ਇੰਦਰ ਮੋਹਨ ਸਿੰਘ ਜਿਲਾ ਪੁਲਿਸ ਮੁੱਖੀ ਐਸ.ਏ.ਐਸ.ਨਗਰ ਨੇ ਦੱਸਿਆ ਹੈ ਕਿ ਸੀ.ਆਈ.ਏ.ਸਟਾਫ ਮੋਹਾਲੀ ਅਤੇ ਥਾਣਾ ਸਦਰ ਖਰੜ ਦੀ ਪੁਲਿਸ ਵੱਲੋਂ ਸਾਂਝੇ ਤੌਰ ਤੇ ਕਾਰਵਾਈ ਕਰਦਿਆਂ ਇੱਕ ਅੰਨੇ ਕਤਲ ਕੇਸ ਨੂੰ ਟਰੇਸ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਸ਼ਮਸ਼ੇਰ ਸਿੰਘ ਪੁੱਤਰ ਚਰਨ ਸਿੰਘ ਵਾਸੀ ਬਡਾਲੀ ਦੇ ਖੇਤਾਂ ਵਿਚੋਂ ਰੰਧਾਵਾ ਰੋਡ ਪਰ ਇੱਕ 40 ਕੁ ਸਾਲ ਦੇ ਨਾ ਮਾਲੂਮ ਵਿਅਕਤੀ ਦੀ ਲਾਸ ਮਿਲਣ ਸਬੰਧੀ ਸ਼ਮਸ਼ੇਰ ਸਿੰਘ ਦੇ ਬਿਆਨ ਤੇ ਮੁਕੱਦਮਾ ਨੰਬਰ 02 ਮਿਤੀ 05.01.2014 ਅ/ਧ 302,201,34 ਹਿੰ:ਦੰ: ਥਾਣਾ ਸਦਰ ਖਰੜ ਬਰਖਿਲਾਫ ਨਾ-ਮਾਲੂਮ ਦੋਸ਼ੀਆਂ ਦੇ ਦਰਜ ਰਜਿਸਟਰ ਹੋਇਆ ਸੀ।ਜਿਲਾ ਪੁਲਿਸ ਮੁੱਖੀ ਨੇ ਦੱਸਿਆ ਕਿ ਇਸ ਮੁਕੱਦਮਾ ਦੀ ਤਫਤੀਸ਼ ਲਈ ਸ੍ਰੀ ਰਾਜਬਲਵਿੰਦਰ ਸਿੰਘ ਡੀ.ਐਸ.ਪੀ. ਖਰੜ ਦੀ ਨਿਗਰਾਨੀ ਹੇਠ ਇੰਸਪੈਕਟਰ ਗੁਰਵਿੰਦਰ ਸਿੰਘ ਇੰਚਾਰਜ ਸੀ.ਆਈ.ਏ.ਸਟਾਫ ਮੋਹਾਲੀ ਅਤੇ ਇੰਸਪੈਕਟਰ ਮਨਜੀਤ ਸਿੰਘ ਮੁੱਖ ਅਫਸਰ ਥਾਣਾ ਸਦਰ ਖਰੜ ਦੀ ਇੱਕ ਸਪੈਸ਼ਲ ਤਫਤੀਸ਼ੀ ਟੀਮ ਦਾ ਗਠਿਨ ਕੀਤਾ ਗਿਆ। ਇਸ ਟੀਮ ਵਲੋਂ ਮੁਕੱਦਮਾ ਦੀ ਵੱਖ-ਵੱਖ ਥਿਊਰੀਆਂ ਪਰ ਤਫਤੀਸ਼ ਕਰਦਿਆਂ ਇਸ ਨਾ ਮਾਲੂਮ ਅੰਨੇ ਕਤਲ ਕੇਸ ਨੂੰ ਟਰੇਸ ਕੀਤਾ ਹੈ। ਤਫਤੀਸ਼ ਦੌਰਾਨ ਇਸ ਨਾ ਮਾਲੂਮ ਲਾਸ਼ ਦੀ ਸਨਾਖਤ ਹਰਪ੍ਰੀਤ ਸਿੰਘ ਉਮਰ ਕਰੀਬ 42 ਸਾਲ ਪੁੱਤਰ ਜਗਦੇਵ ਸਿੰਘ ਜੱਟ ਵਾਸੀ ਲਸੋਈ ਥਾਣਾ ਮਲੇਰਕੋਟਲਾ ਜਿਲਾ ਸੰਗਰੂਰ ਵਜੋਂ ਹੋਈ ਹੈ। ਤਫਤੀਸ਼ ਦੌਰਾਨ ਪਾਇਆ ਗਿਆ ਹੈ ਕਿ ਮਰਨ ਵਾਲੇ ਹਰਪ੍ਰੀਤ ਸਿੰਘ ਦੇ ਲਸੋਈ ਦੀ ਇੱਕ ਲੜਕੀ ਅਮਨਦੀਪ ਕੌਰ ਨਾਲ ਅਰਸਾ ਕਰੀਬ 9 ਸਾਲ ਤੋਂ ਨਜਾਇਜ ਪ੍ਰੇਮ ਸਬੰਧ ਸਨ, ਅਮਨਦੀਪ ਕੌਰ ਦਾ ਕਰੀਬ 5 ਸਾਲ ਪਹਿਲਾਂ ਰਾਜਵਿੰਦਰ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਪਿੰਡ ਤੋਲੇ ਮਾਜਰਾ ਹਾਲ ਵਾਸੀ ਦੀਪ ਨਗਰ ਖਰੜ ਨਾਲ ਵਿਆਹ ਵੀ ਹੋ ਗਿਆ ਸੀ, ਜਿਸ ਦੇ ਇੱਕ ਡੇਢ ਸਾਲ ਦਾ ਬੱਚਾ ਵੀ ਹੈ। ਪ੍ਰੰਤੂ ਅਮਨਦੀਪ ਕੌਰ ਨਾਲ ਹਰਪ੍ਰੀਤ ਸਿੰਘ ਦੇ ਪ੍ਰੇਮ ਸਬੰਧ ਅਜੇ ਵੀ ਬਣੇ ਹੋਏ ਸਨ।
