ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਜ਼ਿਲ੍ਹੇ ’ਚ ਡੇਂਗੂ ਦੇ ਸੰਭਾਵੀ ਵਧਦੇ ਮਾਮਲਿਆਂ ’ਤੇ ਸਿਹਤ ਵਿਭਾਗ ਅਤੇ ਨਗਰ ਕੌਂਸਲਾਂ ਨੂੰ ਵੱਧ ਤੋਂ ਵੱਧ ਜਾਗਰੂਕਤਾ ਕਰਨ ਦੇ ਆਦੇਸ਼ ਦਿੰਦਿਆਂ ਲਾਰਵਾ ਪਾਏ ਜਾਣ ’ਤੇ ਸਬੰਧਤ ਵਿਅਕਤੀਆਂ ਦੇ ਚਲਾਨ ਕਰਨ ਦੀ ਹਦਾਇਤ ਵੀ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸਿਹਤ ਵਿਭਾਗ ਦੀਆਂ ਟੀਮਾਂ ਦੀ ਘਰਾਂ ਦੀ ਚੈਕਿੰਗ ਦੌਰਾਨ ਡੇਂਗੂ ਮੱਛਰ ਦੇ ਲਾਰਵਾ ਦੇ ਕੇਸ ਸਾਹਮਣੇ ਆ ਰਹੇ ਹਨ, ਉਸ ਤੋਂ ਸਪੱਸ਼ਟ ਹੈ ਕਿ ਅਸੀਂ ਖੜ੍ਹੇ ਪਾਣੀ ਦੇ ਇਸ ਮੱਛਰ ਦੇ ਵਧਣ-ਫੁੱਲਣ ’ਚ ਬਰਾਬਰ ਦਾ ਯੋਗਦਾਨ ਦੇ ਰਹੇ ਹਨ। ਉਨ੍ਹਾਂ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਰਾਂ ’ਚ ਕਿਸੇ ਵੀ ਥਾਂ ਪਾਣੀ ਨਾ ਖੜ੍ਹਨ ਦੇਣ ਅਤੇ ਗਮਲਿਆਂ ’ਚੋਂ, ਫਰਿੱਜਾਂ ਦੀਆਂ ਟਰੇਆਂ ’ਚੋਂ ਅਤੇ ਹੋਰ ਥਾਂਵਾਂ ਜਿੱਥੇ ਪਾਣੀ ਖੜ੍ਹਦਾ ਹੈ, ਨੂੰ ਨਿਯਮਿਤ ਰੂਪ ’ਚ ਸਾਫ਼ ਕਰਦੇ ਰਹੀਏ। ਉਨ੍ਹਾਂ ਕਿਹਾ ਕਿ ਸਾਨੂੰ ਹੁਣ ਸ਼ੁੱਕਰਵਾਰ ਨੂੰ ‘ਡਰਾਈ ਡੇਅ’ ਦੀ ਬਜਾਏ ਰੋਜ਼ਾਨਾ ਪਾਣੀ ਖੜ੍ਹਨ ਦਾ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਸਾਫ਼ ਪਾਣੀ ’ਚ ਪੈਦਾ ਹੁੰਦੇ ਡੇਂਗੂ ਦੇ ਮੱਛਰ ਦੇ ਲਾਰਵੇ ਨੂੰ ਰੋਕਿਆ ਜਾ ਸਕੇ।ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਮਹਾਂਮਾਰੀ ਰੋਕੂ ਅਫ਼ਸਰ ਡਾ. ਜਗਦੀਪ ਨੂੰ ਲੋਕਾਂ ਨੂੰ ਵੱਧ ਤੋਂ ਵੱਧ ਡੇਂਗੂ ਮੱਛਰ ਪ੍ਰਤੀ ਅਤੇ ਇਸ ਦੇ ਕੱਟਣ ’ਤੇ ਡੇਂਗੂ ਬੁਖਾਰ ਦੇ ਮੁਢਲੇ ਲੱਛਣਾਂ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਵੀ ਕਿਹਾ।ਜ਼ਿਲ੍ਹੇ ’ਚ ਸਿਹਤ ਸੇਵਾਵਾਂ ਦੀ ਮਾਸਿਕ ਪ੍ਰਗਤੀ ਦਾ ਮੁਲਾਂਕਣ ਕਰਦਿਆਂ ਉਨ੍ਹਾਂ ਨੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਸੁਖਵਿੰਦਰ ਵੱਲੋਂ ਲਿੰਗ ਅਨੁਪਾਤ 931 ’ਤੇ ਪੁੱਜਣ ਬਾਰੇ ਦੱਸੇ ਜਾਣ ’ਤੇ, ਪ੍ਰਸ਼ੰਸਾ ਕਰਦਿਆਂ, ਇਸ ਨੂੰ ਹੋਏ ਅੱਗੇ ਲੈ ਕੇ ਜਾਣ ਲਈ ਆਖਿਆ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸੇਵਾ ਕੇਂਦਰਾਂ ਰਾਹੀਂ ਜਨਮ-ਮੌਤ ਰਜਿਸਟ੍ਰੇਸ਼ਨ ਅਤੇ ਲੇਟ ਐਂਟਰੀ ਨਾਲ ਸਬੰਧਤ ਕਾਰਜਾਂ ਦੇ ਲੰਬਿਤ ਮਾਮਲਿਆਂ ਨੂੰ ਸਿਹਤ ਅਧਿਕਾਰੀਆਂ ਨੂੰ ਜਲਦ ਨਿਪਟਾਉਣ ਦੀ ਹਦਾਇਤ ਵੀ ਕੀਤੀ। ਉਨ੍ਹਾਂ ਕਿਹਾ ਕਿ ਇਹ ਸਰਟੀਫ਼ਿਕੇਟ ਜਿਸ ਵੀ ਪੱਧਰ ’ਤੇ ਲੰਬਿਤ ਪਏ ਹਨ, ਚਾਹੇ ਉਹ ਐਸ ਡੀ ਐਮ ਪੱਧਰ ਜਾਂ ਈ ਓ ਪੱਧਰ ’ਤੇ ਹੋਣ, ਉਨ੍ਹਾਂ ਨੂੰ ਤੁਰੰਤ ਨਿਪਟਾਇਆ ਜਾਵੇ।ਇਸ ਮੌਕੇ ਰਾਸ਼ਟਰੀ ਬਾਲ ਸਵਾਸਥ ਕਾਰਜਕਰਮ ਤਹਿਤ ਸਕੂਲਾਂ ’ਚ ਸਿਹਤ ਜਾਂਚ ਲਈ ਜਾਂਦੀਆਂ ਟੀਮਾਂ ਦੇ ਨਿਗਰਾਨ ਡਾ. ਦਵਿੰਦਰ ਢਾਂਡਾ ਨੇ ਦੱਸਿਆ ਕਿ ਟੀਮਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਆਦੇਸ਼ਾਂ ’ਤੇ ਸਕੂਲਾਂ ’ਚ ਮਿਡ ਡੇ ਮੀਲ ਦੀ ਗੁਣਵੱਤਾ ਦੀ ਜਾਂਚ ਵੀ ਕੀਤੀ ਗਈ ਹੈ, ਜਿਸ ਦੌਰਾਨ ਖਾਣਾ ਤਸੱਲੀਬਖਸ਼ ਤੇ ਪੌਸ਼ਟਿਕਤਾ ਭਰਪੂਰ ਪਾਇਆ ਗਿਆ।ਜ਼ਿਲ੍ਹਾ ਸਿਹਤ ਅਫ਼ਸਰ ਡਾ. ਕੁਲਦੀਪ ਰਾਏ ਨੇ ਕੋਟਪਾ ਐਕਟ ਦੀ ਪ੍ਰਗਤੀ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਇਸ ਤਹਿਤ ਜ਼ਿਲ੍ਹੇ ’ਚ ਇਸ ਸਾਲ ਹੁਣ ਤੱਕ 1193 ਚਲਾਨ ਕੀਤੇ ਗਏ ਹਨ ਅਤੇ 80580 ਰੁਪਏ ਜੁਰਮਾਨਾ ਵਸੂਲਿਆ ਗਿਆ ਹੈ। ਉਨ੍ਹਾਂ ਨੇ ਜ਼ਿਲ੍ਹੇ ’ਚ ਕੋਟਪਾ ਐਕਟ ਨੂੰ ਸਖਤੀ ਨਾਲ ਲਾਗੂ ਕਰਾਉਣ ’ਚ ਟਾਸਕ ਫ਼ੋਰਸ ਦੇ ਬਾਕੀ ਮੈਂਬਰਾਂ ਦੇ ਸਹਿਯੋਗ ਦੀ ਮੰਗ ਵੀ ਕੀਤੀ।ਡਿਪਟੀ ਕਮਿਸ਼ਨਰ ਨੇ ਇਸ ਮੌਕੇ ਓਟ ਸੈਂਟਰਾਂ ਦੀ ਕਾਗਰੁਜ਼ਾਰੀ ਦਾ ਜਾਇਜ਼ਾ ਵੀ ਲਿਆ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਨਿੱਜੀ ਨਸ਼ਾ ਛੁਡਾਊ ਕੇਂਦਰਾਂ ’ਤੇ ਵੀ ਨਿਗਰਾਨੀ ਰੱਖਣ ਲਈ ਆਖਿਆ।ਮੀਟਿੰਗ ’ਚ ਸਿਹਤ ਵਿਭਾਗ ਨਾਲ ਸਬੰਧਤ ਅਲੱਗ-ਅਲੱਗ ਪ੍ਰੋਗਰਾਮਾਂ ਦੇ ਜ਼ਿਲ੍ਹਾ ਨੋਡਲ ਅਫ਼ਸਰ, ਸਮੂਹ ਐਸ ਐਮ ਓ ਅਤੇ ਜ਼ਿਲ੍ਹਾ ਸਿਖਿਆ ਅਫ਼ਸਰ (ਸੈਕੰਡਰੀ) ਹਰਚਰਨ ਸਿੰਘ ਅਤੇ ਡੀ ਐਸ ਪੀ ਦੀਪਿਕਾ ਸਿੰਘ ਵੀ ਮੌਜੂਦ ਰਹੇ।