ਪਟਿਆਲਾ ਡਵੀਜ਼ਨ ਦੇ ਕਮਿਸ਼ਨਰ ਚੰਦਰ ਗੇਂਦ ਵਲੋਂ ਅੱਜ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਲੁਧਿਆਣਾ-ਫਿਰੋਜ਼ਪੁਰ ਚਾਰ ਮਾਰਗੀ ਹਾਈਵੇ ਪ੍ਰੋਜੈਕਟ ਦੇ ਹਿੱਸੇ ਐਲੀਵੇਟਿਡ ਰੋਡ ਦੀ ਤੁਰੰਤ ਮੁਰੰਮਤ ਕਰਕੇ ਇਸ ਨੂੰ 30 ਸਤੰਬਰ ਤੱਕ ਚੱਲਣ ਯੋਗ ਬਣਾਇਆ ਜਾਵੇ।ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪਟਿਆਲਾ ਡਵੀਜ਼ਨ ਦੇ ਕਮਿਸ਼ਨਰ ਨੇ ਕਿਹਾ ਕਿ ਸਰਵਿਸ ਲੇਨ ਬਹੁਤ ਹੀ ਖਸਤਾ ਹਾਲਤ ਵਿੱਚ ਹੈ ਅਤੇ ਕਾਰਜਕਾਰੀ ਏਜੰਸੀ ਦੀ ਲਾਪ੍ਰਵਾਹੀ ਕਰਕੇ ਆਉਣ-ਜਾਣ ਵਾਲੇ ਯਾਤਰੀਆਂ ਨੂੰ ਬਹੁਤ ਹੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਚੰਦਰ ਗੇਂਦ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੀ ਬਹੁਤ ਮਹੱਤਤਾ ਹੈ ਅਤੇ ਐਨ.ਐਚ.ਏ.ਆਈ. ਨੂੰ 30 ਸਤੰਬਰ ਤੱਕ ਸਾਰੇ ਮਸਲਿਆਂ ਨੁੰ ਹੱਲ ਕਰਦੇ ਹੋਏ ਆਉਣ ਵਾਲੇ ਤਿਉਹਾਰੀ ਸੀਜ਼ਨਾਂ ਨੂੰ ਦੇਖਦੇ ਹੋਏ ਲੋਕਾਂ ਦੀ ਸਹੂਲਤ ਲਈ ਸੁਚਾਰੂ ਵਿਵਸਥਾ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਨਿਰਵਿਘਨ ਅਵਾਜਾਈ ਲਈ ਇਸ ਸੜਕ ’ਤੇ ਗੈਰ ਜਰੂਰੀ ਬੇਰੀਕੇਟਾਂ ਨੂੰ ਤੁਰੰਤ ਹਟਾਇਆ ਜਾਵੇ।ਕਮਿਸ਼ਨਰ ਪਟਿਆਲਾ ਡਵੀਜ਼ਨ ਵਲੋਂ ਨਿੱਜੀ ਤੌਰ ’ਤੇ ਇਸ ਸੜਕ ਦੀ ਮੁਰੰਮਤ ਦੇ ਕੰਮ ਦੀ ਨਿਗਰਾਨੀ ਅਤੇ ਪਹਿਲੀ ਅਕਤੂਬਰ ਨੂੰ ਰਿਪੋਰਟ ਪੇਸ਼ ਕਰਨ ਲਈ ਉਪ ਮੰਡਲ ਮੈਜਿਸਟਰੇਟ ਜਗਦੀਸ਼ ਸਹਿਗਲ ਨੂੰ ਤਾਇਨਾਤ ਕੀਤਾ ਗਿਆ।ਕਾਰਜਕਾਰੀ ਏਜੰਸੀ ਨੂੰ ਤਾੜਨਾ ਕਰਦਿਆਂ ਉਨ੍ਹਾਂ ਸਪੱਸਟ ਕਿਹਾ ਕਿ ਉਨਾਂ ਵਲੋਂ ਐਨ.ਐਚ.ਏ.ਆਈ.ਦੇ ਚੇਅਰਮੈਨ ਨੂੰ ਇਸ ਰੁਝੇਵੇਂ ਭਰੀ ਸੜਕ ’ਤੇ 30 ਸਤੰਬਰ ਤੱਕ ਮੁਰੰਮਤ ਦਾ ਕੰਮ ਮੁਕੰਮਲ ਨਾ ਕਰਨ ਵਾਲੀ ਦੋਸ਼ੀ ਏਜੰਸੀ ਖਿਲਾਫ਼ ਲਿਖਿਆ ਜਾਵੇਗਾ।
