ਐਨ.ਸੀ.ਸੀ ਗਰੁੱਪ ਹੈਡਕੁਆਰਟਰ ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਐਨ.ਸੀ.ਸੀ ਬਟਾਲੀਅਨ 23 ਪੀ.ਬੀ. ਬੀ.ਐਨ. ਰੂਪਨਗਰ ਅਧੀਨ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਐਨ.ਸੀ.ਸੀ ਵਿੰਗ ਵੱਲੋਂ ਪੰਜ ਰੋਜ਼ਾ ਐਨ.ਸੀ.ਸੀ ਟ੍ਰੇਨਿੰਗ ਕੈਂਪ ਲਗਾਇਆ ਗਿਆ। 15 ਤੋਂ 19 ਫ਼ਰਵਰੀ ਤੱਕ ਕਰਵਾਏ ਪੰਜ ਰੋਜ਼ਾ ਸਿਖਲਾਈ ਕੈਂਪ 'ਚ ਚੰਡੀਗੜ੍ਹ ਯੂਨੀਵਰਸਿਟੀ ਸਮੇਤ ਮੋਹਾਲੀ ਜ਼ਿਲ੍ਹੇ ਦੀਆਂ ਵੱਖ-ਵੱਖ ਵਿਦਿਅਕ ਸੰਸਥਾਵਾਂ ਤੋਂ 170 ਦੇ ਕਰੀਬ ਐਨ.ਸੀ.ਸੀ ਕੈਡਿਟਾਂ ਨੇ ਸ਼ਮੂਲੀਅਤ ਕੀਤੀ। ਸਿਖਲਾਈ ਕੈਂਪ ਦੌਰਾਨ ਕੈਡਿਟਾਂ ਨੇ ਭਾਰਤੀ ਫ਼ੌਜਾਂ 'ਚ ਵਰਤੇ ਜਾਂਦੇ ਤੌਰ ਤਰੀਕਿਆਂ ਅਤੇ ਬਾਰੀਕੀਆਂ ਨੂੰ ਨੇੜਿਉਂ ਜਾਣਿਆ। ਪੰਜ ਦਿਨ ਚੱਲੇ ਟ੍ਰੇਨਿੰਗ ਕਂਪ ਦੇ ਅੱਜ ਅਖਰੀਲੇ ਦਿਨ ਕਰਨਲ ਐਸ.ਬੀ ਰਾਣਾ ਕਮਾਡਿੰਗ ਅਫ਼ਸਰ ਪੀ.ਬੀ 23 ਬਟਾਲੀਅਨ ਐਨ.ਸੀ.ਸੀ ਰੂਪਨਗਰ ਅਤੇ ਕਰਨਲ ਐਲ.ਕੇ ਅਗਰਵਾਲ ਐਡਮ ਅਫ਼ਸਰ ਪੀਬੀ 23 ਬਟਾਲੀਅਨ ਐਨ.ਸੀ.ਸੀ ਰੂਪਨਗਰ ਮੁੱਖ ਮਹਿਮਾਨ ਵਜੋਂ ਪਹੁੰਚ ਕੇ ਕੈਡਿਟਾਂ ਦੀ ਹੌਸਲਾ ਅਫ਼ਜਾਈ ਕੀਤੀ।ਇਸ ਦੌਰਾਨ ਐਨ.ਸੀ.ਸੀ ਕੈਡਿਟਾਂ ਨੂੰ ਸੰਬੋਧਨ ਕਰਦਿਆਂ ਕਰਨਲ ਐਸ.ਬੀ ਰਾਣਾ ਨੇ ਕਿਹਾ ਕਿ ਇਨ੍ਹਾਂ ਸਿਖਲਾਈ ਕੈਂਪਾਂ ਦਾ ਮੁੱਖ ਉਦੇਸ਼ ਐਨ.ਸੀ.ਸੀ ਕੈਡਿਟਾਂ 'ਚ ਏਕਤਾ ਅਤੇ ਅਨੁਸ਼ਾਸਨ ਪੈਦਾ ਕਰਕੇ ਦੇਸ਼ ਸੇਵਾ ਅਤੇ ਬਿਹਤਰ ਰਾਸ਼ਟਰ ਨਿਰਮਾਣ ਕਰਨ ਵੱਲ ਪ੍ਰੇਰਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਐਨ.ਸੀ.