ਪਟਿਆਲਾ ਡਵੀਜ਼ਨ ਦੇ ਕਮਿਸ਼ਨਰ ਸ੍ਰੀ ਚੰਦਰ ਗੈਂਦ ਨੇ ਡਿਪਟੀ ਕਮਿਸ਼ਨਰ ਫ਼ਤਹਿਗੜ੍ਹ ਸਾਹਿਬ ਦੇ ਦਫ਼ਤਰ ਦਾ ਨਿਰੀਖਣ ਕੀਤਾ। ਸ੍ਰੀ ਗੈਂਦ ਨੇ ਹਦਾਇਤ ਕੀਤੀ ਕਿ ਡਿਪਟੀ ਕਮਿਸ਼ਨਰ ਦਫ਼ਤਰ ਦੀਆਂ ਵੱਖ-ਵੱਖ ਬ੍ਰਾਂਚਾਂ ਵਿੱਚ ਲੰਬਿਤ ਮਾਮਲਿਆਂ ਤੇ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਡਿਪਟੀ ਕਮਿਸ਼ਨਰ, ਵਧੀਕ ਡਿਪਟੀ ਕਮਿਸ਼ਨਰ, ਜ਼ਿਲ੍ਹਾ ਮਾਲ ਅਫ਼ਸਰ ਸਮੇਤ ਹੋਰ ਅਧਿਕਾਰੀਆਂ ਦੀਆਂ ਅਦਾਲਤਾਂ 'ਚ ਲੰਬਿਤ ਕੇਸ ਦੇ ਨਿਬੇੜੇ ਵੀ ਪਹਿਲ ਦੇ ਅਧਾਰ 'ਤੇ ਕਰਨੇ ਯਕੀਨੀ ਬਣਾਏ ਜਾਣ।ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਨਿਰੀਖਣ ਦੌਰਾਨ ਪਾਇਆ ਕਿ ਡਿਪਟੀ ਕਮਿਸ਼ਨਰ, ਆਪਣਾ ਦਫ਼ਤਰ ਵਧੀਆ ਢੰਗ ਨਾਲ ਚਲਾ ਰਹੇ ਹਨ, ਜਿਸ ਸਬੰਧੀ ਉਹਨਾਂ ਤਸੱਲੀ ਪ੍ਰਗਟਾਈ।ਸ੍ਰੀ ਚੰਦਰ ਗੈਂਦ ਨੇ ਦੱਸਿਆ ਕਿ ਉਹ ਆਪਣੀ ਡਵੀਜ਼ਨ ਦੇ ਹਰੇਕ ਜ਼ਿਲ੍ਹੇ 'ਚ ਡਿਪਟੀ ਕਮਿਸ਼ਨਰ ਦਫ਼ਤਰ ਦਾ ਨਿਰੀਖਣ ਕਰ ਰਹੇ ਹਨ ਕਿਉਂਕਿ ਇਹ ਉਨ੍ਹਾਂ ਦੇ ਦਫ਼ਤਰ ਦੀ ਇੱਕ ਸਾਲਾਨਾ ਅਤੇ ਲਾਜਮੀ ਪ੍ਰਕ੍ਰਿਆ ਹੈ।
ਸ੍ਰੀ ਗੈਂਦ ਨੇ ਇਸ ਮੌਕੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਸ. ਭਗਵੰਤ ਮਾਨ ਵੱਲੋਂ ਸਰਕਾਰੀ ਦਫ਼ਤਰਾਂ 'ਚ ਪਾਰਦਰਸ਼ਤਾ, ਪ੍ਰਸ਼ਾਸਨਿਕ ਕੰਮਾਂ ਦਾ ਸਮਾਂਬੱਧ ਨਿਪਟਾਰਾ ਅਤੇ ਬਿਹਤਰ ਪ੍ਰਸ਼ਾਸਨ ਪ੍ਰਦਾਨ ਕਰਨ ਸਬੰਧੀ ਜਾਰੀ ਹਦਾਇਤਾਂ ਤੋਂ ਵੀ ਜਾਣੂ ਕਰਵਾਇਆ।ਡੀ.ਸੀ. ਸ਼੍ਰੀਮਤੀ ਪੂਨਮਦੀਪ ਕੌਰ ਨੇ ਸ੍ਰੀ ਚੰਦਰ ਗੈਂਦ ਨੂੰ ਆਪਣੇ ਦਫ਼ਤਰ ਦੀ ਕਾਰਗੁਜ਼ਾਰੀ ਅਤੇ ਦਫ਼ਤਰੀ ਕੰਮ ਕਾਜ ਬਾਬਤ ਵਿਸਥਾਰ 'ਚ ਜਾਣਕਾਰੀ ਪ੍ਰਦਾਨ ਕੀਤੀ ਅਤੇ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਦੀਆਂ ਤਰਜੀਹਾਂ ਅਤੇ ਮੁੱਖ ਮੰਤਰੀ ਸ. ਭਗਵੰਤ ਮਾਨ ਦੀਆਂ ਹਦਾਇਤਾਂ ਅਨੁਸਾਰ ਲੋਕਾਂ ਦੀਆਂ ਸ਼ਿਕਾਇਤਾਂ ਅਤੇ ਦਰਖਾਸਤਾਂ ਦਾ ਸਮਾਂਬੱਧ ਨਿਪਟਾਰਾ ਯਕੀਨੀ ਬਣਾਉਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ।ਡਵੀਜ਼ਨਲ ਕਮਿਸ਼ਨਰ ਨੇ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਅਦਾਲਤੀ ਮਾਮਲੇ, ਸ਼ਿਕਾਇਤਾਂ, ਪੜਤਾਲਾਂ, ਆਡਿਟ ਪੈਰ੍ਹੇ, ਅਸਲਾ ਡੀਲਰਾਂ ਦੀ ਚੈਕਿੰਗ, ਵੱਖ ਵੱਖ ਪਰਵਾਨਗੀਆਂ ਸਮੇਤ ਹੋਰ ਦਫ਼ਤਰੀ ਕੰਮਾਂ ਦਾ ਜਾਇਜ਼ਾ ਲਿਆ।ਇਸ ਮੌਕੇ ਏ.ਡੀ.ਸੀ (ਜ) ਸ਼੍ਰੀਮਤੀ ਅਨੀਤਾ ਦਰਸ਼ੀ, ਏ ਡੀ ਸੀ (ਯੂ ਡੀ) ਅਨੁਪ੍ਰਿਤਾ ਜੌਹਲ, ਐਸ ਡੀ ਐਮ ਫ਼ਤਹਿਗੜ੍ਹ ਸਾਹਿਬ ਹਿਮਾਂਸ਼ੂ ਗੁਪਤਾ, ਸਹਾਇਕ ਕਮਿਸ਼ਨਰ ਅਸ਼ੋਕ ਸ਼ਰਮਾ, ਸਮੇਤ ਵੱਖ ਵੱਖ ਅਧਿਕਾਰੀ ਹਾਜ਼ਰ ਸਨ।