋਵੇਗੀ। ਉਨਾਂ ਕਿਹਾ ਕਿ ਇਸ ਦੇ ਕਲੀਨਿਕਲ ਟਰਾਇਲ ਬਹੁਤ ਹੀ ਸਫ਼ਲ ਸਾਬਿਤ ਹੋਏ ਹਨ, ਜਿਸ ਰਾਹੀਂ ਆਪ੍ਰੇਸ਼ਨ ਦੇ ਕੁੱਝ ਪਲਾਂ ਬਾਅਦ ਹੀ ਬੇਹਤਰ ਤਰੀਕੇ ਦੀ ਨਜ਼ਰ ਮੁੜ ਤੋਂ ਆ ਜਾਂਦੀ ਹੈ।
ਉਨਾਂ ਕਿਹਾ ਕਿ ਇਸ ਵਿਧੀ ਰਾਹੀਂ ਕੋਰੋਨਾ, ਪਲਕਾਂ ਦਾ ਫਰਕਣਾ, ਅੱਖਾਂ ਦੇ ਝਪਕਣ ਵਿੱਚ ਸੌਖ ਆ ਜਾਣਾ ਸ਼ਾਮਿਲ ਹੈ ਜਿਸ ਰਾਹੀਂ ਨਾ ਸਿਰਫ਼ ਡਾਕਟਰਾਂ ਨੂੰ ਸਹੂਲਤ ਮਿਲਦੀ ਹੈ ਬਲਕਿ ਮਰੀਜ਼ ਵੀ ਲੰਬੇ ਸਮੇਂ ਤੱਕ ਰਾਹਤ ਹਾਸਿਲ ਕਰਦੇ ਹਨ। ਉਨਾਂ ਕਿਹਾ ਕਿ ਇਸ ਵਿਧੀ ਤੋਂ ਇਲਾਵਾ ਇਸ ਹਸਪਤਾਲ ਵਿੱਚ ਹੋਰ ਵੀ ਵਿਸ਼ਵ ਪ੍ਰਸਿੱਧ ਤਕਨੀਕਾਂ ਉਪਲਬਧ ਹਨ ਜਿੰਨਾਂ ਸਦਕਾ ਅੱਖਾਂ ਦੇ ਬੇਹਤਰ ਇਲਾਜ਼ ਹੋ ਸਕਦੇ ਹਨ। ਉਨਾਂ ਕਿਹਾ ਕਿ ਇਨਸਾਨੀ ਸਿਹਤ ਲਈ ਅੱਖਾਂ ਦੀ ਰੋਸ਼ਨੀ ਦਾ ਬਹੁਤ ਮਹੱਤਵ ਹੈ। ਜਿਸ ਤੋਂ ਬਿਨਾਂ ਇਨਸਾਨੀ ਜਿੰਦਗੀ ਵਿੱਚ ਹਨੇਰਾ ਛਾ ਜਾਂਦਾ ਹੈ। ਉਨਾਂ ਸਮੂਹ ਲੋਕਾਂ ਨੂੰ ਇਸ ਅਤਿ ਆਧੁਨਿਕ ਸਹੂਲਤ ਦਾ ਲਾਭ ਲੈਣ ਦੀ ਅਪੀਲ ਕਰਦਿਆਂ ਭਰੋਸਾ ਦਿਵਾਇਆ ਕਿ ਇਹ ਸੰਸਥਾ ਲੋਕਾਂ ਨੂੰ ਬੇਹਤਰ ਤਕਨੀਕਾਂ ਰਾਹੀਂ ਇਲਾਜ਼ ਦੀ ਸਹੂਲਤ ਮੁਹੱਈਆ ਕਰਵਾਉਂਦੀ ਰਹੇਗੀ।