ਪ੍ਰਸਿੱਧ ਟਰਾਂਸਪਲਾਂਟ ਸਰਜਨ ਅਤੇ ਯੁਰੋਲੋਜਿਸਟ, ਡਾ. ਬੀ. ਐਸ. ਔਲਖ ਨੇ ਕਿਹਾ ਹੈ ਕਿ ਮਨੁੱਖਤਾ ਦੀ ਭਲਾਈ ਦੇ ਲਈ ਜੇ ਅੱਜ ਕੁੱਝ ਅਸਾਨੀ ਨਾਲ ਕੀਤਾ ਜਾ ਸਕਦਾ ਹੈ ਤਾਂ ਉਹ ਹੈ ਅੰਗਦਾਨ। ਜੇ ਇਕ ਵਿਅਕਤੀ ਆਪਣੇ ਅੰਗਦਾਨ ਕਰਦਾ ਹੈ ਤਾਂ ਉਹ ਅੱਠ ਜਾਨਾਂ ਬਚਾਉਂਦਾ ਹੈ ਅਤੇ ਪੰਜਾਹ ਮਰੀਜ਼ਾਂ ਦੀ ਹੋਰ ਸਹਾਇਤਾ ਕੀਤੀ ਜਾ ਸਕਦੀ ਹੈ। ਇਸ ਦੇ ਲਈ ਭਾਰਤੀ ਸਮਾਜ ਵਿਚ ਸਿਰਫ ਜਾਗਰੂਕਤਾ ਲਿਆਉਣ ਦੀ ਲੋੜ ਹੈ। ਇਸ ਸਮੇਂ ਚਾਰ ਲੱਖ ਤੋਂ ਵੱਧ ਮਨੁੱਖੀ ਅੰਗਾਂ ਦੀ ਲੋੜ ਹੈ ਜਿਸ ਦੇ ਨਾਲ ਹਜ਼ਾਰਾਂ ਜਾਨਾਂ ਬਚਾਈਆਂ ਜਾ ਸਕਦੀਆਂ ਹਨ । ਹੁਣ ਤਕ ਸਿਰਫ 10 ਹਜ਼ਾਰ ਸਰਜਰੀਆਂ ਕੀਤੀਆਂ ਜਾ ਚੁੱਕੀਆਂ ਹਨ।ਉਹ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਅੰਗਦਾਨ ਪ੍ਰੀਕ੍ਰਿਆ ਅਤੇ ਜਾਗਰੂਕਤਾ ਲਿਆਉਣ ਸਬੰਧੀ ਕਾਨੂੰਨ ਵਿਸ਼ੇ `ਤੇ ਵਿਸ਼ੇਸ਼ ਭਾਸ਼ਣ ਦੇਣ ਦੇ ਲਈ ਇਥੇ ਪੁੱਜੇ ਸਨ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਿਹਤ ਕੇਂਦਰ ਵੱਲੋਂ ਅਕਾਈ ਹਸਪਤਾਲ ਲੁਧਿਆਣਾ ਦੇ ਸਹਿਯੋਗ ਨਾਲ ਕਰਵਾਏ ਇਸ ਲੈਕਚਰ ਦੇ ਵਿਚ ਵੱਡੀ ਗਿਣਤੀ ਵਿਚ ਪੁੱਜੇ ਵਿਦਿਆਰਥੀਆਂ, ਅਧਿਆਪਕਾਂ, ਕਰਮਚਾਰੀਆਂ ਅਤੇ ਉਚ ਅਧਿਕਾਰੀਆਂ ਨੇ ਸਮੂਹਿਕ ਤੌਰ `ਤੇ ਅੰਗਦਾਨ ਕਰਨ ਦਾ ਪ੍ਰਣ ਵੀ ਲਿਆ।ਉਨ੍ਹਾਂ ਨੂੰ ਡਾ. ਬੀ.