ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਚੰਡੀਗੜ ਤੋਂ ਇਕ ਆਨਲਾਈਨ ਸਮਾਗਮ ਦੌਰਾਨ ਸੂਬੇ ਭਰ ਵਿਚ 107 ਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਦਾ ਉਦਘਾਟਨ ਕੀਤਾ। ਇਸ ਮੌਕੇ ਉਨਾਂ ਨੇ ਕੋਵਿਡ ਦੌਰਾਨ ਸਲਾਘਾਯੋਗ ਭੂਮਿਕਾ ਨਿਭਾਉਣ ਵਾਲੇ ਮੈਡੀਕਲ ਸਟਾਫ ਅਤੇ ਪੈਰਾ ਮੈਡੀਕਲ ਸਟਾਫ ਦੀ ਸਰਾਹਨਾ ਕਰਦਿਆਂ ਕਿਹਾ ਕਿ ਇੰਨਾਂ ਯੋਧਿਆ ਨਾਲ ਹੀ ਅਸੀਂ ਇਸ ਬਿਮਾਰੀ ਤੇ ਕਾਬੂ ਪਾਊਣ ਵਿਚ ਸਫਲ ਹੋਏ ਹਾਂ। ਇਸ ਮੌਕੇ ਉਨਾਂ ਨੇ ਕੋਵਿਡ ਦੇ ਵਰਤਮਾਨ ਰੁਝਾਨ ਦੇ ਮੱਦੇਨਜਰ ਸੂਬਾ ਵਾਸੀਆਂ ਨੂੰ ਵਧੇਰੇ ਸਾਵਧਾਨ ਰਹਿਣ ਦੀ ਅਪੀਲ ਕਰਦਿਆਂ ਮਿਸ਼ਨ ਫਤਿਹ ਤਹਿਤ ‘ਮਾਸਕ ਹੀ ਵੈਕਸੀਨ ਹੈ’ ਦਾ ਨਾਅਰਾ ਦਿੱਤਾ ਜੋ ਇਸ ਲੜਾਈ ਵਿਚ ਸਾਡੇ ਲਈ ਕਾਰਗਰ ਸਿੱਧ ਹੋ ਸਕਦਾ ਹੈ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਸਿਹਤ ਕੇਂਦਰ ਲੋਕਾਂ ਨੂੰ ਉਨਾਂ ਦੇ ਘਰਾਂ ਦੇ ਨਜਦੀਕ ਹੀ ਮੁੱਢਲੀਆਂ ਸਿਹਤ ਸੇਵਾਵਾਂ ਦੇਣਗੇ। ਉਨਾਂ ਨੇ ਦੱਸਿਆ ਕਿ ਇੰਨਾਂ ਸਿਹਤ ਕੇਂਦਰਾਂ ਵਿਚ 27 ਪ੍ਰਕਾਰ ਦੀਆਂ ਦਵਾਈਆਂ ਅਤੇ 6 ਪ੍ਰਕਾਰ ਦੇ ਮੈਡੀਕਲ ਟੈਸਟ ਬਿਲਕੁਲ ਮੁਫ਼ਤ ਕੀਤੇ ਜਾਂਦੇ ਹਨ। ਉਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਵੀ ਮੰਨਿਆਂ ਹੈ ਕਿ ਪੰਜਾਬ ਸਿਹਤ ਸਹੁਲਤਾਂ ਮੁਹਈਆਂ ਕਰਵਾਉਣ ਵਿਚ ਮੋਹਰੀ ਸੂਬਾ ਹੈ। ਉਨਾਂ ਨੇ ਕਿਹਾ ਕਿ ਰਾਜ ਵਿਚ 3049 ਕੇਂਦਰ ਸਥਾਪਿਤ ਕੀਤੇ ਜਾਣ ਦਾ ਟੀਚਾ ਹੈ ਜਿਸ ਵਿਚੋਂ 2046 ਸਥਾਪਿਤ ਕੀਤੇ ਜਾ ਚੁੱਕੇ ਹਨ। ਜਦ ਕਿ 800 ਹੋਰ ਅਗਲੇ ਦੋ ਮਹੀਨੇ ਵਿਚ ਸ਼ੁਰੂ ਕਰ ਦਿੱਤੇ ਜਾਣਗੇ।