ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 550ਵੇਂ ਪ੍ਰਕਾਸ਼ ਗੁਰਪੁਰਬ ਦੇ ਸਬੰਧ ਵਿੱਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਆਰੰਭ ਕੀਤੇ ਗਏ ਸ੍ਰੀ ਅਖੰਡਪਾਠ ਸਾਹਿਬ ਦੇ ਅੱਜ ਭੋਗ ਪੈਣਗੇ ਉਪਰੰਤ ਗੁਰਮਤਿ ਸਮਾਗਮ ਹੋਵੇਗਾ। ਜਿਸ ਵਿੱਚ ਪੰਥ ਦੇ ਪ੍ਰਸਿੱਧ ਕੀਰਤਨੀ ਜਥੇ, ਢਾਡੀ ਜਥੇ ਅਤੇ ਪ੍ਰਚਾਰਕ ਸਾਹਿਬਾਨ ਸੰਗਤਾਂ ਨੂੰ ਗੁਰੂ ਜੱਸ ਨਾਲ ਨਿਹਾਲ ਕਰਨਗੇ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਜਸਬੀਰ ਸਿੰਘ ਨੇ ਦੱਸਿਆ ਕਿ ਅੱਜ ਦੁਪਿਹਰ 12:30 ਵਜੇ ਐਸ.ਜੀ.ਐਸ.ਖਾਲਸਾ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਅਨੰਦਪੁਰ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋਵੇਗਾ ਜੋ ਵੱਖ-ਵੱਖ ਬਜ਼ਾਰਾਂ ਵਿੱਚ ਦੀ ਹੁੰਦਾ ਹੋਇਆ ਸ਼ਾਮ ਨੂੰ ਤਖ਼ਤ ਸਾਹਿਬ ਵਿਖੇ ਸਮਾਪਤ ਹੋਵੇਗਾ। ਉਹਨਾਂ ਦੱਸਿਆ ਕਿ ਰਾਤ ਦੇ ਦੀਵਾਨ ਵਿੱਚ 7 ਵਜੇ ਤੋਂ 9 ਵਜੇ ਤੱਕ ਸਕੂਲਾਂ ਦੇ ਵਿਦਿਆਰਥੀਆਂ ਦਾ ਧਾਰਮਿਕ ਪ੍ਰੋਗਰਾਮ ਹੋਵੇਗਾ। ਇਸ ਮੌਕੇ ਉਹਨਾਂ ਦੱਸਿਆ ਕਿ ਹਰ ਸਾਲ ਦੀ ਤਰਾਂ ਇਸ ਵਾਰ ਵੀ ਸ਼੍ਰੋਮਣੀ ਕਮੇਟੀ ਵਲੋਂ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਮਨਾਏ ਜਾ ਰਹੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 550 ਸਾਲਾਂ ਪ੍ਰਕਾਸ਼ ਗੁਰਪੁਰਬ ਮੌਕੇ ਜਿੱਥੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਬਹੁਤ ਹੀ ਸੁੰਦਰ ਫੁੱਲਾਂ ਨਾਲ ਸਜਾਵਟ ਕੀਤੀ ਗਈ ਉੱਥੇ ਦੂਰ ਦੂਰਾਡਿਓਂ ਵੱਡੀ ਗਿਣਤੀ ਵਿਚ ਸੰਗਤਾਂ ਤਖਤ ਸਾਹਿਬ ਵਿਖੇ ਪਹੁੰਚਕੇ ਨਤਮਸਤਕ ਹੋ ਰਹੀਆਂ ਹਨ। ਇਸ ਮੌਕੇ ਉਹਨਾਂ ਨਾਲ ਮੀਤ ਮੈਨੇਜਰ ਲਖਵਿੰਦਰ ਸਿੰਘ ਤੇ ਮਲਕੀਤ ਸਿੰਘ, ਸੂਚਨਾ ਅਧਿਕਾਰੀ ਐਡਵੋਕੇਟ ਹਰਦੇਵ ਸਿੰਘ, ਭਾਈ ਸੁਰਿੰਦਰ ਸਿੰਘ ਗ੍ਰੰਥੀ, ਭਾਈ ਅਮਰਜੀਤ ਸਿੰਘ ਇੰਚਾਰਜ ਪਾਠਾਂ, ਬਲਜਿੰਦਰ ਸਿੰਘ ਜੇ.ਈ, ਰਿਕਾਰਡਕੀਪਰ ਭੁਪਿੰਦਰ ਸਿੰਘ, ਕੌਰ ਸਿੰਘ ਅਕਾਊਂਟੈਂਟ, ਭੁਪਿੰਦਰ ਸਿੰਘ ਤੇ ਅਮਨਦੀਪ ਸਿੰਘ ਅਕਾਊਂਟਸ ਕਲਰਕ, ਸੁਖਵੀਰ ਸਿੰਘ ਸਹਾ.ਆਰ.ਕੇ, ਭਾਈ ਸਤਪਾਲ ਸਿੰਘ ਸੇਵਾਦਾਰ ਆਦਿ ਹਾਜਰ ਸਨ।