ਹਰੇਕ ਵਿਅਕਤੀ ਨੂੰ ਕੋਰੋਨਾ ਵਾਇਰਸ ਤੋਂ ਰੋਗਾਣੂਮੁਕਤ ਕਰਨ ਦੇ ਮਕਸਦ ਨਾਲ ਗੈਰ ਸਰਕਾਰੀ ਸੰਸਥਾ 'ਆਸ-ਅਹਿਸਾਸ' ਵੱਲੋਂ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ 'ਕੋਰੋਨਾ ਡਿਸਇੰਫੈਕਸ਼ਨ ਟਨਲ' ਦੀ ਸਥਾਪਤੀ ਕਰਵਾਈ ਗਈ ਹੈ। ਇਸ ਟਨਲ ਦੀ ਅੱਜ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਵੱਲੋਂ ਸ਼ੁਰੂਆਤ ਕਰਵਾਈ ਗਈ।ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸ੍ਰੀ ਅਗਰਵਾਲ ਨੇ ਦੱਸਿਆ ਕਿ ਇਸ ਆਪਣੇ ਆਪ ਫੁਹਾਰੇ ਦੀ ਤਰ੍ਹਾਂ ਚੱਲਣ ਵਾਲੇ ਯੰਤਰ ਰਾਹੀਂ ਸੋਡੀਅਮ ਹਾਈਪੋਕਲੋਰਾਈਟ ਦੇ ਮਿਸ਼ਰਣ ਦਾ ਛਿੜਕਾਅ ਇਸ ਵਿੱਚੋਂ ਲੰਘਣ ਵਾਲੇ ਵਿਅਕਤੀ ਹੋ ਜਾਇਆ ਕਰੇਗਾ। ਜਦੋਂ ਕੋਈ ਵੀ ਵਿਅਕਤੀ ਇਸ ਵਿੱਚੋਂ ਗੁਜ਼ਰੇਗਾ ਤਾਂ ਇਹ ਛਿੜਕਾਅ ਆਪਣੇ ਆਪ ਹੋ ਜਾਵੇਗਾ। ਜਿਸ ਨਾਲ ਕਾਫੀ ਹੱਦ ਤੱਕ ਪੂਰਾ ਸਰੀਰ ਰੋਗਾਣੂ ਮੁਕਤ ਹੋ ਜਾਵੇਗਾ। ਸ੍ਰੀ ਅਗਰਵਾਲ ਨੇ ਇਸ ਉੱਦਮ ਲਈ ਗੈਰ ਸਰਕਾਰ ਸੰਸਥਾ 'ਆਸ-ਅਹਿਸਾਸ' ਦੇ ਪ੍ਰਬੰਧਕਾਂ ਦਾ ਬਹੁਤ ਧੰਨਵਾਦ ਕੀਤਾ।ਸੰਸਥਾ ਦੀ ਸੰਸਥਾਪਕ ਪ੍ਰਧਾਨ ਸ੍ਰੀਮਤੀ ਗੁਨਜੀਤ ਰੁਚੀ ਬਾਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਵੱਲੋਂ ਜ਼ਿਲ੍ਹਾ ਲੁਧਿਆਣਾ ਵਿੱਚ ਅਜਿਹੀਆਂ 4 ਟਨਲ ਸਥਾਪਤ ਕੀਤੀਆਂ ਜਾਣਗੀਆਂ। ਦੂਜੀ ਟਨਲ ਜਲਦ ਹੀ ਸਿਵਲ ਹਸਪਤਾਲ ਲੁਧਿਆਣਾ ਵਿੱਚ ਲਗਾਈ ਜਾਵੇਗੀ। ਜਦਕਿ ਬਾਕੀ ਰਹਿੰਦੀਆਂ ਦੋ ਟਨਲ ਵੀ ਜ਼ਿਲ੍ਹਾ ਪ੍ਰਸਾਸ਼ਨ ਦੀ ਸਲਾਹ ਨਾਲ ਸਥਾਪਤ ਕੀਤੀਆਂ ਜਾਣਗੀਆਂ।ਉਨ੍ਹਾਂ ਦਾਅਵੇ ਨਾਲ ਕਿਹਾ ਕਿ ਜਦੋਂ ਇੱਕ ਵਿਅਕਤੀ ਇਸ ਟਨਲ ਵਿੱਚੋਂ ਗੁਜਰੇਗਾ ਤਾਂ ਉਹ 90-95 ਫੀਸਦੀ ਸੈਨੀਟਾਈਜ਼ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਸੰਸਥਾ ਵੱਲੋਂ ਡਾਕਟਰਾਂ ਨੂੰ ਸੁਰੱਖਿਅਤ ਤਰੀਕੇ ਨਾਲ ਮਰੀਜ਼ ਚੈੱਕ ਕਰਨ ਲਈ ਕਿਓਸਕ ਵੀ ਮੁਹੱਈਆ ਕਰਵਾਏ ਜਾ ਰਹੇ ਹਨ।ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰ. ਇਕਬਾਲ ਸਿੰਘ ਸੰਧੂ, ਐੱਸ. ਡੀ. ਐੱਮ. ਲੁਧਿਆਣਾ (ਪੱਛਮੀ) ਸ੍ਰ. ਅਮਰਿੰਦਰ ਸਿੰਘ ਮੱਲ੍ਹੀ, ਸੰਸਥਾ ਦੇ ਮੈਂਬਰ ਸ੍ਰੀ ਮਿੰਕੂ ਬਾਵਾ, ਸ੍ਰ. ਮਨਮੀਤ ਸਿੰਘ, ਸ੍ਰੀ ਸੰਜੀਵ ਗੁਪਤਾ, ਸ੍ਰੀ ਸੰਦੀਪ ਗੁਪਤਾ ਅਤੇ ਹੋਰ ਹਾਜ਼ਰ ਸਨ।