ਦੇਸ਼ ਵਿਚ ਆਗਾਮੀ ਲੋਕ ਸਭਾ ਚੋਣਾਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਭਾਈਵਾਲੀ ਵਾਲੀ ਐਨ.ਡੀ.ਏ. ਸਰਕਾਰ ਦਾ ਗਠਨ ਹੋਵੇਗਾ ਅਤੇ ਮੁਲਕ ਦੀ ਜਨਤਾ ਲੋਕ ਦੋਖੀ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਦਾ ਤਖ਼ਤਾ ਪਲਟ ਦੇਵੇਗੀ ਅਤੇ ਕੇਂਦਰ ਵਿਚ ਐਨ.ਡੀ.ਏ. ਸਰਕਾਰ ਬਣਨ ਤੇ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਨੂੰ ਉਲਪਿੰਕ ਵਿਚ ਸ਼ਾਮਿਲ ਕਰਵਾਉਣ ਲਈ ਹੋਰ ਵੀ ਤੇਜੀ ਨਾਲ ਯਤਨ ਕੀਤੇ ਜਾਣਗੇ।
ਇਹ ਗੱਲ ਅੱਜ ਇੱਥੇ ਪੰੰਜਾਬ ਦੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਖੇਡੇ ਗਏ ਚੌਥੇ ਵਿਸਵ ਕੱਪ ਕਬੱਡੀ ਦੇ 4 ਮੈਚਾਂ ਦੌਰਾਨ ਦਰਸ਼ਕਾਂ ਦੇ ਵੱਡੇ ਇੱਕਠ ਨੂੰ ਸੰਬੋਧਨ ਕਰਦਿਆਂ ਆਖੀ। ਉਪ ਮੁੱਖ ਮੰਤਰੀ ਨੇ ਖਚਾਖਚ ਭਰੇ ਸਟੇਡੀਮ ਵਿਚ ਸੰਬੋਧਨ ਕਰਦਿਆਂ ਕਿਹਾ ਕਿ ਕੁੱਝ ਸਾਲ ਪਹਿਲਾਂ ਕਬੱਡੀ ਭਾਰਤ ਅਤੇ ਪਾਕਿਸਤਾਨ ਤੱਕ ਸੀਮਤ ਸੀ ਪਰ ਪੰਜਾਬ ਸਰਕਾਰ ਵੱਲੋਂ ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਨੂੰ ਵਿਸਵ ਮੰਚ ਤੱਕ ਲੈ ਕੇ ਜਾਣ ਲਈ ਕੀਤੇ ਉਪਰਾਲਿਆਂ ਸਦਕਾ ਅੱਜ ਦੁਨੀਆਂ ਦੇ ਦਰਜਨ ਤੋਂ ਵੱਧ ਦੇਸ਼ਾਂ ਵਿਚ ਕਬੱਡੀ ਖੇਡੀ ਜਾ ਰਹੀ ਹੈ ਅਤੇ ਚੌਥੇ ਵਿਸਵ ਕੱਪ ਵਿਚ ਦੁਨੀਆਂ ਭਰ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ। ਸ: ਬਾਦਲ ਨੇ ਕਿਹਾ ਕਿ ਉਨ੍ਹਾਂ ਦਾ ਨਿਸ਼ਾਨਾ ਹੈ ਕਿ ਕਬੱਡੀ ਨੂੰ ਉਲਪਿੰਕ ਵਿਚ ਸ਼ਾਮਿਲ ਕਰਵਾਇਆ ਜਾਵੇ। ਇਸ ਲਈ ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਅਗਲੀਆਂ ਆਮ ਚੌਣਾਂ ਤੋਂ ਬਾਅਦ ਜਦ ਦੇਸ਼ ਵਿਚ ਐਨ.ਡੀ.ਏ. ਦੀ ਸਰਕਾਰ ਬਣ ਜਾਵੇਗੀ ਤਾਂ ਅੰਤਰ ਰਾਸ਼ਟਰੀ ਪੱਧਰ ਤੇ ਅਜਿਹੇ ਉਪਰਾਲੇ ਕਰਨੇ ਹੋਰ ਵੀ ਆਸਾਨ ਹੋ ਜਾਣਗੇ।
