ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਨਿਰੋਲ ਸੇਵਾ ਸੰਸਥਾ ਸ੍ਰੀ ਮੁਕਤਸਰ ਸਾਹਿਬ ਵੱਲੋਂ 22 ਫਰਵਰੀ ਨੂੰ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ 7 ਮਾਰਚ ਨੂੰ ਸ਼੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਜਾਣ ਲਈ ਸਜਾਏ ਗਏ ਮਹਾਨ ਨਗਰ ਕੀਰਤਨ ਦਾ ਪਟਿਆਲਾ ਪੁੱਜਣ 'ਤੇ ਅੱਜ ਸ਼ਾਮ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਟਿਆਲਾ ਸਥਿਤ ਰਿਹਾਇਸ਼ ਦੇ ਬਾਹਰ ਭਰਵਾਂ ਸਵਾਗਤ ਕੀਤਾ ਗਿਆ। ਸੰਗਤ ਵੱਲੋਂ ਸੁੰਦਰ ਪਾਲਕੀ ਸਾਹਿਬ ਵਿੱਚ ਸੁਸ਼ੋਭਿਤ ਗੁਰੂ ਗ੍ਰੰਥ ਸਾਹਿਬ 'ਤੇ ਫੁੱਲਾਂ ਦੀ ਵਰਖਾ ਕਰਦਿਆਂ ਜੈਕਾਰਿਆਂ ਦੀ ਗੂੰਜ 'ਚ ਗੁਰੂ ਗ੍ਰੰਥ ਸਾਹਿਬ ਨੂੰ ਰੁਮਾਲਾ ਸਾਹਿਬ ਅਤੇ ਪੰਜ ਪਿਆਰਿਆਂ ਨੂੰ ਸਿਰੋਪਾਉ ਭੇਟ ਕੀਤੇ ਗਏ।ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਰਫ਼ੋਂ ਨਗਰ ਨਿਗਮ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ ਅਤੇ ਲੋਕ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਦੀ ਤਰਫ਼ੋਂ ਸੀਨੀਅਰ ਡਿਪਟੀ ਮੇਅਰ ਸ੍ਰੀ ਯੋਗਿੰਦਰ ਸਿੰਘ ਯੋਗੀ ਨੇ ਸ੍ਰੀ ਗੁਰੂ ਗ੍ਰੰਥ ਸਹਿਬ ਨੂੰ ਰੁਮਾਲਾ ਸਾਹਿਬ ਅਤੇ ਪੰਜਾਂ ਪਿਆਰਿਆਂ ਨੂੰ ਸਿਰੋਪਾਉ ਭੇਟ ਕੀਤੇ। ਨਿਹੰਗ ਸਿੰਘ ਜਥੇਬੰਦੀ ਬਾਬਾ ਬਿਧੀ ਚੰਦ ਜੀ ਦੇ ਮੁਖੀ ਜਥੇਦਾਰ ਬਾਬਾ ਅਵਤਾਰ ਸਿੰਘ ਦੇ ਸਹਿਯੋਗ ਨਾਲ ਨਗਰ ਕੀਰਤਨ ਦਾ ਪ੍ਰਬੰਧ ਕਰ ਰਹੇ ਮੁੱਖ ਸੇਵਾਦਾਰ ਡਾ. ਜਗਦੀਪ ਸਿੰਘ ਸੋਢੀ ਨੂੰ ਵੀ ਵਿਸ਼ੇਸ਼ ਤੌਰ 'ਤੇ ਸਨਮਾਨਤ ਕੀਤਾ ਗਿਆ।ਇਸ ਨਗਰ ਕੀਰਤਨ ਦੇ ਸਵਾਗਤ ਲਈ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਨਿਤਨੇਮ ਸੇਵਾ ਸੁਸਾਇਟੀ, ਗੁਰ ਗੋਬਿੰਦ ਸਿੰਘ ਪਰਿਵਾਰ ਗੁਰਮਤਿ ਸੰਗੀਤ ਅਕੈਡਮੀ, ਸ. ਸੁਰਿੰਦਰ ਸਿੰਘ ਸੰਨੀ, ਜੋਗਿੰਦਰ ਸਿੰਘ ਪ੍ਰਧਾਨ, ਜਸਵੰਤ ਸਿੰਘ ਭਾਟੀਆ, ਤਜਿੰਦਰ ਸਿੰਘ ਮਨੀ, ਮਨਪ੍ਰੀਤ ਸਿੰਘ, ਜਗਧੀਰ ਸਿੰਘ ਚੀਮਾ ਦੀ ਅਗਵਾਈ ਹੇਠ ਪਟਿਆਲਾ ਦੀ ਵੱਡੀ ਗਿਣਤੀ ਸੰਗਤ ਨੇ ਵੀ ਸ਼ਿਰਕਤ ਕੀਤੀ।