ਐਸ. ਔਲਖ ਨੇ ਸਹੁੰ ਚੁਕਾਈ ਕਿ ਉਹ ਮਨੁੱਖਤਾ ਦੀ ਭਲਾਈ ਦੇ ਲਈ ਜਿਥੇ ਖੁਦ ਅੰਗਦਾਨ ਕਰਨਗੇ ਉਥੇ ਇਸ ਮੁਹਿੰਮ ਨੂੰ ਜਨ ਜਨ ਤਕ ਪੁਚਾ ਕੇ ਉਸ ਭਾਵਨਾ ਨੂੰ ਬਦਲਣਗੇ ਜਿਸ ਦੇ ਸਬੰਧ ਵਿਚ ਅੰਗਦਾਨ ਕਰਨ ਸਬੰਧੀ ਵਹਿਮ ਪਾਏ ਜਾਂਦੇ ਹਨ।ਮਿਆਸ-ਜੀ.ਐਨ.ਡੀ.ਯੂ. ਡਿਪਾਰਟਮੈਂਟ ਆਫ ਸਪੋਰਟਸ ਸਾਇੰਸ ਐਂਡ ਮੈਡੀਸਨ ਦੇ ਮੁਖੀ, ਡਾ. ਸ਼ਵੇਤਾ ਸ਼ਿਨੋਏ ਇਸ ਵਿਸ਼ੇਸ਼ ਲੈਕਚਰ ਵਿਚ ਮੁੱਖ ਮਹਿਮਾਨ ਦੇ ਤੌਰ `ਤੇ ਇਥੇ ਪੁੱਜੇ ਸਨ। ਉਨ੍ਹਾਂ ਨੇ ਡਾ. ਬੀ.ਐਸ. ਔਲਖ ਨੂੰ ਫੁੱਲਾਂ ਦੇ ਗੁਲਦਸਤੇ ਦੇ ਕੇ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਇਸ ਸਮੇਂ ਲੋਕਾਈ ਕਈ ਗੰਭੀਰ ਬੀਮਾਰੀਆਂ ਨਾਲ ਜੂਝ ਰਹੀ ਹੈ ਅਤੇ ਤਕਨਾਲੋਜੀ ਤੋਂ ਇਲਾਵਾ ਹੋਰ ਸਰੋਤਾਂ ਦੀ ਕਮੀ ਬਹੁਤ ਜ਼ਿਆਦਾ ਹੈ। ਇਸ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ ਸਮਾਜਿਕ ਰਾਜਨੀਤਿਕ ਭੇਦਭਾਵ ਪਾਸੇ ਰੱਖਦੇ ਹੋਏ ਅੰਗਦਾਨ ਲਈ ਇਸ ਮੁਹਿੰਮ ਨੂੰ ਭਰਪੂਰ ਸਹਿਯੋਗ ਦੇਣਾ ਚਾਹੀਦਾ ਹੈ।ਇਸ ਤੋਂ ਪਹਿਲਾਂ ਉਨ੍ਹਾਂ ਦਾ ਇਥੇ ਪੁੱਜਣ `ਤੇ ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ ਨੇ ਨਿੱਘਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪਕੁਲਪਤੀ ਪ੍ਰੋ. ਜਸਪਾਲ ਸਿੰਘ ਸੰਧੂ ਅੰਗਦਾਨ ਪ੍ਰਤੀ ਜਾਗਰੂਕਤਾ ਲਿਆਉਣ ਲਈ ਜਿਥੇ ਖੁਦ ਨਿੱਜੀ ਦਿਲਚਸਪੀ ਲੈ ਰਹੇ ਹਨ ਉਥੇ ਯੂਨੀਵਰਸਿਟੀ ਵੱਲੋਂ ਵੀ ਗਲੋਦਸ ਐਨਜੀਓ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਨੇ ਵੀ ਇਸ ਸਮੇਂ ਆਪਣੇ ਸੰਬੋਧਨ ਵਿਚ ਕਿਹਾ ਕਿ ਅੰਗਦਾਨ ਪ੍ਰਤੀ ਜਾਗਰੂਕਤਾ ਲਿਆ ਕੇ ਅਸੀਂ ਸਮਾਜ ਨੂੰ ਜਿਥੇ ਨਵੀਂ ਦਿਸ਼ਾ ਦੇ ਸਕਦੇ ਹਾਂ ਉਥੇ ਮਨੁੱਖਤਾ ਦੀ ਭਲਾਈ ਦੇ ਲਈ ਵੀ ਅੱਗੇ ਆ ਕੇ ਕੰਮ ਕਰ ਸਕਦੇ। ਪ੍ਰੋ. ਕਾਹਲੋਂ ਨੇ ਕਿਹਾ ਕਿ ਅੰਗਦਾਨ ਪ੍ਰਤੀ ਭਾਰਤੀ ਸਮਾਜ ਵਿਚ ਜਿਸ ਤਰ੍ਹਾਂ ਦੇ ਨਾਕਾਰਾਤਮਕ ਵਿਚਾਰ ਹਨ ਉਨ੍ਹਾਂ ਨੂੰ ਬਦਲਣ ਦੀ ਲੋੜ `ਤੇ ਜ਼ੋਰ ਦਿੰਦਿਆਂ ਕਿਹਾ ਕਿ ਇਸ ਦੇ ਲਈ ਆਪਣੇ ਪਰਿਵਾਰ ਅਤੇ ਸਮਾਜ ਦੇ ਵਿਚ ਜਾਗਰੂਕਤਾ ਲਿਆਉਣੀ ਚਾਹੀਦੀ ਹੈ।
ਡਾ. ਔਲਖ ਨੇ ਭਾਰਤ ਵਿਚ ਅੰਗਦਾਨ ਦੀ ਲੋੜ ਦੀ ਮਹੱਤਤਾ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਪੱਛਮੀ ਦੇਸ਼ਾਂ ਦੇ ਮੁਕਾਬਲੇ ਭਾਰਤੀ ਸਮਾਜ ਵਿਚ ਅੰਗ ਦਾਨ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਹਨ ਜਿਸ ਦੇ ਕਾਰਨ ਕਈ ਜਾਨਾਂ ਅਜਾਈਂ ਹੀ ਜਾ ਰਹੀਆਂ ਹਨ। ਉਨ੍ਹਾਂ ਨੇ ਕਾਨੂੰਨ ਅਤੇ ਧਾਰਮਿਕ ਨੁਕਤਾਨਿਗਾਹ ਤੋਂ ਵੱਖ ਵੱਖ ਉਦਾਹਾਰਨਾਂ ਦਿੰਦਿਆਂ ਕਿਹਾ ਕਿ ਅੱਜ ਜੇ ਅਸੀਂ ਗੁਰੂ ਸਾਹਿਬਾਨਾਂ ਦੇ ਦੱਸੇ `ਤੇ ਕੁਰਬਾਨੀ ਵਾਲੇ ਜਜ਼ਬੇ ਦੇ ਨਾਲ ਕੁੱਝ ਅਸਾਨੀ ਨਾਲ ਕਰ ਸਕਦੇ ਹਾਂ ਤਾਂ ਉਹ ਅੰਗਦਾਨ ਹੈ।