ਜੋ ਅਮਨਦੀਪ ਕੌਰ ਨੂੰ ਮਿਲਣ ਲਈ ਖਰੜ ਵਿਖੇ ਆ ਜਾਂਦਾ ਸੀ ਪ੍ਰੰਤੂ ਅਮਨਦੀਪ ਕੌਰ ਹੁਣ ਉਸ ਤੋਂ ਪਿਛਾ ਛੁਡਾਉਣਾ ਚਾਹੁੰਦੀ ਸੀ। ਮਿਤੀ 01.01.14 ਨੂੰ ਹਰਪ੍ਰੀਤ ਸਿੰਘ ਖਰੜ ਵਿਖੇ ਅਮਨਦੀਪ ਕੌਰ ਨੂੰ ਮਿਲਣ ਲਈ ਉਸ ਦੇ ਘਰ ਆ ਗਿਆ, ਅਮਨਦੀਪ ਕੌਰ ਨੇ ਉਸ ਨੂੰ ਪਹਿਲਾਂ ਚਾਹ ਵਗੈਰਾ ਪਿਲਾਈ ਅਤੇ ਫਿਰ ਬਾਹਰੋ ਕਿਸੇ ਦੇ ਆਉਣ ਦਾ ਬਹਾਨਾ ਬਣਾ ਕੇ ਘਰ ਵਿੱਚ ਲੱਕੜ ਦੀ ਪਈ ਪੇਟੀ ਵਿੱਚ ਬੰਦ ਕਰ ਦਿੱਤਾ, ਜਿਸ ਕਰਕੇ ਉਹ ਪੇਟੀ ਵਿੱਚ ਹੀ ਮਰ ਗਿਆ, ਮਰਨ ਉਪਰੰਤ ਹਰਪ੍ਰੀਤ ਸਿੰਘ ਦੀ ਲਾਸ ਨੂੰ ਚਾਰ ਦਿਨ ਉਸੇ ਪੇਟੀ ਵਿੱਚ ਬੰਦ ਰੱਖਿਆ। ਇਸ ਕਤਲ ਕੇਸ ਦੇ ਸਬੂਤਾਂ ਨੂੰ ਖੁਰਦ ਬੁਰਦ ਕਰਨ ਲਈ ਅਮਨਦੀਪ ਕੌਰ ਨੇ ਆਪਣੇ ਪਤੀ ਰਾਜਵਿੰਦਰ ਸਿੰਘ ਅਤੇ ਉਹਨਾਂ ਨਾਲ ਕੰਮ ਕਰਦੇ ਦਰਸ਼ਨ ਕੁਮਾਰ ਉਰਫ ਕਾਲਾ ਵਾਸੀ ਬੱਤਾ ਥਾਣਾ ਖਰੜ ਨਾਲ ਮਿਲ ਕੇ ਲਾਸ ਨੂੰ ਰਜਾਈ ਦੇ ਗਲੇਫ ਵਿੱਚ ਲੁਕਾ ਕੇ ਆਪਣੀ ਸਵਿਫਟ ਕਾਰ ਨੰਬਰ ਪੀਬੀ 27 ਸੀ 9360 ਵਿੱਚ ਪਾ ਕੇ ਰੰਧਾਵਾ ਰੋਡ ਬਡਾਲੀ ਵਿਖੇ ਸਮਸ਼ੇਰ ਸਿੰਘ ਦੇ ਖੇਤਾਂ ਵਿੱਚ ਸੁੱਟ ਦਿੱਤਾ ਸੀ। ਪੁਲਿਸ ਨੇ ਇਸ ਕੇਸ ਵਿਚ ਦੋਸ਼ੀ ਅਮਨਦੀਪ ਕੌਰ ਉਮਰ ਕਰੀਬ 33 ਸਾਲ ਪਤਨੀ ਰਾਜਵਿੰਦਰ ਸਿੰਘ ਵਾਸੀ ਦੀਪ ਨਗਰ ਖਰੜ, ਰਾਜਵਿੰਦਰ ਸਿੰਘ ਉਮਰ ਕਰੀਬ 38 ਸਾਲ ਪੁੱਤਰ ਹਰਭਜਨ ਸਿੰਘ ਵਾਸੀ ਦੀਪਨਗਰ ਖਰੜ, ਦਰਸ਼ਨ ਕੁਮਾਰ ਉਰਫ ਕਾਲਾ ਉਮਰ ਕਰੀਬ 35 ਸਾਲ ਵਾਸੀ ਬੱਤਾ ਥਾਣਾ ਖਰੜ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਦੋਸ਼ੀਆਂ ਨੇ ਮੁੱਢਲੀ ਪੁੱਛਗਿੱਛ ਦੌਰਾਨ ਆਪਣਾ ਜੁਰਮ ਕਬੂਲ ਕਰ ਲਿਆ ਹੈ ਅਤੇ ਦੋਸ਼ੀਆਂ ਵਲੋਂ ਵਾਰਦਾਤ ਵਿੱਚ ਵਰਤੀ ਗਈ ਸਵਿਫਟ ਕਾਰ ਵੀ ਬ੍ਰਾਮਦ ਹੋ ਚੁੱਕੀ ਹੈ। ਮੁਕੱਦਮਾ ਦੀ ਤਫਤੀਸ਼ ਜਾਰੀ ਹੈ।