ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਸਬਾ ਸੋਹਾਣਾ ਵਿੱਚ ਭਗਤ ਆਸਾ ਰਾਮ ਬੈਦਵਾਣ ਦੀ ਸਮਾਧ ਨੇੜੇ ਉਨਾਂ ਦੀ ਯਾਦ ਵਿੱਚ ਆਡੀਟੋਰੀਅਮ ਬਣਾਉਣ ਦਾ ਐਲਾਨ ਕੀਤਾ, ਜਿਸ ਲਈ ਉਨਾਂ ਆਪਣੇ ਅਖਤਿਆਰੀ ਫੰਡ ਵਿੱਚੋਂ 10 ਲੱਖ ਰੁਪਏ ਦੇਣ ਦਾ ਐਲਾਨ ਕੀਤਾ।ਭਗਤ ਆਸਾ ਰਾਮ ਬੈਦਵਾਣ ਦੀ ਸਮਾਧ ਉਤੇ ਕਰਵਾਏ ਜਾ ਰਹੇ ਧਾਰਮਿਕ ਸਮਾਗਮ ਵਿੱਚ ਸ਼ਿਰਕਤ ਕਰਨ ਪੁੱਜੇ ਸ. ਸਿੱਧੂ ਨੇ ਕਿਹਾ ਕਿ ਭਗਤ ਆਸਾ ਰਾਮ ਬੈਦਵਾਣ ਦੀਆਂ ਸਿੱਖਿਆਵਾਂ ਦੀ ਅਜੋਕੇ ਦੌਰ ਵਿੱਚ ਵੀ ਪੂਰੀ ਸਾਰਥਿਕਤਾ ਹੈ। ਉਨਾਂ ਕਈ ਦਹਾਕਿਆਂ ਪਹਿਲਾਂ ਜਿਹੜੀ ਗੱਲ ਆਖੀ, ਉਸ ਦੀ ਪ੍ਰਸੰਗਿਕਤਾ ਅੱਜ ਵੀ ਕਾਇਮ ਹੈ। ਉਨਾਂ ਭਗਤ ਆਸਾ ਰਾਮ ਦੀਆਂ ਸਿੱਖਿਆਵਾਂ ਉਤੇ ਚੱਲ ਕੇ ਸਮਾਜ ਦੀ ਬਿਹਤਰੀ ਲਈ ਯੋਗਦਾਨ ਪਾਉਣ ਲਈ ਪ੍ਰੇਰਿਆ।ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਸ. ਸਿੱਧੂ ਭਗਤ ਆਸਾ ਰਾਮ ਬੈਦਵਾਣ ਦੀ ਸਮਾਧ ਉਤੇ ਨਤਮਸਤਕ ਹੋਏ।ਪ੍ਰੋਗਰਾਮ ਦੌਰਾਨ ਸਮਰ ਸਿੰਘ ਸ਼ੰਮੀ, ਸਿਕੰਦਰ ਸਿੰਘ ਨਿਹੰਗ, ਗੁਰਮੀਤ ਸਿੰਘ ਰੋਡਾ, ਚਰਨ ਸਿੰਘ ਦਿਆਲਪੁਰੀ ਤੇ ਹੋਰਾਂ ਨੇ ਪੁਆਧੀ ਕਿੱਸੇ ਸੁਣਾਏ, ਜਿਨਾਂ ਦੀ ਹਾਜ਼ਰੀਨ ਨੇ ਭਰਵੀਂ ਦਾਦ ਦਿੱਤੀ। ਇਸ ਮੌਕੇ ਬੈਦਵਾਣ ਭਾਈਚਾਰੇ ਦੇ ਪਿੰਡਾਂ ਵਿੱਚੋਂ ਵੱਡੀ ਗਿਣਤੀ ਸੰਗਤ ਅੱਜ ਸਮਾਧ ਉਤੇ ਪੁੱਜੀ ਸੀ। ਇਸ ਮੌਕੇ ਭਗਤ ਆਸਾ ਰਾਮ ਬੈਦਵਾਣ ਦੀ ਸਮਾਧ ਦੀ ਪ੍ਰਬੰਧਕ ਕਮੇਟੀ ਨੇ ਕੈਬਨਿਟ ਮੰਤਰੀ ਸ. ਬਲਬੀਰ ਸਿੰਘ ਸਿੱਧੂ ਤੇ ਉਨਾਂ ਦੇ ਸਿਆਸੀ ਸਕੱਤਰ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਦਾ ਵਿਸ਼ੇਸ਼ ਤੌਰ ਉਤੇ ਸਨਮਾਨ ਕੀਤਾ। ਇਸ ਦੌਰਾਨ ਖੀਰ ਤੇ ਮਾਲ ਪੁੜਿਆਂ ਦਾ ਲੰਗਰ ਅਤੁੱਟ ਵਰਤਿਆ।ਇਸ ਮੌਕੇ ਜਸਵਿੰਦਰ ਸਿੰਘ ਪ੍ਰਧਾਨ ਭਗਤ ਆਸਾ ਰਾਮ ਬੈਦਵਾਣ ਕਮੇਟੀ, ਗੁਰਦੀਪ ਸਿੰਘ ਸਾਬਕਾ ਸਰਪੰਚ, ਬੂਟਾ ਸਿੰਘ ਸੋਹਾਣਾ, ਮਨਜੀਤ ਸਿੰਘ, ਜਸਵਿੰਦਰ ਸਿੰਘ ਜੱਸੀ, ਦਲਜੀਤ ਸਿੰਘ, ਮਹਿੰਦਰ ਸਿੰਘ, ਗੁਰਦੀਪ ਸਿੰਘ ਘੋਲਾ, ਹਰਮਨਜੀਤ ਸਿੰਘ ਕਾਲਾ, ਚਰਨਜੀਤ ਸਿੰਘ ਬੱਲੀ, ਹਰਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।