ਨਵੀਆਂ ਆਸਾਂ, ਉਮੀਦਾਂ ਅਤੇ ਉਤਸ਼ਾਹ ਨਾਲ ਖਿੜੇ ਵਿਦਿਆਰਥੀਆਂ ਦੇ ਚਿਹਰਿਆਂ ਦਾ ਤਿਉਹਾਰ, ਕਾਨਵੋਕੇਸ਼ਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਹੜੇ ਬਹੁਤ ਜੋਸ਼-ਓ-ਖਰੋਸ਼ ਨਾਲ ਨੇਪਰੇ ਚੜ੍ਹੀ। ਜਿਸ ਵਿਚ ਜਿਥੇ ਪੰਜਾਬੀ ਦੇ ਦੋ ਮਹਾਨ ਸਪੂਤਾਂ ਨੂੰ ਆਨਰਜ਼ ਕਾਜ਼ਾ ਡਿਗਰੀਆਂ ਦਿੱਤੀਆਂ ਉਥੇ 169 ਮੈਡਲ, 16 ਮੈਮੋਰੀਅਲ ਮੈਡਲ, ਸ਼੍ਰੀ ਸ਼ਾਮ ਸੁੰਦਰ ਨਈਅਰ ਮੈਮੋਰੀਅਲ ਟਰਾਫੀ, 87 ਪੀ.ਐੱਚ.ਡੀ., 09 ਐੱਮ. ਫਿਲ, 265 ਮਾਸਟਰ ਅਤੇ 242 ਬੈਚਲਰ ਡਿਗਰੀਆਂ ਵੱਖ ਵੱਖ ਫੈਕਲਟੀ ਦੇ ਵਿਦਿਆਰਥੀਆਂ-ਖੋਜਾਰਥੀਆਂ ਨੂੰ ਪ੍ਰਦਾਨ ਕੀਤੀਆਂ ਗਈਆਂ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ 46ਵੀਂ ਸਾਲਾਨਾ ਕਾਨਵੋਕੇਸ਼ਨ ਮੌਕੇ ਪੰਜਾਬ ਦੇ ਗਵਰਨਰ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਚਾਂਸਲਰ, ਮਾਨਯੋਗ ਸ਼੍ਰੀ ਵੀ.ਪੀ. ਸਿੰਘ ਬਦਨੌਰ ਮੁੱਖ ਮਹਿਮਾਨ ਦੇ ਤੌਰ `ਤੇ ਪੁੱਜੇ ਸਨ ਜਦੋਂਕਿ ਉਚੇਰੀ ਸਿਖਿਆ ਮੰਤਰੀ, ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਵਿਸ਼ੇਸ਼ ਮਹਿਮਾਨ ਦੇ ਤੌਰ `ਤੇ ਸ਼ਿਰਕਤ ਕੀਤੀ ਸੀ ਅਤੇ ਉਨ੍ਹਾਂ ਵੱਲੋਂ ਸਾਂਝੇ ਤੌਰ `ਤੇ ਉਘੇ ਦਿਲ ਦੇ ਰੋਗਾਂ ਦੇ ਮਾਹਿਰ ਮੇਦਾਂਤਾ ਹਾਰਟ ਇੰਸਟੀਚਿਊਟ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ, ਡਾ. ਨਰੇਸ਼ ਤ੍ਰੇਹਨ ਅਤੇ ਫਿਲਮ ਜਗਤ ਦੀ ਨਾਮਵਰ ਹਸਤੀ ਅਦਾਕਾਰ, ਨਿਰਦੇਸ਼ਕ, ਪਟਕਥਾ ਲੇਖਕ ਅਤੇ ਕਵੀ ਸ਼੍ਰੀ ਪੰਕਜ ਕਪੂਰ ਨੂੰ ਉਨ੍ਹਾਂ ਵੱਲੋਂ ਮੈਡੀਕਲ ਵਿਗਿਆਨ ਅਤੇ ਕਲਾ ਦੇ ਖੇਤਰ ਵਿਚ ਪਾਏ ਯੋਗਦਾਨ ਸਦਕਾ ਮੈਡੀਕਲ ਸਾਇੰਸ ਅਤੇ ਵਿਜ਼ੁਅਲ ਐਂਡ ਪਰਫਾਰਮਿੰਗ ਆਰਟਸ ਦੀਆਂ ਕ੍ਰਮਵਾਰ ਆਨਰਜ਼ ਕਾਜ਼ਾ ਡਿਗਰੀਆਂ ਨਾਲ ਸਨਮਾਨਤ ਕੀਤਾ।ਇਸ ਮੌਕੇ ਕੈਬਨਿਟ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ, ਸ. ਸੁਖਬਿੰਦਰ ਸਿੰਘ ਸਰਕਾਰੀਆ, ਪ੍ਰਿੰਸੀਪਲ ਸਕੱਤਰ ਸ੍ਰੀ ਰਾਹੁਲ ਭੰਡਾਰੀ ਮੰਚ `ਤੇ ਹਾਜਰ ਸਨ। ਕਨਵੋਕੇਸ਼ਨ ਵਿਚ ਪੁੱਜੀਆਂ ਸਖਸ਼ੀਅਤਾਂ ਦਾ ਵਾਈਸ-ਚਾਂਸਲਰ ਪ੍ਰੋਫੈਸਰ ਜਸਪਾਲ ਸਿੰਘ ਸੰਧੂ ਨੇ ਸਵਾਗਤ ਕਦਰਦਿਆਂ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਅਤੇ ਭਵਿੱਖ ਵਿਚ ਕੀਤੇ ਜਾਣ ਵਾਲੇ ਕਾਰਜਾਂ ਤੋਂ ਜਾਣੂ ਕਰਵਾਇਆ। ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ ਇਸ ਕਨਵੋਕੇਸ਼ਨ ਦਾ ਮੰਚ ਸੰਚਾਲਨ ਕਰ ਰਹੇ ਸਨ ਜਦੋਂਕਿ ਡੀਨ, ਅਕਾਦਮਿਕ ਮਾਮਲੇ, ਪ੍ਰੋ. ਐਸ.ਐਸ. ਬਹਿਲ ਦੋਵਾਂ ਮਹਾਨ ਪੰਜਾਬੀਆਂ ਡਾ. ਨਰੇਸ਼ ਤ੍ਰੇਹਨ ਅਤੇ ਸ਼੍ਰੀ ਪੰਕਜ ਕਪੂਰ `ਤੇ ਜੀਵਨ `ਤੇ ਚਾਨਣਾ ਪਾਉਂਦਿਆਂ ਉਨ੍ਹਾਂ ਦੀਆਂ ਪ੍ਰਾਪਤੀਆਂ ਗਿਣਾਈਆਂ। ਇਸ ਦੇ ਨਾਲ ਹੀ ਡੀਨ ਵਿਦਿਆਰਥੀ ਭਲਾਈ ਡਾ. ਹਰਦੀਪ ਸਿੰਘ ਵੱਲੋਂ ਵੀ ਡਿਗਰੀ ਲੈਣ ਵਾਲੇ ਖੋਜਾਰਥੀਆਂ ਵਿਦਿਆਰਥੀਆਂ ਨੂੰ ਡਿਗਰੀ ਲੈਣ ਲਈ ਸੱਦਾ ਦਿੱਤਾ ਜਾਂਦਾ ਰਿਹਾ।
ਸ਼੍ਰੀ ਬਦਨੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪੜ੍ਹਾਈ ਮੁਕੰਮਲ ਹੋਣ `ਤੇ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਤੁਹਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਤੁਸੀ ਜਗਤ ਗੁਰੂ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ `ਤੇ ਸਥਾਪਤ ਇਸ ਯੂਨੀਵਰਸਿਟੀ ਤੋਂ ਸਿਖਿਆ ਪ੍ਰਾਪਤ ਕਰਕੇ ਡਿਗਰੀ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਤੁਹਾਡੀ ਕਰਨੀ ਅਤੇ ਕਥਨੀ ਵਿਚੋਂ ਤੁਹਾਡੇ ਅਦਾਰੇ ਦਾ ਪ੍ਰਤੀਬਿੰਬ ਨਜ਼ਰ ਆਉਣਾ ਚਾਹੀਦਾ ਹੈ ਅਤੇ ਤੁਹਾਨੂੰ ਆਪਣੇ ਮਾਪਿਆਂ ਦੀਆਂ ਆਸਾਂ ਦੇ ਨਾਲ ਨਾਲ ਆਪਣੇ ਦੇਸ਼ ਦੀਆਂ ਉਮੀਦਾਂ `ਤੇ ਵੀ ਪੂਰਾ ਉਤਰਨਾ ਹੈ।ਸ਼੍ਰੀ ਬਦਨੌਰ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਚੁਣੌਤੀਆਂ ਨੂੰ ਖਿੜੇ ਮੱਥੇ ਪ੍ਰਵਾਨ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਯੁਗ ਵਿਚ ਤਕਨੀਕੀ ਵਿਕਾਸ ਬਹੁਤ ਤੇਜ਼ੀ ਨਾਲ ਹੋ ਰਿਹਾ ਹੈ ਪਰ ਮੈਨੂ ਯਕੀਨ ਹੈ ਕਿ ਤੁਸੀ ਜੋ ਤਕਨੀਕੀ ਗਿਆਨ ਅਤੇ ਮੁਹਾਰਤ, ਸਿਧਾਂਤਕ ਤੇ ਵਿਵਹਾਰਕ ਕੁਸ਼ਲਤਾਵਾਂ ਅਤੇ ਕਦਰਾਂ ਕੀਮਤਾਂ ਆਪਣੀ ਵੱਕਾਰੀ ਸੰਸਥਾ ਤੋਂ ਵਿਰਸੇ ਵਿਚ ਪ੍ਰਾਪਤ ਕੀਤੀਆਂ ਹਨ, ਉਹ ਤੁਹਾਨੂੰ ਸੰਸਾਰ ਵਿਚ ਸਵੈ ਵਿਸ਼ਵਾਸ ਵਿਚਰਨ, ਅਜਮਾਇਸ਼ਾਂ ਦਾ ਹੱਲ ਕਰਨ ਅਤੇ ਬੇਮਿਸਾਲ ਟੀਚਿਆਂ ਨੂੰ ਪ੍ਰਾਪਤ ਕਰਨ ਦੇ ਯੋਗ ਬਣਾਉਣਗੀਆਂ। ਉਨ੍ਹਾਂ ਕਿਹਾ ਕਿ ਜੋ ਤੁਸੀਂ ਅੱਜ ਹਾਸਲ ਕੀਤਾ ਹੈ ਉਹ ਤੁਹਾਡੇ ਅਦਾਰੇ ਕਰਕੇ ਹੀ ਹੈ ਸੋ ਤੁਹਾਨੂੰ ਇਸ ਦੇ ਨਾਂ ਅਨੁਸਾਰ ਹੀ ਆਪਣਾ ਜੀਵਨ ਜੀਣਾ ਚਾਹੀਦਾ ਹੈ। ਉਨ੍ਹਾਂ ਵਿਦਿਆਰਥੀਆਂ ਦੇ ਉਜਵਲ ਭਵਿੱਖ ਦੀ ਕਾਮਨਾ ਵੀ ਕੀਤੀ।