ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਮਲੋਟ ਵਿਖੇ ਹਲਕਾ ਵਿਧਾਇਕ ਤੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਦੇ ਯਤਨਾਂ ਸਦਕਾ ਕਰਵਾਏ ‘ਗੁਰੂ ਨਾਨਕ ਉਤਸਵ’ ਦੌਰਾਨ ‘ਚਰਨ ਛੋਹ’ ਪੰਜਾਬ ਨਾਮ ਹੇਠ ਵੱਖ ਵੱਖ ਗੁਰਦੁਆਰਿਆਂ ਦੀਆਂ ਤਸਵੀਰਾਂ ਦੀ ਪ੍ਰਦਰਸ਼ਨੀ ਨੇ ਸਮਾਗਮ ਵਿਚ ਆਉਣ ਵਾਲੀ ਸੰਗਤ ਨੂੰ ਤਸਵੀਰਾਂ ਦੀ ਜ਼ੁਬਾਨੀ ਸਿੱਖ ਤੇ ਗੁਰ ਇਤਿਹਾਸ ਦੀ ਕਹਾਣੀ ਬਿਆਨੀ। ਉਘੇ ਫੋਟੋ ਆਰਟਿਸਟ ਸ੍ਰੀ ਵਿਨੋਦ ਚੌਹਾਨ ਵੱਲੋਂ ਖਿੱਚੀਆਂ ਵੱਖ ਵੱਖ ਗੁਰਦੁਆਰਿਆਂ ਦੀਆਂ ਸੁੰਦਰ ਤਸਵੀਰਾਂ ਦੀ ਇਹ ਪ੍ਰਦਰਸ਼ਨੀ ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਸਹਿਯੋਗ ਨਾਲ ਲਾਈ ਗਈ, ਜਿਸ ਨੂੰ ਸੰਗਤ ਦਾ ਭਰਵਾਂ ਹੁੰਗਾਰਾ ਮਿਲਿਆ। ਇਸ ਧਾਰਮਿਕ ਪ੍ਰਦਰਸ਼ਨੀ ਵਿਚ ਗੁਰਦੁਆਰਾ ਸ੍ਰੀ ਬੇਰ ਸਾਹਿਬ, ਸੁਲਤਾਨਪੁਰ ਲੋਧੀ, ਗੁਰਦੁਆਰਾ ਸ੍ਰ੍ਰੀ ਅਕੋਇ ਸਾਹਿਬ, ਸੰਗਰੂਰ, ਗੁਰਦੁਆਰਾ ਨਾਨਕਸਰ ਸਾਹਿਬ ਠਕਰਵਾਲ, ਲੁਧਿਆਣਾ, ਗੁਰਦੁਆਰਾ ਚਰਨ ਕਮਲ ਸਾਹਿਬ, ਕੀਰਤਪੁਰ ਸਾਹਿਬ, ਗੁਰਦੁਆਰਾ ਸ੍ਰੀ ਥੇਹ ਸਾਹਿਬ ਜ਼ਿਲਾ ਫਤਿਹਗੜ ਸਾਹਿਬ, ਗੁਰਦੁਆਰਾ ਤਪ ਅਸਥਾਨ ਬੁੱਢਾ ਸਾਹਿਬ ਜੀ ਅੰਿਮ੍ਰਤਸਰ, ਡੇਰਾ ਬਾਬਾ ਭਾਈ ਕਾਲੂ ਜੀ ਜ਼ਿਲਾ ਤਰਨ ਤਾਰਨ, ਗੁਰਦੁਆਰਾ ਸ੍ਰੀ ਨਾਨਕਸਰ ਸਾਹਿਬ, ਕਮਾਲਪੁਰ, ਸੰਗਰੂਰ, ਗੁਰਦੁਆਰਾ ਨਾਨਕਸਰ ਸਾਹਿਬ ਤਲਵੰਡੀ ਸਾਬੋ, ਬਠਿੰਡਾ, ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਕੀੜੀ ਅਫਗਾਨਾ, ਬਟਾਲਾ, ਗੁਰਦਾਸਪੁਰ ਸਣੇ ਅਨੇਕ ਗੁਰਦੁਆਰਿਆਂ ਦੀਆਂ ਤਸਵੀਰਾਂ ਸੁਸ਼ੋਭਿਤ ਕੀਤੀਆਂ ਗਈਆਂ।ਇਸ ਧਾਰਮਿਕ ਪ੍ਰਦਰਸ਼ਨੀ ਬਾਰੇ ਜਾਣਕਾਰੀ ਦਿੰਦੇ ਹੋਏ ਇੰਟਰਨੈਸ਼ਨਲ ਫੋਟੋ ਆਰਟਿਸਟ ਸ੍ਰੀ ਵਿਨੋਦ ਚੌਹਾਨ ਨੇ ਦੱਸਿਆ ਕਿ ਉਸ ਨੇ ਪਿਛਲੇ ਕਰੀਬ 4 ਮਹੀਨਿਆਂ ਦੌਰਾਨ 10 ਹਜ਼ਾਰ ਕਿਲੋਮੀਟਰ ਤੋਂ ਵੱਧ ਸਫਰ ਕੀਤਾ ਅਤੇ ਗੁਰੂ ਨਾਨਕ ਦੇਵ ਜੀ ਦੇ ਵੱਡੇ ਪੱਧਰ ’ਤੇ ਮਨਾਏ ਜਾ ਰਹੇ 550ਵੇਂ ਪ੍ਰਕਾਸ਼ ਪੁਰਬ ਤਹਿਤ 70 ਪਿੰਡਾਂ ਦਾ ਦੌਰਾ ਕਰ ਕੇ ਕਰੀਬ 80 ਗੁਰਦੁਆਰਿਆਂ ਦੀਆਂ 65000 ਤੋਂ ਵੱਧ ਤਸਵੀਰਾਂ ਖਿੱਚੀਆਂ ਹਨ, ਜਿਨਾਂ ਪਿੰਡਾਂ ਵਿਚ ਗੁਰੂ ਨਾਨਕ ਦੇਵ ਜੀ ਨੇ ਚਰਨ ਪਾਏ ਸਨ। ਉਸ ਨੇ ਦੱਸਿਆ ਕਿ ‘ਗੁਰੂ ਨਾਨਕ ਚਿ੍ਰਤ ਦਰਸ਼ਨ’ ਨਾਮ ਹੇਠ ਇਹ ਧਾਰਮਿਕ ਪ੍ਰਦਰਸ਼ਨੀ ਪਹਿਲਾਂ ਪੰਜਾਬ ਸਰਕਾਰ ਵੱਲੋਂ ਸੁਲਤਾਨਪੁਰ ਲੋਧੀ ਵਿਖੇ ਕਰਵਾਏ ਸਮਾਗਮਾਂ ਦੌਰਾਨ ਲਾਈ ਜਾ ਚੁੱਕੀ ਹੈ, ਜਿਸ ਨੂੰ ਲੱਖਾਂ ਦੀ ਗਿਣਤੀ ਵਿਚ ਸੰਗਤ ਨੇ ਦੇਖਿਆ।ਇਸ ਮੌਕੇ ਹਰੇਕ ਵਰਗ ਦੇ ਲੋਕਾਂ ਸਮੇਤ ਦਰਜਨਾਂ ਸਕੂਲਾਂ ਦੇ ਵਿਦਿਆਰਥੀਆਂ ਨੇ ਇਸ ਪ੍ਰਦਰਸ਼ਨੀ ਦੌਰਾਨ ਤਸਵੀਰਾਂ ਰਾਹੀਂ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਅਸਥਾਨਾਂ ’ਤੇ ਬਣੇ ਵੱਖ ਵੱਖ ਗੁਰਦੁਆਰਿਆਂ ਦੇ ਦਰਸ਼ਨ ਕੀਤੇ। ਹੋਰ ਸਕੂਲੀ ਵਿਦਿਆਰਥੀਆਂ ਸਮੇਤ ਪੁੱਜੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਅਬੁਲ ਖੁਰਾਣਾ ਦੀ ਗਿਆਰਵੀਂ ਦੀ ਵਿਦਿਆਰਥਣ ਕਰਮਜੀਤ ਕੌਰ ਨੇ ਆਖਿਆ ਕਿ ਉਹ ਆਪਣੇ ਸਕੂਲ ਦੀਆਂ ਹੋਰ ਵਿਦਿਆਰਥਣਾਂ ਨਾਲ ਇਸ ਸਮਾਗਮ ਵਿਚ ਪੁੱਜੀ ਹੈ ਤੇ ਉਸ ਨੇ ਅਜਿਹੀ ਪ੍ਰਦਰਸ਼ਨੀ ਪਹਿਲਾਂ ਕਦੇ ਨਹੀਂ ਦੇਖੀ। ਉਹ ਇਨਾਂ ਸੁੰਦਰ ਤਸਵੀਰਾਂ ਰਾਹੀਂ ਗੁਰੂ ਘਰਾਂ ਦੇ ਦਰਸ਼ਨ ਕਰ ਕੇ ਆਪਣੇ ਆਪ ਨੂੰ ਭਾਗਾਂ ਵਾਲੀ ਮਹਿਸੂਸ ਕਰ ਰਹੀ ਹੈ।ਇਸ ਮੌਕੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਐਮ ਕੇ ਅਰਾਵਿੰਦ ਕੁਮਾਰ ਨੇ ਜ਼ਿਲਾ ਵਾਸੀਆਂ ਨੂੰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦੇ ਹੋਏ ਆਖਿਆ ਕਿ ਗੁਰੂ ਨਾਨਕ ਉਤਸਵ ਤਹਿਤ ਲਾਈ ਫੋਟੋ ਪ੍ਰਦਰਸ਼ਨੀ ਰਾਹੀਂ ਸਾਰੀ ਸੰਗਤ ਖਾਸ ਕਰ ਕੇ ਨੌਜਵਾਨ ਪੀੜੀ ਨੂੰ ਤਸਵੀਰਾਂ ਰਾਹੀਂ ਗੁਰ ਇਤਿਹਾਸ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈੇ। ਉਨਾਂ ਸਭ ਨੂੰ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ’ਤੇ ਅਮਲ ਕਰਨ ਦਾ ਸੱਦਾ ਦਿੱਤਾ।