ਇਸ ਮੌਕੇ ਸ਼ਹਿਰੀ ਕਾਂਗਰਸ ਪ੍ਰਧਾਨ ਸ੍ਰੀ ਕੇ.ਕੇ. ਮਲਹੋਤਰਾ, ਮਹਿਲਾ ਕਾਂਗਰਸ ਪ੍ਰਧਾਨ ਸ੍ਰੀਮਤੀ ਕਿਰਨ ਢਿੱਲੋਂ, ਯੂਥ ਕਾਂਗਰਸ ਪ੍ਰਧਾਨ ਸ੍ਰੀ ਅਨੁਜ ਖੋਸਲਾ, ਮਹਿਲਾ ਕਮਿਸ਼ਨ ਦੇ ਸੀਨੀਅਰ ਵਾਇਸ ਚੇਅਰਪਰਸਨ ਸ੍ਰੀਮਤੀ ਬਿਮਲਾ ਸ਼ਰਮਾ, ਮੈਂਬਰ ਸ੍ਰੀਮਤੀ ਇੰਦਰਜੀਤ ਕੌਰ, ਬਲਾਕ ਪ੍ਰਧਾਨ ਸ੍ਰੀ ਨਰੇਸ਼ ਦੁੱਗਲ, ਸ੍ਰੀ ਹਰਵਿੰਦਰ ਸਿੰਘ ਨਿੱਪੀ, ਸ੍ਰੀ ਕੇ.ਕੇ. ਸਹਿਗਲ, ਸ੍ਰੀ ਨਰਿੰਦਰ ਸਿੰਘ ਸਹਿਗਲ, ਸ੍ਰੀ ਸੁਰਿੰਦਜੀਤ ਸਿੰਘ ਵਾਲੀਆ, ਸ੍ਰੀ ਮਨਮੋਹਨ ਸਿੰਘ, ਸ੍ਰੀ ਕੁਲਵਿੰਦਰ ਸਿੰਘ ਲੱਕੀ, ਸ੍ਰੀ ਹਰਦੇਵ ਸਿੰਘ ਬੱਲੀ, ਸ੍ਰੀ ਸੰਨੀ ਲਾਂਬਾ, ਸ੍ਰੀ ਸੁਰਿੰਦਰ ਸਿੰਘ ਰੂਬੀ, ਕੁਲਦੀਪ ਸਿੰਘ ਖ਼ਾਲਸਾ ਅਤੇ ਵੱਡੀ ਗਿਣਤੀ ਹੋਰ ਪਤਵੰਤੇ ਵੀ ਮੌਜੂਦ ਸਨ। ਜਦੋਂਕਿ ਮੁੱਖ ਮੰਤਰੀ ਦੀ ਪਟਿਆਲਾ ਸਥਿਤ ਰਿਹਾਇਸ਼ 'ਤੇ ਡੀ.ਐਸ.ਪੀ. ਸ. ਪ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਸਮੁਚੇ ਸੁਰੱਖਿਆ ਸਟਾਫ਼ ਨੇ ਵੀ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ।ਸਿੱਖ ਸੰਗਤ ਤੇ ਨਿਰੋਲ ਸੇਵਾ ਸੰਸਥਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਸ੍ਰੀ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਉਲੀਕੇ ਇਸ ਮਹਾਨ ਨਗਰ ਕੀਰਤਨ ਬਾਰੇ ਜਾਣਕਾਰੀ ਦਿੰਦਿਆਂ ਡਾ. ਜਗਦੀਪ ਸਿੰਘ ਸੋਢੀ ਨੇ ਦੱਸਿਆ ਕਿ ਇਸ ਨਗਰ ਕੀਰਤਨ 'ਚ ਪਾਲਕੀ ਸਾਹਿਬ ਦੇ ਨਾਲ ਨਿਹੰਗ ਸਿੰਘ ਜਥੇਬੰਦੀ ਬਾਬਾ ਬਿਧੀ ਚੰਦ ਦੇ ਗਤਕੇ ਵਾਲੇ ਸਿੰਘ, ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ, ਸ੍ਰੀ ਨਨਕਾਣਾ ਸਾਹਿਬ ਦੇ ਮਾਡਲਾਂ ਅਤੇ ਧਾਰਮਿਕ ਪ੍ਰਦਰਸ਼ਨੀ ਸਮੇਤ ਵੱਡੀ ਸੰਗਤਾਂ ਸ਼ਾਮਲ ਹਨ, ਇਸ ਨਗਰ ਕੀਰਤਨ ਦਾ ਅੱਜ ਠਹਿਰਾਉ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਹੋਵੇਗਾ।ਡਾ. ਸੋਢੀ ਨੇ ਦੱਸਿਆ ਕਿ ਇਹ ਮਹਾਨ ਨਗਰ ਕੀਰਤਨ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਹੁੰਦੇ ਹੋਏ 6 ਮਾਰਚ ਨੂੰ ਡੇਰਾ ਬਾਬਾ ਨਾਨਕ ਪੁੱਜੇਗਾ ਅਤੇ 7 ਮਾਰਚ ਨੂੰ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਲਈ ਰਵਾਨਾ ਹੋਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਵੱਲੋਂ ਅੱਜ ਇਸ ਨਗਰ ਕੀਰਤਨ ਦਾ ਪਟਿਆਲਾ ਪੁੱਜਣ 'ਤੇ ਵਿਸ਼ੇਸ਼ ਸਵਾਗਤ ਕੀਤਾ ਗਿਆ ਹੈ। ਮਹਾਨ ਨਗਰ ਕੀਰਤਨ ਦੇ ਸਵਾਗਤ ਲਈ ਚਾਹ ਦੇ ਲੰਗਰ ਸਮੇਤ ਹੋਰ ਪ੍ਰਬੰਧ ਸੁਚੱਜੇ ਢੰਗ ਨਾਲ ਕੀਤੇ ਗਏ ਸਨ ਅਤੇ ਸਮੁੱਚਾ ਇਲਾਕਾ ਪੂਰੇ ਜਾਹੋ ਜਲਾਲ ਨਾਲ ਖ਼ਾਲਸਾਈ ਰੰਗ ਵਿੱਚ ਰੰਗਿਆ ਗਿਆ ਸੀ।