ਸ੍ਰੀ ਗੇਂਦ ਵਲੋਂ ਐਨ.ਐਚ.ਏ.ਆਈ. ਅਧਿਕਾਰੀਆਂ ਨੂੰ ਹਾਈਵੇ ਦੇ ਦੋਵੇਂ ਪਾਸੇ ਡਰੇਸ਼ਨਜ ਪ੍ਰਣਾਲੀ ਨੂੰ ਦਰੁਸਤ ਕਰਨ ਦੀਆਂ ਵੀ ਹਦਾਇਤਾਂ ਕੀਤੀਆਂ ਗਈਆਂ ਤਾਂ ਜੋ ਪਾਣੀ ਬਦਬੂ ਨਾ ਮਰੇ।ਇਸ ਮੌਕੇ ਕਮਿਸ਼ਨਰ ਪਟਿਆਲਾ ਡਵੀਜ਼ਨ ਵਲੋਂ ਪੰਜਾਬ ਸਰਕਾਰ ਦੀਆਂ ਅਹਿਮ ਸਕੀਮਾਂ ਜਿਵੇਂ ਘਰ-ਘਰ ਰੋੁਜ਼ਗਾਰ, ਸਮਾਰਟ ਸਿਟੀ, ਸਮਾਰਟ ਵਿਲੇਜ ਮੁਹਿੰਮ, ਮਾਡਲ ਖੇਡ ਮੈਦਾਨ, ਤੰਦਰੁਸਤ ਪੰਜਾਬ ਮਿਸ਼ਨ ਦਾ ਜਾਇਜ਼ਾ ਲੈਂਦਿਆਂ ਕਿਹ ਕਿ ਲੋਕ ਭਲਾਈ ਨੂੰ ਮੁੱਖ ਰੱਖਦਿਆ ਇਨਾਂ ਪ੍ਰੋਗਰਾਮਾਂ ਨੂੰ ਸਹੀ ਅਰਥਾਂ ਵਿੱਚ ਲਾਗੂ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਹਰ ਯੋਗ ਲਾਭਪਾਤਰੀ ਇਨਾਂ ਲੋਕ ਭਲਾਈ ਦੀਆਂ ਸਕੀਮਾਂ ਤਹਿਤ ਕਵਰ ਕੀਤਾ ਜਾਵੇ।ਉਨ੍ਹਾਂ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਦੀ ਘਰ-ਘਰ ਰੋਜ਼ਗਾਰ ਪ੍ਰੋਗਰਾਮ ਤਹਿਤ 100 ਫੀਸਦ ਟੀਚੇ ਨੂੰ ਪ੍ਰਾਪਤ ਕਰਨ ਦੀ ਭਰਪੂਰ ਸ਼ਲਾਘਾ ਕੀਤੀ ਗਈ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਨੂੰ ਹੇਠਲੇ ਪੱਧਰ ਤੱਕ ਲਾਗੂ ਕਰਨ ਲਈ ਖੁਦ ਨਿੱਜੀ ਤੌਰ ’ਤੇ ਨਿਗਰਾਨੀ ਕਰਨ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਰਾਹੁਲ ਚਾਬਾ, ਵਧੀਕ ਡਿਪਟੀ ਕਮਿਸ਼ਨਰ ਜਗਰਾਓਂ ਡਾ.ਨਾਇਣ, ਵਧੀਕ ਡਿਪਟੀ ਕਮਿਸ਼ਨਰ ਖੰਨਾ ਸਤਿਕਰਤਾਰ ਸਿੰਘ ਬੱਲ, ਵਧੀਕ ਕਮਿਸ਼ਨਰ ਨਗਰ ਨਿਗਮ ਅਦਿੱਤਿਆ, ਉਪ ਮੰਡਲ ਮੈਜਿਸਟਰੇਟ ਵਿਕਰਮਜੀਤ ਪੈਂਥੇ, ਡਾ.ਵਨੀਤ ਕੁਮਾਰ, ਜਗਦੀਸ਼ ਸਹਿਗਲ, ਹਿਮਾਂਸ਼ੂ ਗੁਪਤਾ, ਮਨਜੀਤ ਕੌਰ। ਸਹਾਇਕ ਕਮਿਸ਼ਨਰ ਡਾ.ਹਰਜਿੰਦਰ ਸਿੰਘ ਬੇਦੀ ਅਤੇ ਹੋਰ ਹਾਜ਼ਰ ਸਨ।