ਸੀ ਦੁਨੀਆਂ ਦਾ ਸੱਭ ਤੋਂ ਵਿਸ਼ਾਲ ਵਰਦੀਧਾਰੀ ਨੌਜਵਾਨ ਸੰਗਠਨ ਹੈ, ਜਿਸ ਦੀ ਰਾਸ਼ਟਰ ਨਿਰਮਾਣ 'ਚ ਵੱਡੀ ਭੂਮਿਕਾ ਹੈ। ਇਸ ਮੌਕੇ ਬੋਲਦਿਆਂ ਕਰਨਲ ਐਲ.ਕੇ ਅਗਰਵਾਲ ਨੇ ਕਿਹਾ ਕਿ ਐਨ.ਸੀ.ਸੀ ਦਾ ਸਮਾਜਿਕ ਪੱਧਰ 'ਤੇ ਮਹੱਤਵਪੂਰਨ ਯੋਗਦਾਨ ਰਿਹਾ ਹੈ, ਲੀਡਰਸ਼ਿਪ ਅਤੇ ਸਖ਼ਸ਼ੀਅਤ ਵਿਕਾਸ ਤੋਂ ਇਲਾਵਾ ਵਾਤਾਵਰਣ ਸੰਭਾਲ ਲਈ ਸਵੱਛ ਭਾਰਤ ਮੁਹਿੰਮਾਂ ਵਰਗੀਆਂ ਗਤੀਵਿਧੀਆਂ 'ਚ ਐਨ.ਸੀ.ਸੀ ਮੋਹਰੀ ਭੂਮਿਕਾ ਨਿਭਾ ਰਹੇ ਹਨ।ਉਨ੍ਹਾਂ ਕਿਹਾ ਕਿ ਐਨ.ਸੀ.ਸੀ ਰਾਸ਼ਟਰ ਦੀ ਅਗਵਾਈ ਲਈ ਜਿਥੇ ਨੌਜਵਾਨਾਂ ਨੂੰ ਤਿਆਰ ਕਰ ਰਹੀ ਹੈ ਉਥੇ ਹੀ ਸਿੱਖਿਅਤ, ਅਨੁਸ਼ਾਸਤ ਅਤੇ ਪ੍ਰੇਰਿਤ ਯੁਵਕਾਂ ਦਾ ਭੰਡਾਰ ਬਣਾਉਣ 'ਚ ਲਗਾਤਾਰ ਸੇਵਾਵਾਂ ਦੇ ਰਹੀ ਹੈ।
ਟ੍ਰੇਨਿੰਗ ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਐਨ.ਸੀ.ਸੀ ਵਿੰਗ ਦੇ ਐਸੋਸੀਏਟ ਐਨ.ਸੀ.ਸੀ ਅਫ਼ਸਰ ਲੈਫ਼ਟੀਨੈਂਟ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੰਜ ਰੋਜ਼ਾ ਐਨ.ਸੀ.ਸੀ ਕੈਂਪ 'ਚ ਚੰਡੀਗੜ੍ਹ ਯੂਨੀਵਰਸਿਟੀ ਤੋਂ ਇਲਾਵਾ ਮੋਹਾਲੀ ਜ਼ਿਲ੍ਹੇ ਦੀਆਂ ਵੱਖ-ਵੱਖ ਵਿਦਿਅਕ ਸੰਸਥਾਵਾਂ ਤੋਂ 170 ਦੇ ਕਰੀਬ ਐਨ.ਸੀ.ਸੀ ਕੈਡਿਟਾਂ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਦੱਸਿਆ ਕਿ ਸਿਖਲਾਈ ਕੈਂਪ ਦੌਰਾਨ ਕੈਡਿਟਾਂ ਨੂੰ ਹਥਿਆਰ ਚਲਾਉਣ ਅਤੇ ਰੱਖ ਰਖਾਵ ਸਬੰਧੀ ਟ੍ਰੇਨਿੰਗ, ਬੈਟਲ ਕ੍ਰਾਫ਼ਟ ਅਤੇ ਫ਼ੀਲਡ ਕਰਾਫ਼ਟ ਟ੍ਰੇਨਿੰਗ, ਡਰਿੱਲ, ਨਕਸ਼ਾ ਪੜ੍ਹਨਾ, ਐਸ.ਬੀ.ਐਸ ਟ੍ਰੇਨਿੰਗ ਆਦਿ ਗਤੀਵਿਧੀਆਂ ਸਬੰਧੀ ਸਿਖਲਾਈ ਦਿੱਤੀ ਗਈ। ਸਾਰੀਆਂ ਗਤੀਵਿਧੀਆਂ 'ਚ ਕੈਡਿਟਾਂ ਵੱਲੋਂ ਦਿਲਚਸਪੀ ਨਾਲ ਸ਼ਮੂਲੀਅਤ ਕੀਤੀ ਗਈ।ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਕੈਡਿਟਾਂ ਨੂੰ ਬੀ ਅਤੇ ਸੀ ਇਮਤਿਹਾਨ ਦੀ ਤਿਆਰੀ ਸਬੰਧੀ ਵੀ ਸਿਖਲਾਈ ਦਿੱਤੀ ਗਈ। ਲੈਫ਼. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਿਖਲਾਈ ਕੈਂਪ ਦੌਰਾਨ ਕੈਡਿਟਾਂ ਦੇ 'ਵੈਪਨ ਹੈਂਡਲਿੰਗ' ਅਤੇ ਡਰਿੱਲ ਸਬੰਧੀ ਮੁਕਾਬਲੇ ਕਰਵਾਏ ਗਏ, ਜਿਨ੍ਹਾਂ 'ਚ ਜੇਤੂ ਰਹੇ ਕੈਡਿਟ ਸੂਰਜ ਸਚਾਨ ਅਤੇ ਕੈਡਿਟ ਕੇ. ਗਰਿਸ਼ ਨੂੰ ਐਨ.ਸੀ.ਸੀ ਏ-ਗ੍ਰੇਡ ਸਰਟੀਫ਼ੀਕੇਟ ਭੇਂਟ ਕੀਤਾ ਗਿਆ।ਇਸ ਸਬੰਧੀ ਗੱਲਬਾਤ ਕਰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਆਰ.ਐਸ ਬਾਵਾ ਨੇ ਕਿਹਾ ਕਿ ਸਿਖਲਾਈ ਕੈਂਪ ਦੌਰਾਨ ਮਾਹਰ ਟ੍ਰੇਨਰਾਂ ਵੱਲੋਂ ਕੈਡਿਟਾਂ ਨੂੰ ਵੱਖ-ਵੱਖ ਗਤੀਵਿਧੀਆਂ ਸਬੰਧੀ ਸਿਖਲਾਈ ਦਿੱਤੀ ਗਈ, ਜਿਸ ਸਦਕਾ ਕੈਡਿਟ ਐਨ.ਸੀ.ਸੀ ਨੂੰ ਜੀਵਨ ਦਾ ਹਿੱਸਾ ਬਣਾਕੇ ਆਪਣੇ ਕਰੀਅਰ ਨੂੰ ਨਵੀਂ ਦਿਸ਼ਾ ਦੇ ਸਕਦੇ ਹਨ।ਉਨ੍ਹਾਂ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਦਾ ਐਨ.ਸੀ.ਸੀ ਵਿੰਗ ਜਿਥੇ ਸਮਾਜਿਕ ਗਤੀਵਿਧੀਆਂ 'ਚ ਮੋਹਰਲੀ ਕਤਾਰ 'ਚ ਸ਼ਾਮਲ ਰਹਿੰਦਾ ਹੈ ਉਥੇ ਹੀ ਐਨ.ਸੀ.ਸੀ ਦੇ ਅਨੁਸ਼ਾਸਨ ਅਤੇ ਏਕਤਾ ਦੇ ਉਦੇਸ਼ ਦੀ ਪਾਲਣਾ ਕਰਦੇ ਹੋਏ 'ਵਰਸਿਟੀ ਦੇ ਕੈਡਿਟ ਫ਼ੌਜ 'ਚ ਬਤੌਰ ਅਫ਼ਸਰ ਭਰਤੀ ਹੋ ਕੇ ਦੇਸ਼ ਦੀ ਸੇਵਾ 'ਚ ਅਹਿਮ ਯੋਗਦਾਨ ਪਾ ਰਹੇ ਹਨ।ਉਨ੍ਹਾਂ ਦੱਸਿਆ ਕਿ ਹੁਣ ਤੱਕ 'ਵਰਸਿਟੀ ਦੇ 23 ਤੋਂ ਵੱਧ ਐਨ.ਐਨ.ਸੀ ਕੈਡਿਟ ਵੱਖ-ਵੱਖ ਭਾਰਤੀ ਫ਼ੌਜਾਂ 'ਚ ਬਤੌਰ ਅਫ਼ਸਰ ਸੇਵਾਵਾਂ ਨਿਭਾ ਰਹੇ ਹਨ।