ਡਿਪਟੀ ਕਮਿਸ਼ਨਰ ਸ਼੍ਰੀ ਵਿਨੈ ਬਬਲਾਨੀ ਨੇ ਅੱਜ ਇੱਥੇ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਮੂਹ ਧਾਰਮਿਕ ਸਥਾਨਾਂ ਦੇ ਮੁਖੀਆਂ/ਨੁਮਾਇੰਦਿਆਂ ਨਾਲ ਮੀਟਿੰਗ ਕਰਕੇ ਜਾਗਰੂਕ ਕੀਤਾ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਰਿਟ ਪਟੀਸ਼ਨ ਨੰ: 6213 ਅਤੇ ਮਿਤੀ 22 ਜੁਲਾਈ, 2019 ਜਾਰੀ ਹੁਕਮਾਂ ਅਨੁਸਾਰ ਵਿਦਿਆਰਥੀਆਂ ਅਤੇ ਮਰੀਜ਼ਾਂ ਦੇ ਹਿੱਤਾਂ ਨੂੰ ਧਿਆਨ ’ਚ ਰੱਖਦਿਆ ਲਾਊਡ ਸਪੀਕਰ ਦੀ ਅਵਾਜ਼ 10 ਡੈਸੀਬਲ ਤੋਂ ਵੱਧ ਨਹੀਂ ਹੋਣੀ ਚਾਹੀਦੀ ਅਤੇ ਇਮਾਰਤ ਦੇ ਦਾਇਰੇ ਤੋਂ ਬਾਹਰ ਨਹੀਂ ਜਾਣੀ ਚਾਹੀਦੀ ਹੈ।ਇਸ ਫੈਸਲੇ ਸੰਬੰਧੀ ਵਿਸਥਾਰ ਵਿੱਚ ਦੱਸਦਿਆ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿੱਥੇ ਲਾਊਡ ਸਪੀਕਰ ਦੀ ਅਵਾਜ਼ 10 ਡੈਸੀਬਲ ਤੋਂ ਵੱਧ ਨਹੀਂ ਹੋਣੀ ਚਾਹੀਦੀ ਹੈ ਅਤੇ ਇਮਾਰਤ ਦੇ ਦਾਇਰੇ ਤੋਂ ਬਾਹਰ ਨਹੀਂ ਜਾਣੀ ਚਾਹੀਦੀ ਹੈ, ਉਥੇ ਹੀ ਲਾਊਡ ਸਪੀਕਰ ਚਲਾਉਣ ਲਈ ਸਬੰਧਤ ਉਪ-ਮੰਡਲ ਮੈਜਿਸਟ੍ਰੇਟ ਤੋਂ ਲਾਊਡ ਸਪੀਕਰ ਚਲਾਉਣ ਦੀ ਮਨਜੂਰੀ ਲੈਣੀ ਵੀ ਜ਼ਰੂਰੀ ਕੀਤੀ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਮੀਟਿੰਗ ਵਿੱਚ ਹਾਜ਼ਰ ਧਾਰਮਿਕ ਸਥਾਨਾਂ ਦੇ ਮੁਖੀਆਂ ਨੂੰ ਜਾਣਕਾਰੀ ਦਿੱਤੀ ਕਿ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਸਪੀਕਰ ਚਲਾਉਣ ’ਤੇ ਪੂਰਨ ਮਨਾਹੀ ਹੈ। ਸਿਰਫ ਕੁੱਝ ਵਿਸ਼ੇਸ਼ ਹਾਲਤਾਂ ਵਿੱਚ ਬਹੁਤ ਘੱਟ ਸਮੇਂ ਲਈ ਸੰਬੰਧਤ ਉਪ-ਮੰਡਲ ਤੋਂ ਵੱਖਰੇ ਤੌਰ ’ਤੇ ਪ੍ਰਵਾਨਗੀ ਲੈ ਕੇ ਸਿਰਫ 2 ਘੰਟੇ ਲਈ (ਰਾਤ 10 ਵਜੇ ਤੋਂ 12 ਵਜੇ ਤੱਕ) ਲਾਊਡ ਸਪੀਕਰ ਚਲਾਇਆ ਜਾ ਸਕਦਾ ਹੈ, ਪ੍ਰੰਤੂ ਵਿਦਿਆਰਥੀਆਂ ਦੇ ਇਮਤਿਹਾਨਾਂ ਦੇ ਦਿਨਾਂ ਵਿੱਚ ਇਹ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮੋਬਾਇਲ ਵਿੱਚ ਐਪ ਡਾਊਨ ਲੋਡ ਕਰਕੇ ਅਵਾਜ਼ ਨੂੰ ਮਾਪਿਆ ਜਾ ਸਕਦਾ ਹੈ, ਜੋਂ ਕਿ ਬਹੁਤ ਸੌਖਾ ਤਰੀਕਾ ਹੈ।ਧਾਰਮਿਕ ਸਥਾਨਾਂ ਦੇ ਮੁਖੀਆਂ ਨੇ ਉਪਰੋਕਤ ਹਦਾਇਤਾਂ ਨਾਲ ਸਹਿਮਤ ਹੁੰਦਿਆਂ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਉਕਤ ਆਦੇਸ਼ਾਂ ਦੇ ਮੱਦੇਨਜ਼ਰ ਧਾਰਾ 144 ਅਧੀਨ ਜਾਰੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਉਣਗੇ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਦਾ ਪੂਰਾ ਸਹਿਯੋਗ ਕਰਨਗੇ। ਡਿਪਟੀ ਕਮਿਸ਼ਨਰ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਿਦਿਆਰਥੀਆਂ ਅਤੇ ਬਿਮਾਰ ਵਿਅਕਤੀਆਂ ਦੇ ਹਿੱਤਾਂ ਨੂੰ ਧਿਆਨ ਰੱਖ ਦੇ ਹੋਏ ਮਾਨਯੋਗ ਹਾਈਕੋਰਟ ਵੱਲੋਂ ਜਾਰੀ ਹੁਕਮਾਂ ਦੀ ਪਾਲਣਾ ਯਕੀਨੀ ਬਣਾਉਣ। ਇਸ ਮੌਕੇ ਹੋਰਨਾਂ ਤੋ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਅਦਿੱਤਿਆ ਉਪਲ ਅਤੇ ਸਮੂਹ ਐਸ.ਡੀ.ਐਮਜ਼ ਹਾਜ਼ਰ ਸਨ।