ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਅੱਜ ਇਥੇ ਕਿਹਾ ਕਿ ਪੀਏਪੀ ਚੌਕ ਵਿਖੇ ਟ੍ਰੈਫਿਕ ਸਮੱਸਿਆ ਨੂੰ ਦੂਰ ਕਰਨ ਲਈ 32 ਕਰੋੜ ਰੁਪਏ ਦੀ ਲਾਗਤ ਨਾਲ ਮੈਗਾ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ, ਜੋ ਅਗਲੇ ਸਾਲ ਜੂਨ ਦੇ ਅਖੀਰ ਤੱਕ ਮੁਕੰਮਲ ਹੋ ਜਾਵੇਗਾ।ਡਿਪਟੀ ਕਮਿਸ਼ਨਰ ਨੇ ਪੀਏਪੀ ਚੌਕ ਵਿਖੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਆਪਣੀ ਫੇਰੀ ਦੌਰਾਨ ਕਿਹਾ ਕਿ ਸ਼ਹਿਰ ਵਾਸੀਆਂ ਦੀ ਮੰਗ ਕੀਤੀ ਜਾ ਰਹੀ ਸੀ ਕਿ ਉਨ੍ਹਾਂ ਨੂੰ ਪੀਏਪੀ ਫਲਾਈਓਵਰ ਤੱਕ ਪਹੁੰਚ ਮੁਹੱਈਆ ਕਰਵਾਈ ਜਾਵੇ ਤਾਂ ਜੋ ਉਨ੍ਹਾਂ ਨੂੰ ਅੰਮ੍ਰਿਤਸਰ ਵਾਲੇ ਪਾਸੇ ਜਾਣ ਲਈ ਰਾਮਾ ਮੰਡੀ ਚੌਕ ਵਿਚੋਂ ਲੰਘਣ ਦੀ ਲੋੜ ਨਾ ਪਵੇ।ਥੋਰੀ ਨੇ ਦੱਸਿਆ ਕਿ ਪੀਏਪੀ ਰੇਲਵੇ ਕਰਾਸਿੰਗ ਵਿਖੇ ਇਕ ਨਵਾਂ ਰੇਲਵੇ ਓਵਰ ਬ੍ਰਿਜ (ਆਰਓਬੀ) ਬਣਾਉਣ ਲਈ 32 ਕਰੋੜ ਰੁਪਏ ਲਾਗਤ ਵਾਲੇ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਤੋਂ ਇਲਾਵਾ ਸ਼ਹਿਰ ਵਾਸੀਆਂ ਨੂੰ ਨਵੇਂ ਆਰਓਬੀ ਤੱਕ ਪਹੁੰਚਣ ਲਈ ਇਕ ਨਵਾਂ ਰੈਂਪ ਵੀ ਬਣਾਇਆ ਜਾਵੇਗਾ।ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਦੇ ਮੁਕੰਮਲ ਹੋਣ ਨਾਲ ਸ਼ਹਿਰ ਦੀ ਟ੍ਰੈਫਿਕ ਨੂੰ ਰਾਮਾ ਮੰਡੀ ਚੌਕ ਨਹੀਂ ਜਾਣਾ ਪਵੇਗਾ ਕਿਉਂਕਿ ਨਵੇਂ ਬਣੇ ਇਸ ਰੈਂਪ ਦੀ ਵਰਤੋਂ ਕਰਦਿਆਂ ਸਿੱਧਾ ਆਰਓਬੀ ਤੱਕ ਪਹੁੰਚਿਆ ਜਾ ਸਕੇਗਾ ਅਤੇ ਅੰਮ੍ਰਿਤਸਰ ਰੋਡ ਤੋਂ ਆਉਣ ਵਾਲੀ ਟ੍ਰੈਫਿਕ ਲਈ ਵੀ ਇਸੇ ਤਰ੍ਹਾਂ ਦੇ ਰੈਂਪ ਦੀ ਉਸਾਰੀ ਕੀਤੀ ਜਾਵੇਗੀ।
ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ (ਐਨਐਚਏਆਈ) ਦੇ ਪ੍ਰੋਜੈਕਟ ਡਾਇਰੈਕਟਰ ਯਸ਼ਪਾਲ ਸ਼ਰਮਾ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਪ੍ਰੋਜੈਕਟਾਂ ਦੀ ਰੂਪ ਰੇਖਾ ਆਖਰੀ ਪੜਾਅ ਵਿੱਚ ਹੈ, ਜਿਸ ਸਬੰਧੀ ਦਸੰਬਰ ਤੱਕ ਟੈਂਡਰ ਕੀਤੇ ਜਾਣੇ ਹਨ ਅਤੇ ਵਰਕ ਆਰਡਰ ਜਾਰੀ ਹੋਣ ਤੋਂ ਬਾਅਦ 6 ਮਹੀਨਿਆਂ ਵਿੱਚ ਕੰਮ ਮੁਕੰਮਲ ਕਰ ਦਿੱਤਾ ਜਾਵੇਗਾ। ਪ੍ਰੋਜੈਕਟ ਡਾਇਰੈਕਟਰ ਨੇ ਅੱਗੇ ਦੱਸਿਆ ਕਿ ਜੂਨ 2021 ਦੇ ਅੰਤ ਤੱਕ ਪੂਰਾ ਪ੍ਰੋਜੈਕਟ ਮੁਕੰਮਲ ਹੋ ਜਾਵੇਗਾ।ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਪੀਏਪੀ ਚੌਕ ਵਿਖੇ ਟ੍ਰੈਫਿਕ ਜੰਕਸ਼ਨ ਨੂੰ ਸੁਧਾਰਨ ਲਈ ਇਕ ਹੋਰ ਪ੍ਰੋਜੈਕਟ ਚੱਲ ਰਿਹਾ ਹੈ, ਜਿਸ 'ਤੇ ਤਕਰੀਬਨ 7 ਕਰੋੜ ਰੁਪਏ ਖਰਚ ਕੀਤੇ ਜਾਣਗੇ।ਥੋਰੀ ਨੇ ਕਿਹਾ ਕਿ ਪੀਏਪੀ ਚੌਕ ਵਿਖੇ ਟ੍ਰੈਫਿਕ ਦੇ ਪ੍ਰਵਾਹ ਨੂੰ ਸੁਚਾਰੂ ਤੇ ਨਿਰਵਿਘਨ ਬਣਾਉਣ, ਸੜਕ ਹਾਦਸਿਆਂ ਨੂੰ ਘੱਟ ਕਰਨ ਅਤੇ ਉਥੇ ਹੋਰ ਸੁੰਦਰੀਕਰਨ ਦੇ ਕੰਮਾਂ ਤੋਂ ਇਲਾਵਾ ਗੋਲ ਚੌਕ ਦੀ ਉਸਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਚੌਕ ਵਿੱਚ ਵੱਖ-ਵੱਖ ਕਿਸਮਾਂ ਦੇ ਰੁੱਖ ਅਤੇ ਪੌਦੇ ਲਗਾਏ ਜਾ ਰਹੇ ਹਨ, ਜੋ ਕਿ ਇਸ ਚੌਕ ਨੂੰ ਮਨਮੋਹਕ ਦਿੱਖ ਪ੍ਰਦਾਨ ਕਰਨਗੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਚੌਕ ਦੇ ਹੇਠਾਂ ਇਕ ਰੇਨ ਵਾਟਰ ਸਿਸਟਮ ਵਿਕਸਤ ਕੀਤਾ ਗਿਆ ਹੈ, ਜੋ ਕਿ ਪੰਜਾਬ ਵਿੱਚ ਆਪਣੀ ਤਰ੍ਹਾਂ ਦਾ ਪਹਿਲਾ ਸਿਸਟਮ ਹੋਵੇਗਾ, ਜੋ ਆਸ-ਪਾਸ ਦੇ ਖੇਤਰਾਂ ਦੇ ਮੀਂਹ ਦੇ ਪਾਣੀ ਨੂੰ ਰਿਚਾਰਜ ਕਰੇਗਾ।ਇਸ ਮੌਕੇ ਹਾਜ਼ਰ ਹੋਰਨਾਂ ਤੋਂ ਇਲਾਵਾ ਐਸਡੀਐਮ ਰਾਹੁਲ ਸਿੰਧੂ, ਐਸਡੀਐਮ ਜੈਇੰਦਰ ਸਿੰਘ, ਸਹਾਇਕ ਕਮਿਸ਼ਨਰ ਹਰਦੀਪ ਸਿੰਘ ਅਤੇ ਹੋਰ ਮੌਜੂਦ ਸਨ।