ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਅਰੁਣਾ ਚੌਧਰੀ ਵੱਲੋਂ ਸ਼ੁੱਕਰਵਾਰ ਨੂੰ 'ਵਿਸ਼ਵ ਮਾਸਿਕ ਧਰਮ ਸਵੱਛਤਾ ਦਿਵਸ' ਦੇ ਮੌਕੇ 'ਤੇ ਜਿਥੇ ਸੂਬੇ ਭਰ ਵਿਚ ਮਹਿਲਾ ਸਸ਼ਕਤੀਕਰਨ ਮੁਖੀ 'ਉਡਾਨ ਯੋਜਨਾ' ਦੀ ਸ਼ੁਰੂਆਤ ਕੀਤੀ ਗਈ, ਉਥੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵੱਲੋਂ ਇਸ ਯੋਜਨਾ ਦਾ ਜ਼ਿਲ੍ਹੇ ਵਿਚ ਆਗਾਜ਼ ਕੀਤਾ ਗਿਆ, ਜਿਸ ਤਹਿਤ ਸੂਬੇ ਦੀਆਂ ਲੋੜਵੰਦ ਔਰਤਾਂ ਅਤੇ ਲੜਕੀਆਂ ਨੂੰ ਹਰ ਮਹੀਨੇ ਮੁਫ਼ਤ ਸੈਨੇਟਰੀ ਪੈਡ ਮੁਹੱਈਆ ਕਰਵਾਏ ਜਾਣਗੇ।ਵਰਚੁਅਲ ਲਾਂਚ ਸਮਾਰੋਹ ਵਿਚ ਭਾਗ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਯੋਜਨਾ ਦਾ ਮੁੱਖ ਉਦੇਸ਼ ਔਰਤਾਂ/ਲੜਕੀਆਂ ਨੂੰ ਮਾਸਿਕ ਧਰਮ ਸਬੰਧੀ ਬਿਮਾਰੀਆਂ ਤੋਂ ਬਚਾਉਣਾ, ਮਾਸਿਕ ਧਰਮ ਦੌਰਾਨ ਸਫ਼ਾਈ ਪ੍ਰਤੀ ਜਾਗਰੂਕ ਕਰਨਾ, ਮੁੱਢਲੇ ਸਫ਼ਾਈ ਉਤਪਾਦਾਂ ਤੱਕ ਪਹੁੰਚ ਵਧਾਉਣਾ, ਮਹਿਲਾਵਾਂ ਦੇ ਜੀਵਨ ਪੱਧਰ ਨੂੰ ਬਿਹਤਰ ਬਣਾਉਣਾ, ਔਰਤਾਂ ਦੇ ਸਵੈ-ਮਾਣ ਨੂੰ ਵਧਾਉਣਾ ਅਤੇ ਸੈਨੇਟਰੀ ਪੈਡਾਂ ਦੇ ਸੁਰੱਖਿਅਤ ਨਿਬੇੜੇ ਨੂੰ ਯਕੀਨੀ ਬਣਾਉਣਾ ਹੈ।ਇਸ ਨਵੀਂ ਯੋਜਨਾ ਤਹਿਤ ਸਕੂਲ ਛੱਡ ਚੁੱਕੀਆਂ ਲੜਕੀਆਂ/ਸਕੂਲ ਤੋਂ ਬਾਹਰ ਦੀਆਂ ਲੜਕੀਆਂ, ਕਾਲਜ ਨਾ ਜਾਣ ਵਾਲੀਆਂ ਲੜਕੀਆਂ, ਬੀਪੀਐਲ ਪਰਿਵਾਰਾਂ ਦੀਆਂ ਮਹਿਲਾਵਾਂ, ਝੁੱਗੀ-ਝੌਪੜੀ ਵਿੱਚ ਰਹਿਣ ਵਾਲੀਆਂ ਅਤੇ ਬੇਘਰ ਮਹਿਲਾਵਾਂ, ਟੱਪਰੀਵਾਸ ਪਰਿਵਾਰਾਂ ਦੀਆਂ ਔਰਤਾਂ ਅਤੇ ਨੀਲੇ ਕਾਰਡ ਧਾਰਕ ਤੇ ਦੂਜੇ ਵਿਭਾਗਾਂ ਦੀ ਕਿਸੇ ਵੀ ਸਕੀਮ ਤਹਿਤ ਮੁਫ਼ਤ/ਸਬਸਿਡੀ ਵਾਲੇ ਸੈਨੇਟਰੀ ਪੈਡਾਂ ਦਾ ਲਾਭ ਨਹੀਂ ਲੈ ਰਹੀਆਂ ਔਰਤਾਂ ਨੂੰ ਇਸ ਸਕੀਮ ਤਹਿਤ ਕਵਰ ਕੀਤਾ ਜਾਵੇਗਾ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲਾਭਪਾਤਰੀਆਂ ਨੂੰ 1654 ਆਂਗਣਵਾੜੀ ਕੇਂਦਰਾਂ ਦੇ ਵਿਸ਼ਾਲ ਨੈੱਟਵਰਕ ਰਾਹੀਂ ਕਵਰ ਕੀਤਾ ਜਾਵੇਗਾ ਅਤੇ ਹਰੇਕ ਆਂਗਣਵਾੜੀ ਕੇਂਦਰ ਵੱਲੋਂ ਲਗਭਗ 50 ਲਾਭਪਾਤਰੀ ਕਵਰ ਕੀਤੇ ਜਾਣਗੇ । ਉਨ੍ਹਾਂ ਕਿਹਾ ਕਿ ਹਰੇਕ ਲਾਭਪਾਤਰੀ ਨੂੰ ਹਰ ਮਹੀਨੇ ਵੱਧ ਤੋਂ ਵੱਧ 9 ਸੈਨੇਟਰੀ ਪੈਡ ਦਿੱਤੇ ਜਾਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਇੱਕ ਰਾਜ ਪੱਧਰੀ ਟਾਸਕ ਫੋਰਸ ਵੱਲੋਂ ਵਰਤੇ ਗਏ ਨੈਪਕਿਨਾਂ ਦੇ ਵਿਗਿਆਨਕ ਨਿਪਟਾਰੇ ਦੇ ਨਾਲ-ਨਾਲ ਯੋਜਨਾ ਦੀ ਸਮੁੱਚੀ ਪ੍ਰਗਤੀ ਦੀ ਨਿਗਰਾਨੀ ਵੀ ਕੀਤੀ ਜਾਵੇਗੀ।