ਲੋਕ ਸਭਾ ਚੋਣ ਲੜਣ ਵਾਲੇ ਉਮੀਦਵਾਰਾਂ ਨੂੰ ਰੈਲੀਆਂ ,ਚੋਣ ਮੀਟਿੰਗਾਂ , ਲਾਉਡ ਸਪੀਕਰਾਂ ਚੋਣ ਪ੍ਰਚਾਰ ਲਈ ਵਾਹਨਾਂ ਦੀ ਵਰਤੋਂ ਅਤੇ ਹੋਰ ਲੋੜੀਦੀਆਂ ਪ੍ਰਵਾਨਗੀਆਂ ਲਈ ਹੁਣ ਵੱਖ ਵੱਖ ਦਫ਼ਤਰਾਂ ਵਿੱਚ ਖੱਜਲ ਖੁਆਰ ਨਹੀਂ ਹੋਣਾ ਪਵੇਗਾ ਸਗੋ ਪ੍ਰਵਾਨਗੀਆਂ ਲਈ ਏ.ਆਰ.ਓਜ਼ ਦੇ ਦਫ਼ਤਰਾਂ ਵਿਖੇ ਸਿੰਗਲ ਵਿੰਡੋ ਸਿਸਟਮ ਸੁਰੂ ਕਰ ਦਿੱਤੀ ਗਈ ਹੈ। ਜਿਥੇ ਕਿ ਪਹਿਲਾ ਆਓ ਪਹਿਲਾ ਪਾਓ ਅਧਾਰ ਤੇ ਇੱਕੋ ਥਾਂ ਤੇ ਪ੍ਰਵਾਨਗੀਆਂ ਦਿੱਤੀਆਂ ਜਾਣਗੀਆਂ। ਇਸ ਗੱਲ ਦੀ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ੍ਰੀ ਤੇਜਿੰਦਰ ਪਾਲ ਸਿੰਘ ਸਿੱਧੂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਵੱਖ ਵੱਖ ਪਾਰਟੀਆਂ ਦੇ ਨੁਮਾਇੰਦਿਆਂ, ਪੁਲਿਸ ਵਿਭਾਗ, ਕਰ ਅਤੇ ਆਬਕਾਰੀ ਵਿਭਾਗ, ਇਨਕਮ ਟੈਕਸ ਵਿਭਾਗ ਅਤੇ ਨੋਡਲ ਅਫ਼ਸਰਾਂ ਦੀ ਚੋਣ ਖਰਚਿਆਂ ਸਬੰਧੀ ਸੱਦੀ ਗਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ।
ਜ਼ਿਲ੍ਹਾ ਚੋਣ ਅਫ਼ਸਰ ਨੇ ਇਸ ਮੌਕੇ ਰਾਜਸੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਲੋੜੀਦੀ ਪ੍ਰਵਾਨਗੀ ਲਈ ਅਗਾਉ ਸੂਚਨਾ ਦੇਣ ਤਾਂ ਜੋ ਉਨ੍ਹਾਂ ਨੂੰ ਸਮੇਂ ਸਿਰ ਪ੍ਰਵਾਨਗੀ ਮਿਲ ਸਕੇ। ਉਨ੍ਹਾਂ ਏ.ਆਰ.ਓਜ਼ ਨੂੰ ਆਖਿਆ ਕਿ ਉਹ ਪ੍ਰਵਾਨਗੀਆਂ ਦੇ ਕੰਮਾਂ ਨੂੰ ਪਹਿਲ ਦੇ ਅਧਾਰ ਤੇ ਨਿਪਟਾਉਣ। ਸ੍ਰੀ ਸਿੱਧੂ ਨੇ ਕਿਹਾ ਕਿ ਚੋਣਾਂ ਨਿਰਪੱਖ ਅਤੇ ਪਾਰਦਰਸ਼ਤਾ ਢੰਗ ਨਾਲ ਕਰਵਾਈਆਂ ਜਾਣਗੀਆਂ। ਉਨ੍ਹਾਂ ਰਾਜਸੀ ਪਾਰਟੀਆਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਮੁੱਖ ਚੋਣ ਕਮਿਸ਼ਨ ਦੀਆਂ ਲੋਕ ਸਭਾ ਚੋਣਾਂ ਸਬੰਧੀ ਹਦਾਇਤਾਂ ਅਤੇ ਆਦਰਸ਼ ਚੋਣ ਜਾਬਤੇ ਦੀ ਪਾਲਣਾ ਨੂੰ ਯਕੀਨੀ ਬਣਾਉਣ। ਸ੍ਰੀ ਸਿੱਧੂ ਨੇ ਦੱਸਿਆ ਕਿ ਐਸ.ਏ.ਐਸ.ਨਗਰ ਜ਼ਿਲ੍ਹੇ ਵਿੱਚ ਪੈਦੇ ਵਿਧਾਨ ਸਭਾ ਹਲਕਾ ਐਸ.ਏ.ਐਸ.