ਪੰਜਾਬ ਸਰਕਾਰ ਵੱਲੋਂ ਰਾਜ ਭਰ ’ਚ ਨਸ਼ਿਆਂ ਖ਼ਿਲਾਫ਼ ਆਰੰਭੀ ਮੁਹਿੰਮ ਦੇ ਇਨ੍ਹਾਂ ਤਿੰਨ ਸਾਲਾਂ ’ਚ ਸਾਰਥਕ ਨਤੀਜੇ ਨਿਕਲੇ ਹਨ। ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਪੁਲਿਸ ਨੇ ਇਨ੍ਹਾਂ ਸਵਾ ਤਿੰਨ ਸਾਲਾਂ ’ਚ 895 ਐਨ ਡੀ ਪੀ ਐਸ ਦੇ ਪਰਚੇ ਦਰਜ ਕਰਕੇ 1115 ਤਸਕਰਾਂ ਨੂੰ ਜੇਲ੍ਹ ਭੇਜਣ ’ਚ ਸਫ਼ਲਤਾ ਹਾਸਲ ਕੀਤੀ ਹੈ। ਅੱਜ ਇੱਥੇ ‘ਨਸ਼ਿਆਂ ਖ਼ਿਲਾਫ਼ ਤੇ ਨਜਾਇਜ਼ ਤਸਕਰੀ ਖ਼ਿਲਾਫ਼ ਕੌਮਾਂਤਰੀ ਦਿਹਾੜੇ’ ਦੀ ਪੂਰਵ ਸੰਧਿਆਂ ’ਤੇ ਵਿਸ਼ੇਸ਼ ਗੱਲਬਾਤ ਦੌਰਾਨ ਐਸ ਐਸ ਪੀ ਅਲਕਾ ਮੀਨਾ ਨੇ ਕਿਹਾ ਕਿ ਜ਼ਿਲ੍ਹੇ ’ਚ ਨਸ਼ਿਆਂ ਦੀ ਤਸਕਰੀ ਕਿਸੇ ਵੀ ਹਾਲਤ ’ਚ ਬਰਦਾਸ਼ਤ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਸ਼ਾ ਮੁਕਤ ਕਰਨ ਦੇ ਕੀਤੇ ਵਾਅਦੇ ਨੂੰ ਜ਼ਿਲ੍ਹਾ ਪੁਲਿਸ ਪੂਰੀ ਸੰਜੀਦਗੀ ਨਾਲ ਲਾਗੂ ਕਰ ਰਹੀ ਹੈ ਅਤੇ ਨਸ਼ਾ ਤਸਕਰਾਂ ਖ਼ਿਲਾਫ਼ ਬਣਦੀ ਕਾਰਵਾਈ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਰੰਭੇ ਮਿਸ਼ਨ ਫ਼ਤਿਹ ਨੂੰ ਜ਼ਿਲ੍ਹਾ ਪੁਲਿਸ ਕੇਵਲ ਕੋਵਿਡ ਦੇ ਖਾਤਮੇ ਨਾਲ ਜੋੜ ਕੇ ਹੀ ਨਹੀਂ ਚੱਲ ਰਹੀ ਬਲਕਿ ਜ਼ਿਲ੍ਹੇ ਨੂੰ ਨਸ਼ਿਆਂ ਤੋਂ ਮੁਕਤ ਕਰਨ ਨਾਲ ਵੀ ਜੋੜ ਕੇ ਅੱਗੇ ਵਧ ਰਹੀ ਹੈ। ਉਨ੍ਹਾਂ ਦੱਸਿਆ ਕਿ ਹਰੇਕ ਪੁਲਿਸ ਅਧਿਕਾਰੀ ਅਤੇ ਕਰਮਚਾਰੀ ਨੂੰ ਸਖਤ ਹਦਾਇਤ ਕੀਤੀ ਗਈ ਹੈ ਕਿ ਨਸ਼ਾ ਤਸਕਰਾਂ ਨੂੰ ਕਿਸੇ ਵੀ ਹਾਲਤ ’ਚ ਬਖਸ਼ਿਆ ਨਾ ਜਾਵੇ ਅਤੇ ਜ਼ਿਲ੍ਹੇ ਨੂੰ ਨਸ਼ਾ ਮੁਕਤ ਬਣਾਇਆ ਜਾਵੇ।ਜ਼ਿਲ੍ਹੇ ’ਚ ਸਵਾ ਤਿੰਨ ਸਾਲ ਦੌਰਾਨ ਨਸ਼ਿਆਂ ਖ਼ਿਲਾਫ਼ ਪੁਲਿਸ ਦੀ ਸਫ਼ਲਤਾ ਦਾ ਵੇਰਵਾ ਦਿੰਦਿਆਂ ਉਨ੍ਹਾਂ ਦੱਸਿਆ ਕਿ ਹੁਣ ਤੱਕ ਦਰਜ ਉਕਤ ਮਾਮਲਿਆਂ ’ਚ 12 ਕਿਲੋ 401 ਗ੍ਰਾਮ ਹੈਰੋਇਨ, 16 ਕਿਲੋ 496 ਗ੍ਰਾਮ ਅਫ਼ੀਮ, 25 ਕੁਇੰਟਲ 28 ਕਿੱਲੋ ਪੋਸਟ ਚੂਰਾ, 10 ਕਿੱਲੋ 346 ਗ੍ਰਾਮ ਚਰਸ, 11 ਕਿੱਲੋ 565 ਗ੍ਰਾਮ ਗਾਂਜਾ, 12 ਕਿੱਲੋ 952 ਗ੍ਰਾਮ ਨਸ਼ੀਲਾ ਪਾਊਡਰ, 1530 ਐਮ ਐਲ ਨਸ਼ੀਲਾ ਤਰਲ, 19778 ਨਸ਼ੇ ਦੇ ਰੂਪ ’ਚ ਲਏ ਜਾਣ ਵਾਲੇ ਇੰਜੈਕਸ਼ਨ ਅਤੇ 106,997 ਨਸ਼ੇ ਦੇ ਰੂਪ ’ਚ ਵਰਤੀਆਂ ਜਾਣ ਵਾਲੀਆਂ ਗੋਲੀਆਂ ਦੀ ਬਰਾਮਦਗੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸਾਂਝ ਕੇਂਦਰਾਂ ਰਾਹੀਂ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਮੁਹਿੰਮ ਰਾਹੀਂ ਅਤੇ ਪਿੰਡਾਂ ’ਚ ਲੋਕਾਂ ਨਾਲ ਨਸ਼ਿਆਂ ਦੀ ਰੋਕਥਾਮ ਲਈ ਸਿੱਧਾ ਰਾਬਤਾ ਕਰਨ ਤਹਿਤ ਆਰੰਭੀ ‘ਸਾਂਝੀ ਸੱਥ’ ਮੁਹਿੰਮ ਦੇ ਵੀ ਹਾਂ-ਪੱਖੀ ਸਿੱਟੇ ਨਿਕਲੇ ਹਨ। ਉਨ੍ਹਾਂ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਤਸਕਰਾਂ ਸਬੰਧੀ ਕੋਈ ਵੀ ਸੂਚਨਾ ਦੇਣ ਲਈ ਜ਼ਿਲ੍ਹਾ ਪੁਲਿਸ ਦੇ ਵਟਸ ਐਪ ਨੰਬਰ 83608-33805 ’ਤੇ ਦੇ ਸਕਦੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਸੂਚਨਾ ਦੇਣ ਵਾਲੇ ਦਾ ਨਾਮ-ਪਤਾ ਗੁਪਤ ਰੱਖਿਆ ਜਾਵੇਗਾ।