ਉਪ ਮੁੱਖ ਮੰਤਰੀ ਨੇ ਇਸ ਮੌਕੇ 7 ਕਰੋੜ ਰੁਪਏ ਦੀ ਲਾਗਤ ਨਾਲ ਜਲਾਲਾਬਾਦ ਵਿਖੇ ਬਣੇ ਬਹੁਮੰਤਵੀ ਸਟੇਡੀਅਮ ਦਾ ਉਦਘਾਟਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਜਲਾਲਾਬਾਦ ਇਲਾਕੇ ਦਾ ਵੱਡਾ ਵਿਕਾਸ ਕਰਵਾਇਆ ਹੈ ਅਤੇ ਆਉਣ ਵਾਲੇ ਦੋ ਸਾਲਾਂ ਵਿਚ ਇਸ ਇਲਾਕੇ ਨੂੰ ਪੂਰੀ ਤਰਾਂ ਨਾਲ ਵਿਕਸਤ ਕਰ ਦਿੱਤਾ ਜਾਵੇਗਾ।
ਇਸ ਤੋਂ ਪਹਿਲਾਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਸ੍ਰੀ ਸੁਰਜੀਤ ਕੁਮਾਰ ਜਿਆਣੀ ਨੇ ਆਪਣੇ ਸੰਬੋਧਨ ਵਿਚ ਪੰਜਾਬ ਸਰਕਾਰ ਵੱਲੋਂ ਪੰਜਾਬੀਆਂ ਦੀ ਮਾਂ ਖੇਡ ਨੂੰ ਉਤਸਾਹਿਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸਲਾਘਾ ਕਰਦਿਆਂ ਫਾਜ਼ਿਲਕਾ ਜ਼ਿਲ੍ਹੇ ਦੇ ਸਰਵਪੱਖੀ ਵਿਕਾਸ ਲਈ ਉਪ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਕੀਤਾ।
ਇਸ ਤੋਂ ਪਹਿਲਾਂ ਲੋਕ ਸਭਾ ਮੈਂਬਰ ਸ: ਸ਼ੇਰ ਸਿੰਘ ਘਬਾਇਆ ਨੇ ਸਭ ਨੂੰ ਇੱਥੇ ਆਉਣ ਤੇ ਜੀ ਆਇਆਂ ਨੂੰ ਆਖਦਿਆਂ ਆਖਿਆ ਕਿ ਪੰਜਾਬ ਸਰਕਾਰ ਨੇ ਜਲਾਲਾਬਾਦ ਵਿਖੇ ਖੇਡ ਸਟੇਡੀਅਮ ਦਾ ਨਿਰਮਾਣ ਕਰਕੇ ਇਲਾਕੇ ਨੂੰ ਵੱਡਾ ਤੋਹਫਾ ਦਿੱਤਾ ਹੈ।
ਇਸ ਮੌਕੇ ਹੋਰਨਾ ਤੋਂ ਇਲਾਵਾ ਪੰਜਾਬ ਭਾਜਪਾ ਦੇ ਪ੍ਰਧਾਨ ਸ੍ਰੀ ਕਮਲ ਸ਼ਰਮਾ, ਹਲਕਾ ਬੱਲੂਆਣਾ ਦੇ ਵਿਧਾਇਕ ਸ: ਗੁਰਤੇਜ ਸਿੰਘ ਘੁੜਿਆਣਾ, ਸ: ਸਤਿੰਦਰਜੀਤ ਸਿੰਘ ਮੰਟਾ ਅਤੇ ਸ: ਚਰਨਜੀਤ ਸਿੰਘ ਬਰਾੜ, ਸ: ਵਰਦੇਵ ਸਿੰਘ ਮਾਨ, ਸ: ਦਵਿੰਦਰ ਸਿੰਘ ਬੱਬਲ ਪ੍ਰਧਾਨ ਜਲਾਲਾਬਾਦ ਕਬੱਡੀ ਐਸੋਸੀਏਸ਼ਨ, ਚੌ: ਸੰਜੀਵ ਗੋਦਾਰਾ, ਸ: ਪ੍ਰਕਾਸ਼ ਸਿੰਘ ਭੱਟੀ ਸਾਬਕਾ ਵਿਧਾਇਕ, ਸ੍ਰੀ ਪ੍ਰੇਮ ਵਲੇਚਾ ਚੇਅਰਮੈਨ ਜ਼ਿਲ੍ਹਾ ਪਲਾਨਿੰਗ ਬੋਰਡ, ਸ੍ਰੀ ਅਸੋਕ ਤਨੇਜਾ, ਸ: ਲਖਵਿੰਦਰ ਸਿੰਘ ਰੋਹੀਵਾਲਾ, ਜੱਥੇਦਾਰ ਸੂਬਾ ਸਿੰਘ, ਜੱਥੇਦਾਰ ਕੌਰ ਸਿੰਘ ਦੋਨੋਂ ਐਸ.ਜੀ.ਪੀ.ਸੀ. ਮੈਂਬਰ, ਪ੍ਰਹਿਲਾਦ ਖਾਟਵਾਂ, ਮਾਸਟਰ ਬਲਵਿੰਦਰ ਸਿੰਘ, ਕਮਿਸ਼ਨਰ ਸ੍ਰੀ ਵੀ.