ਨਗਰ, ਖਰੜ ਅਤੇ ਡੇਰਾਬੱਸੀ ਵਿੱਚ ਤਕਰੀਬਨ 6 ਲੱਖ 7 ਹਜ਼ਾਰ 799 ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰ ਸਕਣਗੇ। ਉਨ੍ਹਾਂ ਦੱਸਿਆ ਕਿ 30 ਅਪ੍ਰੈਲ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਪੁੱਖਤਾ ਪ੍ਰਬੰਧ ਕੀਤੇ ਗਏ ਹਨ ਤੇ ਜ਼ਿਲ੍ਹੇ 'ਚ ਪੈਂਦੇ 685 ਪੋਲਿੰਗ ਬੂਥਾਂ ਤੇ ਵੋਟਰਾਂ ਨੂੰ ਆਪਣੀ ਵੋਟ ਦੀ ਵਰਤੋਂ ਵੇਲੇ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਉਨ੍ਹਾਂ ਨੂੰ ਆਪਣੀ ਵੋਟ ਪਾਉਣ ਲਈ ਜਿਆਦਾ ਸਮਾਂ ਇੰਤਜਾਰ ਨਹੀਂ ਕਰਨਾ ਪਵੇਗਾ। ਉਨ੍ਹਾਂ ਇਸ ਮੌਕੇ ਵੋਟਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀ ਵੋਟ ਦੀ ਵਰਤੋਂ ਬਿਨ੍ਹਾਂ ਕਿਸੇ ਲਾਲਚ ਤੋਂ ਆਪਣੀ ਮਨ ਮਰਜੀ ਨਾਲ ਕਰਨ। ਸ੍ਰੀ ਸਿੱਧੂ ਨੇ ਦੱਸਿਆ ਕਿ ਚੋਣ ਕਾਰਜਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚੜਾਉਣ ਲਈ ਵੱਖ‐ ਵੱਖ ਟੀਮਾਂ ਦਾ ਗਠਨ ਕਰਕੇ 17 ਨੋਡਲ ਅਫ਼ਸਰ ਨਿਯੁਕਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਚੋਣਾਂ ਸਬੰਧੀ ਕਿਸੇ ਕਿਸਮ ਦੀ ਸਿਕਾਇਤ ਲਈ ਟੋਲ ਫਰੀ ਨੰਬਰ 1800-180 -2099 ਜੋ ਕਿ 24 ਘੰਟੇ ਖੁੱਲਾ ਹੈ ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਇਸ ਮੌਕੇ ਚੋਕਸੀ ਟੀਮਾਂ ਦੇ ਇੰਚਾਰਜਾਂ ਨੂੰ ਆਖਿਆ ਕਿ ਜੇਕਰ ਕੋਈ ਵਿਅਕਤੀ 50 ਹਜ਼ਾਰ ਤੋਂ ਲੈ ਕੇ 10 ਲੱਖ ਰੁਪਏ ਤੱਕ ਬਿਨ੍ਹਾਂ ਸਬੂਤਾਂ ਤੋਂ ਨਾਲ ਲੈ ਕੇ ਚਲਦਾ ਹੈ ਅਤੇ ਜੇਕਰ ਲਗਦਾ ਹੈ ਕਿ ਇਹ ਪੈਸਾ ਵੋਟਰਾਂ ਨੂੰ ਭਰਮਾਉਣ ਲਈ ਹੈ ਤਾਂ ਤੁਰੰਤ ਕਾਰਵਾਈ ਕਰਕੇ ਉਸ ਨੂੰ ਜਬਤ ਕੀਤਾ ਜਾਵੇ ਪਰੰਤੂ ਕਿਸੇ ਨੂੰ ਬਿਨ੍ਹਾਂ ਵਜ਼ਾ੍ਹ ਪਰੇਸ਼ਾਨ ਨਾ ਕੀਤਾ ਜਾਵੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਪੁਨੀਤ ਗੋਇਲ ਨੇ ਦੱਸਿਆ ਕਿ ਕੋਈ ਵੀ ਲੋਕ ਸਭਾ ਚੋਣ ਲੜਣ ਵਾਲਾ ਉਮੀਦਵਾਰ 70 ਲੱਖ ਰੁਪਏ ਤੋਂ ਵੱਧ ਨਹੀਂ ਖਰਚ ਕਰ ਸਕਦਾ ਅਤੇ ਚੋਣ ਲੜਣ ਵਾਲੇ ਉਮੀਦਵਾਰ ਨੂੰ ਆਪਣੇ ਚੋਣ ਖਰਚੇ ਦੇ ਵੇਰਵੇ ਦੇਣੇ ਪੈਣਗੇ। ਉਨ੍ਹਾਂ ਇਸ ਮੋਕੇ ਨੋਡਲ ਅਫ਼ਸਰਾਂ ਨੂੰ ਚੋਣ ਲੜਣ ਵਾਲੇ ਉਮੀਦਾਵਾਰਾਂ ਵੱਲੋਂ ਕੀਤੇ ਜਾ ਰਹੇ ਖਰਚੇ ਤੇ ਵੀ ਤਿੱਖੀ ਨਜ਼ਰ ਰੱਖਣ ਲਈ ਆਖਿਆ ਅਤੇ ਉਮੀਦਵਾਰਾਂ ਵੱਲੋਂ ਕੀਤੀਆਂ ਜਾਣ ਵਾਲੀਆਂ ਰੈਲੀਆਂ, ਮੀਟਿੰਗਾਂ ਆਦਿ ਦੀ ਵੀਡਿਓਗ੍ਰਾਫੀ ਕਰਨ ਲਈ ਵੀ ਆਖਿਆ ਅਤੇ ਨੋਡਲ ਅਫ਼ਸਰਾਂ ਨੂੰ ਰੋਜ਼ਾਨਾ ਮੰਗੀਆਂ ਜਾਣ ਵਾਲੀਆਂ ਰਿਪੋਰਟਾਂ ਨੂੰ ਸਮੇਂ ਸਿਰ ਭੇਜਣ ਲਈ ਆਖਿਆ। ਉਨ੍ਹਾਂ ਸਮੂਹ ਕਾਰਜਸਾਧਕ ਅਫ਼ਸਰਾਂ ਨੂੰ ਆਖਿਆ ਕਿ ਜੇਕਰ ਕਿਸੇ ਪਾਰਟੀ ਜਾਂ ਉਮੀਦਵਾਰ ਦੇ ਸ਼ਹਿਰਾਂ ਦੀ ਹਦੂਦ ਅੰਦਰ ਅਣ‐ਅਧਿਕਾਰਤ ਬੈਨਰ ਜਾਂ ਪੋਸਟਰ ਲਗੇ ਹੋਏ ਹਨ ਉਨ੍ਹਾਂ ਨੂੰ ਤੁਰੰਤ ਹਟਾਇਆ ਜਾਵੇ। ਮੀਟਿੰਗ ਵਿੱਚ ਐਸ.ਪੀ.(ਡੀ) ਸ੍ਰੀ ਗੁਰਸ਼ਰਨਦੀਪ ਸਿੰਘ, ਐਸ.ਡੀ.ਐਮ (ਖਰੜ) ਸ੍ਰੀ ਸੁਖਜੀਤ ਪਾਲ ਸਿੰਘ, ਐਸ.ਡੀ.ਐਮ (ਡੇਰਾਬਸੀ) ਸ੍ਰੀ ਸੰਜੀਵ ਕੁਮਾਰ, ਸ੍ਰੀ ਮੋਹਨ ਲਾਲ ਸ਼ਰਮਾ ਡੀ.ਸੀ.ਐਫ.ਏ, ਸ੍ਰੀ ਐਚ.ਐਸ ਓਬਰਾਏ ਏ.ਐਸ.ਈ, ਕਾਰਜਸਾਧਕ ਅਫ਼ਸਰ ਡੇਰਾਬੱਸੀ ਸ੍ਰੀ ਦਲਜੀਤ ਸਿੰਘ ਸੰਧੂ, ਸ੍ਰੀ ਪਰਮਿੰਦਰ ਸਿੰਘ ਜੀਰਕਪੁਰ, ਸ੍ਰੀ ਵਰਿਆਮ ਸਿੰਘ ਚੀਫ ਲੀਡ ਜ਼ਿਲ੍ਹਾ ਮੈਨੇਜਰ ਪੰਜਾਬ ਨੈਸ਼ਨਲ ਬੈਂਕ ਅਤੇ ਹੋਰ ਨੋਡਲ ਅਫ਼ਸਰ ਸਮੇਤ ਰਾਜਸੀ ਪਾਰਟੀਆਂ ਦੇ ਨੁਮਾਇੰਦੇ ਸ੍ਰ: ਬਲਜੀਤ ਸਿੰਘ ਕੁੰਭੜਾ ਸ੍ਰੋਮਣੀ ਅਕਾਲੀ ਦਲ, ਸ੍ਰੀ ਸੋਹਨ ਸਿੰਘ ਬਾਵਾ ਬੀ.ਐਸ.ਪੀ, ਸ੍ਰੀ ਐਸ.ਡੀ. ਸ਼ਰਮਾ ਕਾਂਗਰਸ, ਸ੍ਰੀ ਜਰਨੈਲ ਸਿੰਘ ਸ੍ਰੋਮਣੀ ਅਕਾਲੀ ਦਲ ਅਮਿਤਸਰ, ਸ੍ਰੀ ਮੱਸਾ ਸਿੰਘ ਸੀ.ਪੀ.ਆਈ.ਐਮ ਅਤੇ ਹੋਰ ਨੁਮਾਇੰਦੇ ਵੀ ਮੌਜੂਦ ਸਨ ।
ਫੋਟੋਕੈਪਸ਼ਨ: ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ੍ਰੀ ਤੇਜਿੰਦਰ ਪਾਲ ਸਿੰਘ ਸਿੱਧੂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਅਤੇ ਨੋਡਲ ਅਫ਼ਸਰਾਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ। ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਪੁਨੀਤ ਗੋਇਲ ਵੀ ਦਿਖਾਈ ਦੇ ਰਹੇ ਹਨ।