ਐਸ.ਟੀ.ਐਫ. ਮੋਹਾਲੀ ਦੇ ਐਸ.ਪੀ. ਰਜਿੰਦਰ ਸਿੰਘ ਸੋਹਲ ਨੇ ਸੱਦੀ ਪ੍ਰੈਸ ਕਾਨਫ਼ਰੰਸ ਦੌਰਾਨ ਖੁਲਾਸਾ ਕਰਦਿਆਂ ਦੱਸਿਆ ਕਿ ਨਸ਼ਾ ਤਸਕਰੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੀ ਗਈ ਮੁਲਜ਼ਮ ਸਵੀਟੀ ਪਤਨੀ ਬਲਦੇਵ ਸਿੰਘ ਵਾਸੀ ਸਾਲੀਮਾਰ ਕਲੋਨੀ ਅੰਬਾਲਾ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕਿ ਉਸ ਦੇ ਐਸ.ਬੀ.ਆਈ. ਬੈਂਕ ਬਰਾਂਚ ਐਸ.ਏ.ਜੈਨ ਕਾਲਜ, ਅੰਬਾਲਾ ਦਾ ਲਾਕਰ ਮਾਣਯੋਗ ਅਦਾਲਤ ਦੀ ਆਗਿਆ ਨਾਲ ਖੁੱਲ੍ਹਵਾਇਆ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਸਵੀਟੀ ਦੇ ਲਾਕਰ ਵਿੱਚੋਂ 116.7 ਗ੍ਰਾਮ ਅਫੀਮ, 1ਲੱਖ 91 ਹਜ਼ਾਰ, 331 ਰੁਪਏ ਨਕਦ ਅਤੇ 707.47 ਗਰਾਮ ਸੋਨੇ ਦੇ ਗਹਿਣੇ, ਜਿਨ੍ਹਾਂ ਦੀ ਅੰਦਾਜ਼ਨ ਕੀਮਤ 21 ਲੱਖ ਰੁਪਏ ਦੇ ਕਰੀਬ ਹੈ, ਬਰਾਮਦ ਕੀਤੇ ਗਏ। ਇਸ ਤੋਂ ਇਲਾਵਾ ਮੁਲਜ਼ਮਾਂ ਵੱਲੋਂ ਖ਼ਰੀਦੀਆਂ ਗਈਆਂ ਜਾਇਦਾਦਾਂ ਦੀਆਂ ਰਜਿਸਟਰੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ, ਜਿਨ੍ਹਾਂ ਸਬੰਧੀ ਹੋਰ ਜਾਂਚ ਕੀਤੀ ਜਾ ਰਹੀ ਹੈ।
ਐਸ.ਪੀ. ਰਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਐਸ.ਟੀ.ਐਫ., ਮੋਹਾਲੀ ਦੀ ਟੀਮ ਨੇ ਮੁਕੱਦਮਾ ਨੰਬਰ 15 ਮਿਤੀ 06-12-17 ਅ/ਧ 21,29/61/85 ਐਨਡੀਪੀਐਸ ਐਕਟ, ਐਸ.ਟੀ.ਐਫ. ਫੇਜ਼-4 ਮੋਹਾਲੀ ਵਿਖੇ ਦਰਜ ਕੀਤਾ ਸੀ, ਜਿਸ ਵਿੱਚ ਮੁਲਜ਼ਮ ਸਵੀਟੀ, ਗੁਰਪ੍ਰੀਤ ਸਿੰਘ, ਰਾਕੇਸ਼ ਕੁਮਾਰ, ਬਲਦੇਵ ਸਿੰਘ, ਮਨੋਜ ਕੁਮਾਰ ਉਰਫ਼ ਮਾਮੂ ਅਤੇ ਸਿਮਰਨ ਕੌਰ ਉਰਫ਼ ਇੰਦੁ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਮੁਲਜ਼ਮ ਸਵੀਟੀ ਤੋਂ ਪੁੱਛ-ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਸ ਦਾ ਘਰਵਾਲਾ ਮੁਲਜ਼ਮ ਬਲਦੇਵ ਸਿੰਘ ਅਫ਼ੀਮ ਦਾ ਧੰਦਾ ਕਰਦਾ ਸੀ, ਜਿਸ ਨੇ ਨਸ਼ਾ ਤਸਕਰੀ ਦੇ ਪੈਸੇ ਨਾਲ ਕਾਫੀ ਜਾਇਦਾਦ ਖ਼ਰੀਦੀ ਹੈ ਤੇ ਐਨਡੀਪੀਐਸ ਐਕਟ ਦੇ ਕਈ ਕੇਸ ਦਰਜ ਹਨ। ਬਲਦੇਵ ਸਿੰਘ ਜੇਲ੍ਹ ਵਿੱਚ ਬੈਠਾ ਹੀ ਆਪਣੀ ਘਰਵਾਲੀ ਤੋਂ ਨਸ਼ੇ ਦਾ ਕਾਰੋਬਾਰ ਕਰਵਾ ਰਿਹਾ ਸੀ।