ਉਨ੍ਹਾਂ ਕਿਹਾ ਕਿ ਮਨੁੱਖੀ ਇਤਿਹਾਸ ਵਿਚ ਅੰਗਦਾਨ ਨੂੰ ਕਾਨੂੰਨੀ ਮਾਨਤਾ ਮਿਲਣ ਦੇ ਨਾਲ ਨਵੇਂ ਯੁਗ ਦੀ ਸ਼ੁਰੂਆਤ ਹੋਈ ਹੈ। ਇਸ ਮੌਕੇ ਉਨ੍ਹਾਂ ਨੇ ਅੰਗਦਾਨੀ ਕਿਵੇਂ ਬਣਨਾ ਹੈ ਅਤੇ ਅੰਗਦਾਨ ਕਿਵੇਂ ਹੁੰਦੇ ਹਨ, ਦੀਆਂ ਵੱਖ ਵੱਖ ਪ੍ਰੀਕਿਆਵਾਂ ਤੋਂ ਵੀ ਜਾਣੂ ਕਰਵਾਉਂਦਿਆਂ ਕਿਹਾ ਕਿ ਪੰਜਾਬ ਦੇ ਸਾਰੇ ਹਸਪਤਾਲਾਂ ਨੂੰ ਹੀ ਸਰਕਾਰ ਵੱਲੋਂ ਅੰਗ ਤਬਦੀਲ ਕਰਨ ਦੇ ਲਾਇਸੈਂਸ ਮਿਲਣੇ ਚਾਹੀਦੇ ਹਨ। ਉਨ੍ਹਾਂ ਨੇ ਇਸ ਮੌਕੇ `ਬਰੇਨ ਡੈਥ` ਅਤੇ `ਕੌਮਾ` ਵਿਚ ਆਪਸੀ ਫਰਕ ਨੂੰ ਦਸਦਿਆਂ ਕਿਹਾ ਕਿ `ਬਰੇਨ ਡੈਥ` ਧਾਰਨਾ ਜਿਸ ਵਿਚ ਮਰਨ ਉਪਰੰਤ ਮਨੁੱਖ ਦੇ ਅੰਗ ਕੁੱਝ ਸਮੇਂ ਲਈ ਚਲਦੇ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਨਿਸਚਿਤ ਸਮੇਂ ਵਿਚ ਲੋੜਵੰਦ ਮਰੀਜ਼ ਵਿਚ ਤਬਦੀਲ ਕਰਕੇ ਕਈ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਧਾਰਨਾ ਸਬੰਧੀ ਘੱਟ ਜਾਗਰੂਕਤਾ ਹੋਣ ਕਾਰਨ ਅੰਗਦਾਨ ਘੱਟ ਹੋ ਰਹੇ ਹਨ।ਉਨ੍ਹਾਂ ਕਿਹਾ ਕਿ ਕੋਈ ਵੀ ਧਰਮ ਅੰਗਦਾਨ ਕਰਨ `ਤੇ ਰੋਕ ਨਹੀਂ ਲਗਾਉਂਦਾ। ਇਸ ਭਰਮ ਵਿਚੋਂ ਵੀ ਲੋਕ ਮਾਨਸਿਕਤਾ ਨੂੰ ਕੱਢਣ ਦੀ ਲੋੜ `ਤੇ ਜ਼ੋਰ ਦਿੰਦਿਆਂ ਕਿਹਾ ਕਿ ਹਰ ਸਾਲ ਪੰਜ ਲੱਖ ਲੋਕ ਮਨੁੱਖੀ ਅੰਗਾਂ ਦੀ ਘਾਟ ਕਾਰਨ ਮਰਦੇ ਹਨ ਜਦੋਂਕਿ ਦੋ ਲੱਖ ਲੋਕ ਜਿਗਰ ਦੀ ਬੀਮਾਰੀ, ਪੰਜਾਹ ਹਜ਼ਾਰ ਦਿਲ ਦੀਆਂ ਬੀਮਾਰੀਆਂ ਨਾਲ ਅਤੇ ਡੇਢ ਲੱਖ ਲੋਕ ਗੁਰਦੇ ਬਦਲਣ ਲਈ ਉਡੀਕ ਵਿਚ ਹਨ ਜਦੋਂਕਿ ਇਸ ਸਮੇਂ ਕੇਵਲ ਪੰਜ ਹਜ਼ਾਰ ਉਪਲਬਧ ਹਨ।