ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੂੰ ਨਿਗਮ ਹਾਊਸ ਵੱਲੋਂ ਦਿੱਤੇ ਗਏ ਅਧਿਕਾਰਾਂ ਦੇ ਤਹਿਤ ਟਾਊਨ ਵੈਡਿੰਗ ਕਮੇਟੀ ਦਾ ਅੱਜ ਐਲਾਨ ਕਰ ਦਿੱਤਾ ਗਿਆ ਹੈ। ਇਸ ਵਿਚ ਟਾਊਨ ਵੈਡਿੰਗ ਨਾਲ ਸਬੰਧਤ ਸਮੂਹ ਵਰਗਾਂ ਨੂੰ ਨੁਮਾਇੰਦਗੀ ਦਿੱਤੀ ਗਈ ਹੈ ਜਿਸ ਵਿਚ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ, ਮਿਉਂਸਪਲ ਕੌਂਸਲਰ, ਪੁਲਸ ਤੇ ਪ੍ਰਸ਼ਾਸਨ, ਵਪਾਰੀ ਵਰਗ ਦੇ ਨੁਮਾਇੰਦੇ ਅਤੇ ਸਟ੍ਰੀਟ ਵੈਂਡਰਜ ਦੇ ਨੁਮਾਇੰਦੇ ਵੀ ਸ਼ਾਮਲ ਕੀਤੇ ਗਏ। ਇਹ ਟਾਊਨ ਵੈਡਿੰਗ ਕਮੇਟੀ ਮੋਹਾਲੀ ਵਿਚ ਲੱਗਣ ਵਾਲੀਆਂ ਰੇਹੜੀਆਂ ਫੜੀਆਂ ਅਤੇ ਨਗਰ ਨਿਗਮ ਵਿਚਾਲੇ ਤਾਲਮੇਲ ਦਾ ਕੰਮ ਕਰੇਗੀ ਅਤੇ ਇਨ੍ਹਾਂ ਰੇਹੜੀ ਫੜੀ ਵਾਲਿਆਂ ਦੇ ਮੁੜ ਵਸੇਬੇ ਲਈ ਪਲਾਨਿੰਗ ਬਣਾਵੇਗੀ ਜਿਸ ਨਾਲ ਰੇਹੜੀ ਫੜ੍ਹੀ ਵਾਲੇ ਆਪਣੀ ਰੋਜ਼ੀ ਰੋਟੀ ਵੀ ਕਮਾ ਸਕਣ ਅਤੇ ਮੋਹਾਲੀ ਦੇ ਲੋਕਾਂ ਨੂੰ ਵੀ ਪੂਰੀ ਸਹੂਲਤ ਮਿਲ ਸਕੇ ਤੇ ਨਾਲ ਹੀ ਵਪਾਰੀ ਵਰਗ ਨੂੰ ਵੀ ਕੋਈ ਔਕੜ ਦਾ ਸਾਹਮਣਾ ਨਾ ਕਰਨਾ ਪਵੇ।ਟਾਊਨ ਵੈਡਿੰਗ ਕਮੇਟੀ ਦੇ ਮੈਂਬਰਾਂ ਵਿੱਚ ਦੋ ਕੌਂਸਲਰ ; ਕਮਲਪ੍ਰੀਤ ਸਿੰਘ ਬਨੀ ਅਤੇ ਜਸਪ੍ਰੀਤ ਸਿੰਘ ਗਿੱਲ, ਪੁਲਿਸ ਵੱਲੋਂ ਡੀਐਸਪੀ ਟ੍ਰੈਫਿਕ ਗੁਰਇਕਬਾਲ ਸਿੰਘ, ਪੰਜਾਬ ਨੈਸ਼ਨਲ ਬੈਂਕ ਦੀ ਮੈਨੇਜਰ (ਮਿਉਂਸਪਲ ਭਵਨ) ਮਨਜੀਤ ਕੌਰ, ਚੀਫ ਸੈਨਟਰੀ ਇੰਸਪੈਕਟਰ ਸਰਬਜੀਤ ਸਿੰਘ, ਸਰਵਹਿਤਕਾਰੀ ਕਲਿਆਣ ਸੋਸਾਇਟੀ ਦੇ ਸੀਨੀਅਰ ਐਡਵਾਈਜ਼ਰ ਜਸਵਿੰਦਰ ਸ਼ਰਮਾ, ਮੁਹਾਲੀ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਦੇ ਐਸ. ਚੌਧਰੀ, ਅਜੀਤ ਪਾਰਕ ਨੇਬਰਹੁੱਡ ਐਸੋਸੀਏਸ਼ਨ ਦੇ ਬਲਕਰਨ ਸਿੰਘ ਭਾਟੀ, ਮੋਹਾਲੀ ਕਰਿਆਨਾ ਮਰਚੈਂਟ ਐਸੋਸੀਏਸ਼ਨ ਦੇ ਮੁਨੀਸ਼ ਸਿੰਗਲਾ ਅਤੇ ਸਟਰੀਟ ਵੈਂਡਰਸ ਵਲੋਂ ਵਿਜੇ ਕੁਮਾਰ, ਮਨਜੀਤ ਸਿੰਘ, ਸਤਪਾਲ ਸਿੰਘ, ਪਰਸ਼ੋਤਮ ਲਾਲ, ਮਾਇਆ ਤੇ ਰਾਮ ਕੁਮਾਰੀ ਦੇ ਨਾਮ ਸ਼ਾਮਲ ਕੀਤੇ ਗਏ ਹਨ।ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਮੇਟੀ ਦੇ ਮੈਂਬਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਪੂਰੀ ਤਨਦੇਹੀ ਨਾਲ ਟਾਊਨ ਵੈਡਿੰਗ ਕਮੇਟੀ ਦਾ ਕੰਮ ਕਾਰ ਸੰਭਾਲਣ ਅਤੇ ਆਪਣੀ ਜ਼ਿੰਮੇਵਾਰੀ ਦੀ ਪਾਲਣਾ ਕਰਦੇ ਹੋਏ ਨਾ ਸਿਰਫ ਰੇਹੜੀ ਤੇ ਫੜੀ ਵਾਲਿਆਂ ਨੂੰ ਰੋਟੀ ਰੋਜ਼ੀ ਕਮਾਉਣ ਦਾ ਹੱਕ ਦਿਵਾਉਣ ਸਗੋਂ ਇਹ ਯਕੀਨੀ ਬਣਾਉਣ ਕਿ ਮੋਹਾਲੀ ਦੇ ਲੋਕਾਂ ਨੂੰ ਇਸ ਦਾ ਪੂਰਾ ਫਾਇਦਾ ਮਿਲ ਸਕੇ ਅਤੇ ਨਾਜਾਇਜ਼ ਕਬਜ਼ਿਆਂ ਨੂੰ ਵੀ ਖ਼ਤਮ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਟਾਊਨ ਵੈਡਿੰਗ ਕਮੇਟੀ ਸਮੂਹ ਵਰਗਾਂ ਦੇ ਪ੍ਰਤੀਨਿਧੀਆਂ ਨੂੰ ਲੈ ਕੇ ਇਸ ਕਰਕੇ ਬਣਾਈ ਗਈ ਹੈ ਤਾਂ ਜੋ ਇਹ ਬਿਹਤਰ ਢੰਗ ਨਾਲ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਤਾਲਮੇਲ ਸਥਾਪਤ ਕਰ ਸਕੇ ਅਤੇ ਟਾਊਨ ਵੈਡਿੰਗ ਸੰਬੰਧੀ ਕੰਮਕਾਰ ਨੂੰ ਸਿਰੇ ਚੜ੍ਹ ਸਕੇ।ਇਸ ਮੌਕੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੇ ਨਾਲ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਕੌਂਸਲਰ ਨਰਪਿੰਦਰ ਸਿੰਘ ਰੰਗੀ, ਵਿਕਟਰ ਨਿਹੋਲਕਾ ਵੀ ਹਾਜ਼ਰ ਸਨ।