ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਰਨਾਲਾ ਵੱਲ੍ਹੋਂ ਟ੍ਰੈਫਿਕ ਪੁਲਿਸ, ਬਰਨਾਲਾ, ਡੀ.ਸੀ.ਪੀ.ਓ. ਸ਼੍ਰੀ ਅਭੀਸ਼ੇਕ ਸਿੰਗਲਾ ਅਤੇ ਪੈਨਲ ਵਕੀਲਾ ਦੇ ਸਹਿਯੋਗ ਨਾਲ ਜਿਲ੍ਹਾ ਬਰਨਾਲਾ ਵਿਖੇ ਸਕੂਲੀ ਵਹੀਕਲਾ ਦੀ ਅਚਨਚੇਤ ਚੈਕਿੰਗ ਕੀਤੀ ਗਈ। ਸ਼੍ਰੀ ਰੁਪਿੰਦਰ ਸਿੰਘ, ਮਾਨਯੋਗ ਸੀ.ਜੇ.ਐੱਮ./ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ੍ਰੀ ਵਰਿੰਦਰ ਅਗਰਵਾਲ, ਮਾਨਯੋਗ ਜਿਲ੍ਹਾ ਅਤੇ ਸੈਸ਼ਨਜ਼ ਜੱਜ-ਸਹਿਤ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਅਗਵਾਈ ਹੇਠ ਸਕੂਲੀ ਵਾਹਨਾਂ ਦੀ ਚੈਕਿੰਗ ਲਈ ਇੱਕ ਮੁਹਿੰਮ ਦੀ ਸ਼ੁਰੂਆਤ ਮਿਤੀ 18.02.2020 ਤੋਂ ਕੀਤੀ ਗਈ ਸੀ, ਜਿਸ ਅਧੀਨ ਜਿਲ੍ਹਾ ਬਰਨਾਲਾ ਦੇ ਸਾਰੇ ਸਕੂਲੀ ਵਹੀਕਲਾ ਦੀ ਚੈਕਿੰਗ ਕੀਤੀ ਜਾਵੇਗੀ। ਇਸ ਮੁਹਿੰਮ ਲਈ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਵੱਲ੍ਹੋਂ ਪੈਨਲ ਵਕੀਲਾ ਅਤੇ ਪੈਰਾ ਲੀਗਲ ਵਲੰਟੀਅਰਾਂ ਦੀਆਂ ਟੀਮਾਂ ਦਾ ਵੀ ਗਠਨ ਕੀਤਾ ਗਿਆ। ਇਸ ਮੁਹਿੰਮ ਤਹਿਤ ਅੱਜ ਮਿਤੀ 19.02.2020 ਨੂੰ ਪੱਖੋ ਕੈਂਚੀਆਂ, ਬਰਨਾਲਾ ਵਿਖੇ ਨਾਕਾ ਬੰਦੀ ਕੀਤੀ ਗਈ ਅਤੇ ਨਿਯਮਾ ਦੀ ਉਲੰਘਣਾ ਕਰਨ ਵਾਲੇ ਵਹੀਕਲਾ ਦੇ ਚਲਾਣ ਆਦਿ ਕੱਟੇ ਗਏ। ਇਸ ਮੌਕੇ ਸ਼੍ਰੀ ਭੁਪਿੰਦਰ ਸਿੰਘ ਲੀਗਲ ਅਫ਼ਸਰ, ਸਿੰਕਦਰ ਪਾਲ ਸਿੰਘ, ਚਾਇਲਡ ਪ੍ਰੋਟੈਕਸ਼ਨ ਅਫ਼ਸਰ, ਸ਼੍ਰੀ ਮਨਿੰਦਰ ਸਿੰਘ ਪੈਨਲ ਵਕੀਲ, ਸ਼੍ਰੀ ਤੇਜਿੰਦਰ ਸਿੰਘ ਪੈਨਲ ਵਕੀਲ ਅਤੇ ਪੈਰਾ ਲੀਗਲ ਵਲੰਟੀਅਰ ਮੌਜੂਦ ਸਨ। ਜਾਣਕਾਰੀ ਅਨੁਸਾਰ ਸੇਫ ਸਕੂਲ ਵਾਹਨ ਪਾਲਿਸੀ ਅਨੁਸਾਰ ਸਕੂਲੀ ਬੱਸਾਂ ਲਈ ਨਿਯਮ ਜਿਵੇਂ ਫਸਟ ਏਡ ਬਾਕਸ, ਫਾਇਰ ਸੇਫਟੀ ਯੰਤਰ, ਵਾਹਨ ਦਾ ਪੀਲਾ ਰੰਗ, ਵਹੀਕਲ ਦੀ ਫਿੱਟਨੈੱਸ, ਪ੍ਰਦੂਸ਼ਨ ਅਤੇ ਬੀਮਾ ਸਰਟੀਫਿਕੇਟ ਦਾ ਹੋਣਾ, ਸਪੀਡ ਗਵਰਨੈਂਸ, ਵਹੀਕਲ ਉੱਤੇ ਚਾਈਲਡ ਹੈੱਲਪਲਾਈਨ ਨੰਬਰ 1098 ਲਿਖਿਆ ਹੋਣਾ, ਵਹੀਕਲ ਵਿੱਚ ਕੈਮਰਾ, ਮਹਿਲਾ ਅਟੈਂਡੈਟ ਦਾ ਹੋਣਾ, ਵਹੀਕਲ ਉੱਪਰ ਸਕੂਲ ਦਾ ਨਾਮ, ਵਹੀਕਲ ਦੇ ਮਾਲਕ ਦਾ ਨਾਮ ਅਤੇ ਫੋਨ ਨੰਬਰ, ਚਾਲਕ ਕੋਲ 5 ਸਾਲ ਵਹੀਕਲ ਚਲਾਉਣ ਦਾ ਤਜਰਬਾ ਹੋਣਾ, ਵਹੀਕਲ ਦਾ ਪਰਮਿਟ, ਜੀ.ਪੀ.ਐੱਸ. ਸਿਸਟਮ, ਚਾਲਕ ਅਤੇ ਸਹਾਇਕ ਦੀ ਵਰਦੀ ਆਦਿ ਨਿਯਮ ਹਨ, ਜੋ ਹਰੇਕ ਸਕੂਲੀ ਵਹੀਕਲ ਲਈ ਜਰੂਰੀ ਹਨ।