ਬੋਟਾਨੀਕਲ ਐਂਡ ਇਨਵਾਇਰਨਮੈਂਟਲ ਸਾਇੰਸਜ਼ ਤੋਂ ਪ੍ਰੋ. ਅਵਿਨਾਸ਼ ਕੌਰ ਨਾਗਪਾਲ ਨੇ ਧੰਨਵਾਦ ਕਰਦਿਆਂ ਕਿਹਾ ਕਿ ਡਾ. ਔਲਖ ਵੱਲੋਂ ਸ਼ੁਰੂ ਕੀਤੀ ਗਈ ਇਸ ਮੁਹਿੰਮ ਦੇ ਨਾਲ ਕਾਫੀ ਜਾਗਰੂਕਤਾ ਵੱਧ ਰਹੀ ਹੈ ਅਤੇ ਕਈ ਜ਼ਿੰਦਗੀ ਬਚਾਈਆਂ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਅੱਜ ਦੇ ਇਸ ਲੈਕਚਰ ਦੇ ਨਾਲ ਵੀ ਇਕ ਚੰਗਾ ਸੰਦੇਸ਼ ਗਿਆ ਹੈ ਜਿਸ ਤੋਂ ਬਾਅਦ ਹੋਰ ਲੋਕ ਵੀ ਮਾਨਸਿਕ ਤੌਰ `ਤੇ ਅੰਗਦਾਨ ਕਰਨ ਪ੍ਰਤੀ ਸੁਚੇਤ ਹੋਣਗੇ। ਉਨ੍ਹਾਂ ਨੇ ਇਸ ਭਾਸ਼ਣ ਨੂੰ ਕਰਵਾਉਣ ਦੇ ਲਈ ਵਾਈਸ ਚਾਂਸਲਰ, ਪ੍ਰੋ. ਜਸਪਾਲ ਸਿੰਘ ਸੰਧੂ, ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ ਦਾ ਉਚੇਚੇ ਤੋਰ `ਤੇ ਧੰਨਵਾਦ ਵੀ ਕੀਤਾ।ਮੰਚ ਸੰਚਾਲਨ ਕਰ ਰਹੇ ਯੂਨੀਵਰਸਿਟੀ ਦੇ ਆਫੀਸਰ ਐਸ਼ੋਸੀਏਸ਼ਨ ਦੇ ਪ੍ਰਧਾਨ, ਡਾ. ਪਵਨ ਸ਼ਰਮਾ ਨੇ ਅੰਗਦਾਨ ਦੇ ਇਤਿਹਾਸ ਅਤੇ ਡਾ. ਬੀ.ਐਸ. ਔਲਖ ਵੱਲੋਂ ਇਸ ਖੇਤਰ ਵਿਚ ਨਿਭਾਏ ਜਾ ਰਹੇ ਰੋਲ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਪੰਜਾਬ ਵਿਚ ਵੀ ਇਸ ਨੂੰ ਲਹਿਰ ਦੀ ਤਰ੍ਹਾਂ ਚਲਾਉਣ ਦੀ ਲੋੜ ਹੈ।ਇਸ ਮੌਕੇ ਪਰੋਸਟੈਂਟ ਕੈਂਸਰ ਬਾਰੇ ਪੰਜਾਬੀ ਵਿਚ ਅਨੁਵਾਦਤ ਪੁਸਤਕ ਵੀ ਡਾ. ਔਲਖ ਅਤੇ ਪਤਵੰਤਿਆਂ ਵੱਲੋਂ ਕੀਤੀ ਗਈ। ਯੂਨੀਵਰਸਿਟੀ ਵੱਲੋਂ ਇਸ ਮੌਕੇ ਡਾ. ਔਲਖ ਦਾ ਉਚੇਚੇ ਤੌਰ `ਤੇ ਸਨਮਾਨ ਵੀ ਕੀਤਾ ਗਿਆ।