ਉਚੇਰੀ ਸਿਖਿਆ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਪੰਜਾਬ ਸਰਕਾਰ ਵੱਲੋਂ ਹਾਲ ਵਿਚ ਲਏ ਗਏ ਪੰਜਾਬੀ ਭਾਸ਼ਾ ਸਬੰਧੀ ਫੈਸਲਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀਆਂ ਦੇ ਵਿਚ ਹੋਣ ਵਾਲੀ ਖੋਜ ਨਿਰੀ ਪੁਰੀ ਕਿਤਾਬੀ ਨਾਲ ਹੋ ਕੇ ਆਮ ਲੋਕਾਂ ਦੇ ਮਸਲਿਆਂ ਨਾਲ ਜੁੜੀ ਹੋਣੀ ਚਾਹੀਦੀ ਹੈ। ਖੋਜਾਂ ਦਾ ਮਕਸਦ ਸਿਰਫ ਤੇ ਸਿਰਫ ਡਿਗਰੀਆਂ ਲੈ ਕੇ ਨੌਕਰੀਆਂ ਲੈਣਾ ਹੀ ਨਹੀਂ ਹੋਣਾ ਚਾਹੀਦਾ ਸਗੋਂ ਖੋਜ ਦਾ ਮਕਸਦ ਮਨੁੱਖ ਮਾਤਰ ਦ ਬਿਹਤਰੀ ਲਈ ਵੀ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਇਸ ਗੱਲ `ਤੇ ਹੈਰਾਨਗੀ ਪ੍ਰਗਟਾਈ ਕਿ ਵਿਦਿਆਰਥੀ ਸਮਾਜ ਅਤੇ ਸਭਿਆਚਾਰ ਨੂੰ ਸਮਝਣ ਦੀ ਥਾਂ ਮੁਕਾਬਲੇ ਦੇ ਇਮਤਿਹਾਨਾਂ ਰਾਹੀਂ ਨੌਕਰੀਆਂ ਲੈਣ ਨੂੰ ਹੀ ਜ਼ਿੰਦਗੀ ਦਾ ਮਕਸਦ ਮੰਨ ਕੇ ਸੰਤੁਸ਼ਟ ਹੋਣ ਲੱਗ ਪਏ ਹਨ। ਉਨ੍ਹਾਂ ਇਸ ਗੱਲ `ਤੇ ਜ਼ੋਰ ਦਿੱਤਾ ਕਿ ਸਿਖਿਆ ਅਤੇ ਖੋਜ ਵਿਚੋਂ ਸਮਾਜਿਕ ਸਰੋਕਾਰ ਮਨਫੀ ਨਹੀਂ ਹੋਣੇ ਚਾਹੀਦੇ। ਖੋਜ ਹਰ ਵਿਸ਼ੇ ਦੀਆਂ ਗੁੰਝਲਾਂ ਨੂੰ ਘਟਾਉਣ ਅਤੇ ਸਪਸ਼ਟਤਾ ਨੂੰ ਵਧਾਉਣ ਵਾਲੀ ਹੀ ਹੋਣੀ ਚਾਹੀਦੀ ਹੈ। ਉਨ੍ਹਾਂ ਇਸ ਮੌਕੇ ਪੰਜਾਬ ਨੂੰ ਦਰਪੇਸ਼ ਸਮੱਸਿਆਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਨ੍ਹਾਂ ਮਾਮਲਿਆਂ `ਤੇ ਵੀ ਯੂਨੀਵਰਸਿਟੀਆਂ ਵਿਚ ਖੋਜ ਕਰਵਾਈ ਜਾਣੀ ਚਾਹੀਦੀ ਹੈ।
ਉਨ੍ਹਾਂ ਨੇ ਇਸ ਸਮੇਂ ਦੇਸ਼ ਵਿਚ ਵੱਧ ਰਹੀ ਕੱਟੜਤਾ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਦਿਤੇ ਗਏ ਉਪਦੇਸ਼ਾਂ `ਤੇ ਚੱਲ ਕੇ ਸਮਾਜ ਅਤੇ ਦੇਸ਼ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਹੈ। ਉਨ੍ਹਾਂ ਸਮਾਜ ਵਿਚ ਦਿਨ-ਬ-ਦਿਨ ਪੈਦਾ ਹੋ ਰਹੇ ਵਿਗਾੜ ਨੂੰ ਘਾਤਕ ਦਸਦਿਆਂ ਕਿਹਾ ਕਿ ਅੱਜ ਸਾਨੂੰ ਇਕ ਜੁਟ ਹੋ ਕੇ ਸਮਾਜ ਦੀ ਭਲਾਈ ਲਈ ਕੰਮ ਕਰਨਾ ਚਾਹੀਦਾ ਹੈ। ਆਪਣੇ ਸਵਾਗਤੀ ਭਾਸ਼ਣ ਵਿਚ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਸੰਧੂ ਨੇ ਯੂਨੀਵਰਸਿਟੀ ਦੀਆਂ ਉਪਲਬਧੀਆਂ ਬਾਰੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਯੂਨੀਵਰਸਿਟੀ ਨੇ ਹੁਣ ਤਕ ਸਿਖਿਆ, ਖੋਜ, ਖੇਡਾਂ ਅਤੇ ਸਭਿਆਚਾਰਕ ਸਰਗਰਮੀਆਂ ਦੇ ਖੇਤਰ ਵਿਚ ਪੂਰੀ ਲਗਨ ਅਤੇ ਮਿਹਨਤ ਨਾਲ ਕਾਰਜ ਕਰਦੇ ਹੋਏ ਵਡਮੁੱਲੀਆਂ ਪ੍ਰਾਪਤੀਆਂ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਅਕਾਦਮਿਕਤਾ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖਦੇ ਹੋਏ ਨਵੇਂ ਕੋਰਸ ਸ਼ੁਰੂ ਕੀਤੇ ਗਏ ਹਨ ਅਤੇ ਭਵਿੱਖ ਵਿੱਚ ਵੀ ਸ਼ੁਰੂ ਕੀਤੇ ਜਾਣਗੇ ਤੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕੀਤਾ ਗਿਆ ਹੈ।ਇਸ ਤੋਂ ਪਹਿਲਾਂ ਸ੍ਰੀ ਨਰੇਸ਼ ਤ੍ਰੇਹਨ ਅਤੇ ਸ਼੍ਰੀ ਪੰਕਜ ਕੁਮਾਰ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਅਲੰਬੜਦਾਰ ਬਣਨ ਦੇ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਬਚਾਈ ਰੱਖਣ ਦੇ ਲਈ ਉਨ੍ਹਾਂ ਨੂੰ ਹਮੇਸ਼ਾ ਜਦੋ ਜਹਿਦ ਕਰਦੇ ਰਹਿਣਾ ਚਾਹੀਦਾ ਹੈ। ਦੋਵਾਂ ਸਖਸ਼ੀਅਤਾਂ ਨੇ ਇਸ ਗੱਲ `ਤੇ ਮਾਣ ਮਹਿਸੂਸ ਕੀਤਾ ਕਿ ਉਹ ਪੰਜਾਬ ਦੀ ਮਿੱਟੀ ਦੇ ਨਾਲ ਜੁੜੇ ਹੋਏ ਹਨ ਅਤੇ ਉਹ ਜਿਥੇ ਵੀ ਜਾਂਦੇ ਹਨ ਇਸੇ ਮਿੱਟੀ ਦੀ ਖੁਸ਼ਬੋ ਨੂੰ ਮਹਿਸੂਸ ਕਰਦੇ ਹਨ। ਦੋਵਾਂ ਨੇ ਇਹ ਵੀ ਕਿਹਾ ਕਿ ਭਾਵੇਂ ਉਨ੍ਹਾਂ ਨੂੰ ਦੇਸ਼ਾਂ ਵਿਦੇਸ਼ਾਂ ਦੇ ਵਿਚ ਕਈ ਸਨਮਾਨ ਮਿਲੇ ਹਨ ਪਰ ਅੱਜ ਜੋ ਘਰ ਵਾਲਿਆਂ ਵੱਲੋਂ ਆਨਰਜ਼ ਕਾਜ਼ਾ ਡਿਗਰੀਆਂ ਦੇ ਕੇ ਉਨ੍ਹਾਂ ਦੀ ਪਿੱਠ ਥਾਪੜੀ ਗਈ ਹੈ, ਨੂੰ ਉਹ ਸਭ ਤੋਂ ਵੱਡਾ ਸਨਾਮਨ ਸਮਝਦੇ ਹੋਏ ਆਪ `ਤੇ ਬਹੁਤ ਜ਼ਿਆਦਾ ਮਾਣ ਮਹਿਸੂਸ ਕਰ ਰਹੇ ਹਨ।ਸ਼੍ਰੀ ਤ੍ਰੇਹਨ ਨੇ ਇਸ ਮੌਕੇ ਸੰਸਾਰ ਪੱਧਰ `ਤੇ ਕਰੋਨਾ ਵਾਇਰਸ ਨੂੰ ਲੈ ਕੇ ਪੈਦਾ ਹੋ ਰਹੀ ਸਥਿਤੀ `ਤੇ ਚੇਤਾਵਨੀ ਦਿੰਦਿਆਂ ਕਿਹਾ ਕਿ ਦੇਸ਼ ਨੂੰ ਇਸ ਪ੍ਰਤੀ ਗੰਭੀਰਤਾ ਦੇ ਨਾਲ ਕਦਮ ਚੁੱਕਣੇ ਚਾਹੀਦੇ ਹਨ ਜੇਕਰ ਸਥਿਤੀ ਕੰਟਰੋਲ ਤੋਂ ਬਾਹਰ ਹੋ ਗਈ ਤਾਂ ਸਾਂਭਣੀ ਮੁਸ਼ਕਿਲ ਹੋ ਜਾਵੇਗੀ।ਇਸ ਮੌਕੇ ਵਿਧਾਨ ਸਭਾ ਮੈਂਬਰ, ਸ. ਤਰਸੇਮ ਸਿੰਘ ਡੀਸੀ, ਡਾ. ਧਰਮਵੀਰ ਅਗਨੀਹੋਤਰੀ, ਸ. ਸ਼ਿਵਦੁਲਾਰ ਸਿੰਘ ਢਿੱਲੋਂ, ਡਿਪਟੀ ਕਮਿਸ਼ਨਰ, ਸ. ਭਗਵੰਤਪਾਲ ਸਿੰਘ ਸੱਚਰ, ਪ੍ਰਧਾਨ, ਜਿਲਾ ਕਾਂਗਰਸ ਕਮੇਟੀ ਦਿਹਾਤੀ ਅਤੇ ਸਪੋਕਸਮੈਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ, ਸ. ਸੁਖਚੈਨ ਸਿੰਘ ਗਿੱਲ, ਪੁਲਿਸ ਕਮਿਸ਼ਨਰ, ਡਾ. ਐਚ.ਪੀ. ਸਿੰਘ, ਐਸਕਾਰਟ ਹਸਪਤਾਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਪ੍ਰਮੁੱਖ ਸ਼ਖਸੀਅਤਾਂ ਤੋਂ ਇਲਾਵਾ ਸ਼੍ਰੀ ਪੰਕਜ ਕਪੂਰ ਦੇ ਪਰਿਵਾਰਕ ਮੈਂਬਰਾਂ ਵਿਚੋਂ ਪ੍ਰਸਿੱਧ ਅਦਾਕਾਰ ਸ਼੍ਰੀਮਤੀ ਸੁਪ੍ਰਿਆ ਪਾਠਕ ਅਤੇ ਬੱਚੇ ਵੀ ਇਸ ਮੌਕੇ ਮੌਜੂਦ ਸਨ।ਪ੍ਰੋ. ਸੰਧੂ ਨੇ ਇਸ ਮੌਕੇ ਆਏ ਮਹਿਮਾਨਾਂ ਨੂੰ ਯਾਦਗਾਰੀ ਤੌਰ `ਤੇ ਫੁਲਕਾਰੀ ਅਤੇ ਕੌਫੀ ਟੇਬਲ ਬੁਕ ਦੇ ਕੇ ਵੀ ਸਨਮਾਨਿਤ ਕੀਤਾ ਗਿਆ।