ਕੋਵਿਡ ਦਾ ਜਿਕਰ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਰਾਜ ਸਰਕਾਰ ਨੇ ਪੀਪੀਈ ਕਿੱਟਾਂ, 95 ਐਨ ਮਾਸਕ ਅਤੇ ਹੋਰ ਡਾਕਟਰੀ ਸਾਜੋ ਸਮਾਨ ਤੇ ਰਾਜ ਵਿਚ 184.95 ਕਰੋੜ ਰੁਪਏ ਖਰਚ ਕੀਤੇ ਹਨ ਜਦ ਕਿ 5.57 ਕਰੋੜ ਦੀਆਂ ਦਵਾਈਆਂ ਮੁਹਈਆ ਕਰਵਾਈਆਂ ਗਈਆਂ ਹਨ। ਇਸ ਮੌਕੇ ਮੁੱਖ ਮੰਤਰੀ ਨੇ ਸਿਹਤ ਬੀਮਾ ਯੋਜਨਾ, ਬਾਲ ਸਵਾਸਥਯ ਕਾਰਯਕ੍ਰਮ, ਹੈਪੇਟਾਈਟਸ ਅਤੇ ਕੈਂਸਰ ਦੇ ਇਲਾਜ ਦੀ ਸਹੁਲਤ ਅਤੇ ਨਸ਼ਾ ਮੁਕਤ ਪੰਜਾਬ ਦੀ ਸਿਰਜਣਾ ਲਈ ਸਿਹਤ ਵਿਭਾਗ ਦੇ ਕੰਮਾਂ ਬਾਰੇ ਵੀ ਜਾਣਕਾਰੀ ਦਿੱਤੀ।
ਇਸ ਮੌਕੇ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ: ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਇੰਨਾਂ ਸਿਹਤ ਕੇਂਦਰਾਂ ਵਿਚ ਮਾਰਚ 2019 ਤੋਂ ਹੁਣ ਤੱਕ 55 ਲੱਖ ਲੋਕਾਂ ਨੇ ਇਲਾਜ ਕਰਵਾਇਆ ਹੈ।ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ, ਸਕੱਤਰ ਸਿਹਤ ਵਿਭਾਗ ਸ੍ਰੀ ਹੁਸਨ ਲਾਲ ਨੇ ਵੀ ਇਨ੍ਹਾ ਸਮਾਗਮਾਂ ਨੂੰ ਸੰਬੋਧਨ ਕੀਤਾ। ਇਸ ਤੋਂ ਬਿਨਾਂ ਵੱਖ ਵੱਖ ਜ਼ਿਲਿਆਂ ਤੋਂ ਡਾਕਟਰਾਂ ਅਤੇ ਸਿਹਤ ਕਰਮੀਆਂ ਨੇ ਵੀ ਆਨਲਾਈਨ ਮੁੱਖ ਮੰਤਰੀ ਨਾਲ ਗੱਲਬਾਤ ਕੀਤੀ।ਜ਼ਿਲੇ ਦੇ ਡਿਪਟੀ ਕਮਿਸ਼ਨਰ ਸ: ਗੁਰਪਾਲ ਸਿੰਘ ਚਾਹਲ ਨੇ ਦੱਸਿਆ ਕਿ ਜ਼ਿਲੇ ਵਿਚ 101 ਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਤੋਂ ਲੋਕਾਂ ਨੂੰ ਲਾਭ ਮਿਲੇਗਾ. ਇਨ੍ਹਾਂ ਸਿਹਤ ਕੇਂਦਰਾਂ ਤੋਂ ਲੋਕ ਆਪਣੇ ਘਰਾਂ ਦੇ ਨੇਡ਼ੇ ਹੀ ਆਪਣੀਆਂ ਦਵਾਈਆਂ ਅਤੇ ਸਿਹਤ ਦੀ ਜਾਂਚ ਕਰਵਾ ਸਕਣਗੇ।