ਕੇ. ਸ਼ਰਮਾ, ਡਿਪਟੀ ਕਮਿਸ਼ਨਰ ਡਾ: ਬਸੰਤ ਗਰਗ, ਐਸ.ਐਸ.ਪੀ. ਸ੍ਰੀ ਅਸੋਕ ਬਾਠ, ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਸੁਨੀਲ ਕੁਮਾਰ ਸ਼ਰਮਾ ਆਦਿ ਵੀ ਹਾਜਰ ਸਨ। ਇਸ ਮੌਕੇ ਜਲਾਲਾਬਾਦ ਕਬੱਡੀ ਐਸੋਸੀਏਸ਼ਨ ਵੱਲੋਂ 2 ਅਲਟੋ ਕਾਰਾਂ ਖੇਡ ਵਿਭਾਗ ਨੂੰ ਦਿੱਤੀਆਂ ਗਈਆਂ ਅਤੇ ਇਹ ਕਾਰਾਂ ਲੜਕੀਆਂ ਦੀਆਂ ਬੈਸਟ ਰੇਡਰ ਅਤੇ ਜਾਫੀ ਖਿਡਾਰਨਾਂ ਨੂੰ ਜਲੰਧਰ ਵਿਖੇ ਇਨਾਮ ਵਿਚ ਦਿੱਤੀਆਂ ਜਾਣਗੀਆਂ।
ਓਧਰ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਚੌਥੇ ਪਰਲਜ ਵਿਸਵ ਕੱਪ ਕਬੱਡੀ-2013 ਦੇ ਅੱਜ ਜਲਾਲਾਬਾਦ ਵਿਖੇ ਪੂਲ ਏ ਅਤੇ ਬੀ ਦੇ ਦੋ ਦੋ ਮੈਚ ਖੇਡੇ ਗਏ ਅਤੇ ਭਾਰਤ ਦੀਆਂ ਪੁਰਸ਼ ਅਤੇ ਮਹਿਲਾ ਦੋਹਾਂ ਵਰਗਾਂ ਦੀਆਂ ਟੀਮਾਂ ਨੇ ਆਪਣੀ ਜੇਤੂ ਮੁਹਿੰਮ ਜਾਰੀ ਰੱਖਦਿਆਂ ਆਪੋ ਆਪਣੇ ਮੈਚਾਂ ਵਿਚ ਜਿੱਤਾਂ ਦਰਜ ਕੀਤੀਆਂ। ਅੱਜ ਇੱਥੇ ਪਹਿਲਾ ਮੈਚ ਪੁਰਸ਼ ਵਰਗ ਵਿਚ ਸਪੇਨ ਅਤੇ ਯੂ.ਐਸ.ਏ. ਵਿਚਕਾਰ ਖੇਡਿਆ ਗਿਆ ਜਿਸ ਵਿਚ ਯੂ.ਐਸ.ਏ. ਦੀ ਟੀਮ ਨੇ ਸਪੇਨ ਨੂੰ 26 ਦੇ ਮੁਕਾਬਲੇ 51 ਦੇ ਫਰਕ ਨਾਲ ਹਰਾਇਆ। ਇਸ ਤੋਂ ਬਾਅਦ ਦੁਸਰੇ ਮੈਚ ਵਿਚ ਭਾਰਤ ਦੀ ਮਹਿਲਾ ਟੀਮ ਦਾ ਮੁਕਾਬਲਾ ਯੂ.ਐਸ.ਏ. ਦੀ ਟੀਮ ਨਾਲ ਹੋਇਆ ਜਿਸ ਵਿਚ ਭਾਰਤ ਦੀ ਟੀਮ ਨੇ 59 ਅੰਕ ਪ੍ਰਾਪਤ ਕਰਕੇ 15 ਅੰਕ ਪ੍ਰਾਪਤ ਕਰਨ ਵਾਲੀ ਯੂ.ਐਸ.ਏ. ਦੀ ਟੀਮ ਨੂੰ ਮਾਤ ਦਿੱਤੀ। ਤੀਜਾ ਮੁਕਾਬਲਾ ਪਾਕਿਸਤਾਨ ਅਤੇ ਇੰਗਲੈਂਡ ਦੀਆਂ ਲੜਕੀਆਂ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਇਸ ਮੈਚ ਵਿਚ ਇੰਗਲੈਂਡ ਨੇ 30 ਅੰਕ ਹਾਸਲ ਕੀਤੇ ਜਦ ਕਿ ਪਾਕਿਸਤਾਨ ਦੀ ਟੀਮ 41 ਅੰਕ ਪ੍ਰਾਪਤ ਕਰਕੇ ਜੇਤੂ ਰਹੀ। ਚੌਥਾ ਮੁਕਾਬਲਾ ਪੁਰਸ਼ਾ ਦੇ ਵਰਗ ਵਿਚ ਭਾਰਤ ਅਤੇ ਅਰਜਨਟਾਈਨਾ ਵਿਚਕਾਰ ਖੇਡਿਆਂ ਗਿਆ ਜਿਸ ਵਿਚ ਭਾਰਤ ਨੇ 32 ਦੇ ਮੁਕਾਬਲੇ 50 ਅੰਕ ਬਣਾ ਕੇ ਭਾਰਤ ਨੇ ਇਹ ਮੁਕਾਬਲਾ ਜਿੱਤ ਲਿਆ।