ਜ਼ਿਲ੍ਹਾ ਮੋਗਾ ਦੇ ਡਿਪਟੀ ਕਮਿਸ਼ਨਰ ਸੰਦੀਪ ਹੰਸ ਤਿੰਨ ਹਫ਼ਤੇ ਦੀ ਮਿਡ ਟਰਮ ਸਿਖਲਾਈ ਲਈ ਮਸੂਰੀ ਰਵਾਨਾ ਹੋ ਗਏ ਹਨ। ਪੰਜਾਬ ਸਰਕਾਰ ਵੱਲੋਂ ਉਹਨਾਂ ਦੀ ਗੈਰ ਮੌਜੂਦਗੀ ਸਮੇਂ ਦੌਰਾਨ ਡਿਪਟੀ ਕਮਿਸ਼ਨਰ ਦਾ ਵਾਧੂ ਚਾਰਜ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਸ਼੍ਰੀ ਐਮ ਕੇ ਅਰਾਵਿੰਦ ਕੁਮਾਰ ਨੂੰ ਦਿੱਤਾ ਗਿਆ ਹੈ। ਸ਼੍ਰੀ ਅਰਾਵਿੰਦ ਕੁਮਾਰ ਨੇ ਅੱਜ ਸਵੇਰੇ ਇਹ ਕਾਰਜ ਭਾਰ ਸੰਭਾਲ ਲਿਆ।ਦੱਸਣਯੋਗ ਹੈ ਕਿ ਸ਼੍ਰੀ ਅਰਾਵਿੰਦ ਕੁਮਾਰ ਸਾਲ 2011 ਬੈਚ ਦੇ ਆਈ ਏ ਐੱਸ ਅਧਿਕਾਰੀ ਹਨ। ਵੱਖ ਵੱਖ ਅਹਿਮ ਅਹੁਦਿਆਂ ਉੱਤੇ ਸੇਵਾਵਾਂ ਦੇਣ ਤੋਂ ਉਪਰੰਤ ਉਹ ਇਸ ਸਮੇਂ ਜੁਲਾਈ 2018 ਤੋਂ ਸ਼੍ਰੀ ਮੁਕਤਸਰ ਸਾਹਿਬ ਵਿਖੇ ਬਤੌਰ ਡਿਪਟੀ ਕਮਿਸ਼ਨਰ ਸੇਵਾ ਨਿਭਾਅ ਰਹੇ ਹਨ। ਅੱਜ ਕਾਰਜ ਭਾਰ ਲੈਣ ਮੌਕੇ ਉਹਨਾਂ ਨੂੰ ਪਹਿਲਾਂ ਮੋਗਾ ਪੁਲਿਸ ਦੀ ਟੁਕੜੀ ਵੱਲੋਂ ਸਲਾਮੀ ਦਿੱਤੀ ਗਈ। ਇਸ ਉਪਰੰਤ ਉਹਨਾਂ ਨੇ ਕਈ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਅਤੇ ਹਦਾਇਤ ਕੀਤੀ ਕਿ ਜ਼ਿਲ੍ਹਾ ਮੋਗਾ ਵਿੱਚ ਚੱਲ ਰਹੇ ਸਮੂਹ ਕਾਰਜਾਂ ਨੂੰ ਸੁਚਾਰੂ ਤਰੀਕੇ ਨਾਲ ਜਾਰੀ ਰੱਖਿਆ ਜਾਵੇ।