ਇਸ ਮੌਕੇ ਜ਼ਿਲਾ ਸਦਰ ਮੁਕਾਮ ਤੋਂ ਸਮਾਗਮ ਵਿਚ ਸ਼ਿਰਕਤ ਕਰਦਿਆਂ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸਰਦਾਰ ਪਰਮਿੰਦਰ ਸਿੰਘ ਪਿੰਕੀ ਦੇਦੀ ਪਤਨੀ ਇੰਦਰਜੀਤ ਕੌਰ ਖੋਸਾ ਨੇ ਪਿੰਡ ਰੱਖੜੀ ਵਿਖੇ ਤੰਦਰੁਸਤ ਸਿਹਤ ਕੇਂਦਰ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀ ਸਿਹਤ ਸਹੂਲਤ ਲਈ ਬਹੁਤ ਵਧੀਆ ਉਪਰਾਲੇ ਕਰ ਰਹੀ ਹੈ ਅਤੇ ਇਨ੍ਹਾਂ ਸਿਹਤ ਕੇਂਦਰਾਂ ਤੋਂ ਲੋਕਾਂ ਨੂੰ ਆਪਣੇ ਘਰਾਂ ਦੇ ਨੇੜੇ ਹੀ ਸਿਹਤ ਸਹੂਲਤਾਂ ਮੁਹੱਈਆ ਹੋਣਗੀਆਂ ਜਿਸ ਕਰਕੇ ਲੋਕਾਂ ਵਿਚ ਵੀ ਖੁਸ਼ੀ ਦਾ ਮਾਹੌਲ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਫ਼ੈਸਲੇ ਨਾਲ ਲੋਕਾਂ ਨੂੰ ਆਪਣੇ ਪਿੰਡਾਂ ਦੇ ਵਿਚ ਹੀ ਸਿਹਤ ਸਹੂਲਤਾਂ ਮੁਹੱਈਆ ਹੋਣਗੀਆਂ ਪਹਿਲਾਂ ਲੋਕਾਂ ਨੂੰ ਆਪਣੇ ਇਲਾਜ ਲਈ ਦੂਰ ਦੁਰਾਡੇ ਸ਼ਹਿਰਾਂ ਵਿੱਚ ਜਾਣਾ ਪੈਂਦਾ ਸੀ। ਇਸ ਤੋਂ ਇਲਾਵਾ ਪਿੰਡ ਬਾਰੇ ਕੇ ਵਿਖੇ ਸਿਵਲ ਸਰਜਨ ਡਾ. ਵਿਨੋਦ ਸਰੀਨ ਨੇ ਸਿਹਤ ਕੇਂਦਰ ਦਾ ਉਦਘਾਟਨ ਕੀਤਾ। ਇਸ ਮੌਕੇ ਐੱਸਡੀਐੱਮ ਫਿਰੋਜ਼ਪੁਰ ਸ਼੍ਰੀ ਅਮਿਤ ਗੁਪਤਾ ਡਾ. ਜੀ. ਬੀ. ਸਿੰਘ, ਡਾ. ਰਾਜੀਵ ਬੈਂਸ ਐੱਸ ਐੱਮ ਓ ਮਮਦੋਟ , ਬਲਾਕ ਐਜੂਕੇਟਰ ਮਮਦੋਟ ਸ੍ਰੀ ਅੰਕੁਸ਼ ਭੰਡਾਰੀ, ਬਲਵੀਰ ਬਾਠ, ਸੁਖਵਿੰਦਰ ਅਟਾਰੀ, ਰਿੰਕੂ ਗਰੋਵਰ, ਸੁਬੇਗ ਸਿੰਘ, ਤਰਸੇਮ ਸਿੰਘ, ਅਮਨਦੀਪ ਸਿੰਘ ਅਤੇ ਮਲਕੀਤ ਸਿੰਘ ਆਦਿ ਹਾਜ਼ਰ ਸਨ।