ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫ਼ਸਰ, ਪੰਜਾਬ ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਵਿਧਾਨ ਸਭਾ ਹਲਕਾ 052 ਖਰੜ, 53 ਐਸ.ਏ.ਐਸ ਨਗਰ , 112 ਡੇਰਾਬੱਸੀ ਵੱਲੋਂ 11ਵਾਂ ਰਾਸ਼ਟਰੀ ਵੋਟਰ ਦਿਵਸ ਜਿਲ੍ਹਾ ਪੱਧਰ ਤੇ ਪ੍ਰਬੰਧਕੀ ਕੰਪਲੈਕਸ ਵਿੱਚ ਸਹਾਇਕ ਕਮਿਸ਼ਨਰ ਜਨਰਲ ਮਨੀਸ਼ਾ ਰਾਣਾ ਆਈ.ਏ.ਐਸ. ਦੀ ਅਗਵਾਈ ਵਿੱਚ ਕਰਵਾਇਆ ਗਿਆ।ਹਰੇਕ ਨੌਜਵਾਨ ਨੂੰ 18 ਸਾਲ ਦਾ ਹੋਣ ਉਤੇ ਆਪਣੀ ਵੋਟ ਬਣਾਉਣ ਦਾ ਸੱਦਾ ਦਿੰਦਿਆਂ ਮਨੀਸ਼ਾ ਰਾਣਾ ਨੇ ਕਿਹਾ ਕਿ ਲੋਕਤੰਤਰ ਦੀਆਂ ਜੜ੍ਹਾਂ ਮਜ਼ਬੂਤ ਕਰਨ ਲਈ ਵੋਟ ਬਣਾਉਣ ਅਤੇ ਵੋਟ ਦੀ ਸਹੀ ਵਰਤੋਂ ਬੇਹੱਦ ਜ਼ਰੂਰੀ ਹੈ । ਸਾਡੇ ਸੰਵਿਧਾਨ ਨੇ ਹਰੇਕ ਯੋਗ ਨਾਗਰਿਕ ਨੂੰ ਵੋਟ ਦਾ ਅਧਿਕਾਰ ਦੇ ਕੇ ਇੱਕ ਅਜਿਹੀ ਤਾਕਤ ਪ੍ਰਦਾਨ ਕੀਤੀ ਹੈ, ਜਿਸ ਦੀ ਵਰਤੋਂ ਕਰਕੇ ਅਸੀਂ ਆਪਣੇ ਭਵਿੱਖ ਨੂੰ ਸੁਰੱਖਿਅਤ ਕਰ ਸਕਦੇ ਹਾਂ। ਉਨ੍ਹਾਂ ਸਮਾਗਮ ਦੌਰਾਨ ਹਾਜ਼ਰੀਨ ਨੂੰ ਜਮਹੂਰੀ ਪ੍ਰੰਪਰਾਵਾਂ ਨੂੰ ਬਣਾਈ ਰੱਖਣ, ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਨ ਚੋਣ ਦੀ ਗਰਿਮਾ ਨੂੰ ਬਰਕਰਾਰ ਰੱਖਦੇ ਹੋਏ ਬਿਨ੍ਹਾਂ ਕਿਸੇ ਡਰ, ਭੈਅ, ਲਾਲਚ ਤੋਂ ਆਪਣੀ ਵੋਟ ਦਾ ਇਸਤੇਮਾਲ ਕਰਨ ਸਬੰਧੀ ਸਹੁੰ ਵੀ ਚੁਕਾਈ।ਸਹਾਇਕ ਕਮਿਸ਼ਨਰ ਜਨਰਲ ਨੇ ਕਿਹਾ ਕਿ ਹਰੇਕ ਨਾਗਰਿਕ ਦਾ ਫ਼ਰਜ਼ ਬਣਦਾ ਹੈ ਕਿ ਉਹ ਨਿਰਪੱਖ ਹੋ ਕੇ ਸਹੀ ਉਮੀਦਵਾਰਾਂ ਨੂੰ ਹੀ ਵੋਟ ਪਾਵੇ ਤਾਂ ਜੋ ਸਾਡਾ ਦੇਸ਼ ਵਿਕਾਸ ਦੀਆਂ ਬੁਲੰਦੀਆਂ `ਤੇ ਪਹੁੰਚ ਸਕੇ। ਉਨ੍ਹਾਂ ਨੌਜਵਾਨਾਂ ਨੂੰ ਆਪਣੀ ਵੋਟ ਲਾਜ਼ਮੀ ਬਣਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਨੌਜਵਾਨ ਭਵਿੱਖ ਦੇ ਨਿਰਮਾਤਾ ਹੁੰਦੇ ਹਨ ਅਤੇ ਸਮਾਜ ਦੇ ਭਵਿੱਖ ਨੂੰ ਤਾਂ ਹੀ ਸੁਰੱਖਿਅਤ ਰੱਖਿਆ ਜਾ ਸਕਦਾ ਹੈ, ਜੇ ਸਹੀ ਸੋਚ ਵਾਲੇ ਉਮੀਦਵਾਰਾਂ ਨੂੰ ਹੀ ਵੋਟਾਂ ਪਾਈਆਂ ਜਾਣ। ਉਨ੍ਹਾਂ ਕਿਹਾ ਕਿ ਨੌਜਵਾਨ ਜਦੋਂ 18 ਸਾਲ ਦੇ ਹੋ ਜਾਣ ਤਾਂ ਉਹ ਆਪਣੀ ਵੋਟ ਸਬੰਧੀ ਬੀ.ਐਲ.ਓ./ਈ.ਆਰ.ਓ ਕੋਲ ਫਾਰਮ ਨੰਬਰ 6 ਭਰ ਕੇ ਰਜਿਸਟਰ ਕਰਵਾ ਸਕਦੇ ਹਨ ਜਾਂ ਆਨਲਾਈਨ ਐਨ.ਵੀ.ਐਸ.ਪੀ. ਪੋਰਟਲ ’ਤੇ ਵੀ ਰਜਿਸਟਰਡ ਕਰਵਾ ਸਕਦੇ ਹਨ। ਨੌਜਵਾਨਾਂ ਦਾ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਸਮੇਤ ਹੋਰਾਂ ਨੂੰ ਆਪਣੀ ਵੋਟ ਬਣਾਉਣ ਲਈ ਪ੍ਰੇਰਿਤ ਕਰਨ।
ਇਸ ਮੌਕੇ ਪ੍ਰੋਜੈਕਟਰ ਰਾਹੀਂ ਵੋਟਾਂ ਸਬੰਧੀ ਭਾਰਤ ਦੇ ਚੋਣ ਕਮਿਸ਼ਨ ਦਾ ਵੀਡੀਓ ਸੰਦੇਸ਼ ਦਿਖਾਇਆ ਗਿਆ ਅਤੇ ਈ.ਵੀ.ਐਮ/ ਵੀ.ਵੀ.ਪੈਟ ਸਬੰਧੀ ਪ੍ਰੋਜੈਕਟਰ ਰਾਹੀਂ ਫਿਲਮ ਵੀ ਦਿਖਾਈ ਗਈ।ਇਸ ਤੋਂ ਪਹਿਲਾ ਵੋਟਰਾ ਅਤੇ ਨਾਗਰਿਕਾਂ ਨੂੰ ਲੋਕਤੰਤਰ ਦੀ ਕਦਰਾ ਕੀਮਤਾ ਸਬੰਧੀ ਵੀ ਸਹੁੰ ਚੁਕਾਈ ਗਈ ਅਤੇ 18 ਤੋਂ 19 ਸਾਲ ਦੇ ਨਵੇਂ ਵੋਟਰਾਂ ਨੂੰ ਫੋਟੋ ਵੋਟਰ ਕਾਰਡ ਵੀ ਵੰਡੇ ਗਏ ਅਤੇ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਵਿੱਚ ਸ਼ਲਾਘਾਯੋਗ ਕਾਰਗੁਜ਼ਾਰੀ ਵਿਖਾਉਦਿਆਂ ਜ਼ਿਲ੍ਹੇ ਵਿੱਚੋਂ ਅੱਵਲ ਰਹਿਣ ਵਾਲੇ ਕਰਮਚਾਰੀਆਂ ਦਾ ਸਨਮਾਨ ਕੀਤਾ ਗਿਆ ਅਤੇ ਨਕਦ ਇਨਾਮ ਤੇ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਵੱਖ ਵੱਖ ਸਕੂਲਾਂ, ਕਾਲਜਾਂ ਅਤੇ ਆਂਗਣਵਾੜੀ ਵਰਕਰਾਂ ਦੇ ਵੋਟਰ ਜਾਗਰੂਕਤਾ ਸਬੰਧੀ ਕਰਵਾਏ ਗਏ ਸਲੋਗਨ ਲੇਖਣ, ਪੋਸਟਰ ਮੇਕਿੰਗ ਅਤੇ ਭਾਸ਼ਣ ਮੁਕਾਬਿਲਆਂ ਦੇ ਜੇਤੂਆਂ ਦਾ ਸਨਮਾਨ ਕੀਤਾ ਗਿਆ।ਇਸ ਮੋਕੇ ਬੈਸਟ ਚੋਣਕਾਰ ਰਜਿਸਟਰੇਸ਼ਨ ਅਫਸਰ ਕਮ ਉਪ ਮੰਡਲ ਮੈਜਿਸਟਰੇਟ ਹਲਕਾ 52 ਖਰੜ ਨੂੰ ਬੈਸਟ ਚੋਣਕਾਰ ਰਜਿਸਟਰੇਸ਼ਨ ਵਜੋਂ ਐਲਾਨਿਆ ਗਿਆ ਇਸ ਮੋਕੇ ਤੇ ਸ਼੍ਰੀਮਤੀ ਮਧੂ ਬਾਲਾ ਨੂੰ ਬੈਸਟ ਬੀ.ਐਲ.ਓ ਵਜੋਂ ਪ੍ਰਸੰਸਾ ਪੱਤਰ ਦਿੱਤਾ ਗਿਆ ਇਸ ਦੇ ਨਾਲ ਹੀ , ਹਲਕਾ 53 ਦੇ ਜਗਜੀਤ ਸਿੰਘ ਅਤੇ ਹਲਕਾ 112 ਸ਼੍ਰੀ ਮਨੀਸ਼ ਕੁਮਾਰ ਬੈਸਟ ਨੋਡਲ ਅਫਸਰ ਵੱਜੋਂ ਸਨਮਾਨ ਪੱਤਰ ਦਿੱਤੇ ਗਏ। ਇਸ ਦੇ ਨਾਲ ਹੀ ਨਵੇਂ ਵੋਟਰਾਂ ਅਤੇ ਆਮ ਜਨਤਾ 01 ਫਰਵਰੀ ਤੋਂ ਬਾਅਦ ਈ.ਐਪੀਕ ਨੂੰ ਕਿਵੇਂ ਡਾਊਨਲੋਡ ਕਰਨ ਬਾਰੇ ਦੱਸਿਆ ਗਿਆ ਅਤੇ ਈ-ਐਪੀਕ ਦੀ ਜਾਗਰੂਕਤਾ ਫੈਲਾਉਣ ਲਈ ਇੱਕ ਮੋਬਾਇਲ ਵੈਨ ਚਲਾਈ ਗਈ, ਜਿਸ ਨੂੰ ਸਹਾਇਕ ਕਮਿਸ਼ਨਰ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।