ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਅੱਜ ਇਥੇ ਦੱਸਿਆ ਕਿ ਨਗਰ ਕੌਂਸਲ ਖਰੜ ਨੇ ਜੈਵਿਕ ਖਾਦ ਦੀ ਆਨਲਾਈਨ ਡਿਲੀਵਰੀ ਲਈ ਨਗਰ ਵਾਸੀਆਂ ਤੋਂ ਆਨਲਾਈਨ ਆਰਡਰ ਲੈਣ ਦੀ ਸਹੂਲਤ ਸ਼ੁਰੂ ਕਰ ਦਿੱਤੀ ਹੈ।ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸ੍ਰੀ ਦਿਆਲਨ ਨੇ ਦੱਸਿਆ ਕਿ ਘਰਾਂ ਦੇ ‘‘ਗਿੱਲੇ-ਸੁੱਕੇ ਕੂੜੇ ਨੂੰ ਵੱਖੋ-ਵੱਖ ਕਰਕੇ ਸੈਲਫੀ ਖਿੱਚਣ ’ਤੇ ਮੁਫਤ ਖਾਦ ਲੈਣ’’ ਦੀ ਮੁਹਿੰਮ ਨੂੰ ਭਾਰੀ ਹੁੰਗਾਰਾ ਮਿਲਣ ਤੋਂ ਬਾਅਦ ਨਗਰ ਕੌਂਸਲ ਖਰੜ ਵੱਲੋਂ ਨਵੀਂ ਪਹਿਲਕਦਮੀ ਤਹਿਤ ਕੌਂਸਲ ਵਲੋਂ ਬਣਾਈ ਜੈਵਿਕ ਖਾਦ ਨੂੰ ਖਰੜ ਵਾਸੀਆਂ ਦੇ ਬਗੀਚਿਆਂ ਤਕ ਪਹੁੰਚਾਉਣ ਲਈ ਆਨਲਾਈਨ ਡਿਲੀਵਰੀ ਦੀ ਵਿਵਸਥਾ ਕੀਤੀ ਗਈ ਹੈ। ਉਨਾਂ ਦੱਸਿਆ ਕਿ ਐਮਾਜ਼ੋਨ ਆਦਿ ਆਨਲਾਈਨ ਕੰਪਨੀਆਂ ਦੀ ਤਰਜ਼ ’ਤੇ ਖਰੜ ਵਾਸੀ ਆਪਣੀ ਲੋੜ ਮੁਤਾਬਕ ਜੈਵਿਕ ਖਾਦ ਦਾ ਆਰਡਰ ਕੌਂਸਲ ਦੀ ਈ-ਮੇਲ [email protected] ’ਤੇ ਭੇਜ ਸਕਦੇ ਹਨ। ਉਨਾਂ ਦੱਸਿਆ ਕਿ ਚਾਹਵਾਨ ਵਿਅਕਤੀ ਨੂੰ ਆਪਣਾ ਨਾਮ, ਪਤਾ, ਫ਼ੋਨ ਨੰਬਰ ਅਤੇ ਖਾਦ ਦੀ ਮਾਤਰਾ ਲਿਖ ਕੇ ਭੇਜਣੀ ਹੋਵੇਗੀ। ਆਰਡਰ ਮਿਲਣ ਉਪਰੰਤ ਕੌਂਸਲ ਦੇ ਅਧਿਕਾਰੀ ਇਸ ਨੂੰ ਤਸਦੀਕ ਕਰਕੇ ਦੱਸੇ ਪਤੇ ’ਤੇ ਜੈਵਿਕ ਖਾਦ ਪਹੁੰਚਾਉਣਗੇ। ਉਨਾਂ ਦੱਸਿਆ ਕਿ ਕੌਂਸਲ ਵਲੋਂ ਬਣਾਈ ਗਈ ਜੈਵਿਕ ਖਾਦ ਸਰਕਾਰੀ ਲੈਬਾਰਟਰੀ ਵਿਚ ਚੈੱਕ ਕਰਵਾਈ ਗਈ ਹੈ ਅਤੇ ਇਸ ਵਿਚ ਸਾਰੇ ਤੱਤਾਂ ਦੀ ਮਾਤਰਾ ਬਹੁਤ ਹੀ ਵਧੀਆ ਮਿਲੀ ਹੈ। ਸ੍ਰੀ ਦਿਆਲਨ ਨੇ ਦੱਸਿਆ ਕਿ ਅਜਿਹੀ ਖਾਦ ਪ੍ਰਾਈਵੇਟ ਨਰਸਰੀਆਂ ਵਲੋਂ ਕਰੀਬ 30 ਰੁਪਏ ਪ੍ਰਤੀ ਕਿੱਲੋ ਵੇਚੀ ਜਾ ਰਹੀ ਹੈ ਜਦਕਿ ਨਗਰ ਕੌਂਸਲ ਖਰੜ ਵਲੋਂ ਇਸ ਦਾ ਭਾਅ 10 ਰੁਪਏ ਪ੍ਰਤੀ ਕਿੱਲੋ ਰੱਖਿਆ ਗਿਆ ਹੈ। ਡਿਪਟੀ ਕਮਿਸ਼ਨਰ ਨੇ ਇਸ ਪ੍ਰੋਗਰਾਮ ਨੂੰ ਭਰਵਾਂ ਹੁੰਗਾਰਾ ਦੇਣ ਅਤੇ ਸਫ਼ਲ ਬਣਾਉਣ ਲਈ ਸ਼ਹਿਰ ਵਾਸੀਆਂ ਨੂੰ ਵਧ-ਚੜ ਕੇ ਸਹਿਯੋਗ ਦੇਣ ਦੀ ਅਪੀਲ ਕੀਤੀ।ਇਸੇ ਦੌਰਾਨ ਕੌਂਸਲ ਦੇ ਕਾਰਜਸਾਧਕ ਅਫ਼ਸਰ ਸ੍ਰੀ ਕੁਲਬੀਰ ਸਿੰਘ ਬਰਾੜ ਨੇ ਦੱਸਿਆ ਕਿ ਨਗਰ ਕੌਂਸਲ ਦੇ ਇਸ ਪ੍ਰੋਗਰਾਮ ਨੂੰ ਹੋਰ ਸਫ਼ਲ ਬਣਾਉਣ ਲਈ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਅਤੇ ਐਸ.ਡੀ.ਐਮ. ਖਰੜ ਸ੍ਰੀ ਹਿਮਾਂਸ਼ੂ ਜੈਨ ਵੱਲੋਂ ਨਿਰੰਤਰ ਨਿਗਰਾਨੀ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਖਰੜ ਵਾਸੀਆਂ ਨੂੰ ਹੁਣ ਤਕ 10 ਟਨ ਜੈਵਿਕ ਖਾਦ ਦਿੱਤੀ ਜਾ ਚੁੱਕੀ ਹੈ, ਜਿਸ ਨਾਲ ਲੋਕਾਂ ਦੇ ਘਰੇਲੂ ਬਗੀਚਿਆਂ ਨੂੰ ਹਰਿਆ-ਭਰਿਆ ਬਣਾਇਆ ਜਾ ਰਿਹਾ ਹੈ।