ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਮੰਗ ਕੀਤੀ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ 'ਜਗਤ ਗੁਰੂ' ਦੀ ਕਰਮ ਭੂਮੀ ਸ੍ਰੀ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ-ਦਰਸ਼ਨ ਦੀਦਾਰਾਂ ਲਈ ਜੋ ਕਦਮ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੇ ਚੁੱਕੇ ਹਨ, ਉਹ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ), ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਅਤੇ ਕੇਂਦਰ ਦੀ ਮੋਦੀ ਸਰਕਾਰ ਵੀ ਚੁੱਕੇ।ਸ਼ਨੀਵਾਰ ਇੱਥੇ ਪ੍ਰੈੱਸ ਕਾਨਫ਼ਰੰਸ ਕਰਦੇ ਹੋਏ 'ਆਪ' ਦੇ ਸੀਨੀਅਰ ਆਗੂ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਅਮਨ ਅਰੋੜਾ, ਜੈ ਕਿਸ਼ਨ ਸਿੰਘ ਰੋੜੀ ਅਤੇ ਸਟੇਟ ਮੀਡੀਆ ਹੈੱਡ ਮਨਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪ੍ਰਧਾਨਗੀ ਹੇਠ ਅੱਜ ਹੋਈ ਕੈਬਿਨੇਟ ਦੀ ਬੈਠਕ 'ਚ ਫ਼ੈਸਲਾ ਲੈ ਲਿਆ ਗਿਆ ਹੈ ਕਿ ਦਿੱਲੀ ਸਰਕਾਰ ਵੱਲੋਂ ਚਲਾਈ ਜਾ ਰਹੀ ਮੁੱਖ ਮੰਤਰੀ ਮੁਫ਼ਤ ਤੀਰਥ ਯੋਜਨਾ ਤਹਿਤ ਹੁਣ ਸ੍ਰੀ ਕਰਤਾਰਪੁਰ ਸਾਹਿਬ ਦੇ ਵੀ ਖੁੱਲ੍ਹੇ ਦਰਸ਼ਨ ਦੀਦਾਰ ਕਰਵਾਏ ਜਾਣਗੇ।ਕੁਲਤਾਰ ਸਿੰਘ ਸੰਧਵਾਂ ਨੇ ਦੱਸਿਆ ਕਿ ਦਿੱਲੀ ਸਰਕਾਰ ਸਾਰੇ ਧਰਮਾਂ ਨਾਲ ਸੰਬੰਧਿਤ ਤੀਰਥ ਸਥਾਨਾਂ 'ਤੇ ਰੇਲ ਅਤੇ ਬੱਸਾਂ ਰਾਹੀਂ ਮੁਫ਼ਤ ਦਰਸ਼ਨ ਕਰਾਉਂਦੀ ਹੈ, ਸ੍ਰੀ ਅਨੰਦਪੁਰ ਅਤੇ ਸ੍ਰੀ ਅੰਮ੍ਰਿਤਸਰ ਪਹਿਲਾਂ ਹੀ ਇਸ ਯੋਜਨਾ 'ਚ ਸ਼ਾਮਲ ਸਨ, ਹੁਣ ਇਹ ਰੂਟ ਸ੍ਰੀ ਕਰਤਾਰਪੁਰ ਸਾਹਿਬ ਤੱਕ ਵਧਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਦਿੱਲੀ ਸਰਕਾਰ ਨੇ ਸਰਕਾਰੀ ਪੱਧਰ 'ਤੇ ਫ਼ੈਸਲਾ ਲਿਆ ਹੈ ਕਿ ਇਸ ਯੋਜਨਾ ਤਹਿਤ ਦਿੱਲੀ ਦੀ ਨਾਨਕ ਨਾਮ ਲੇਵਾ ਸੰਗਤ ਦੀ ਹਰ ਪ੍ਰਕਾਰ ਦੀ (ਪਾਕਿਸਤਾਨੀ ਜਾਂ ਭਾਰਤੀ) ਫ਼ੀਸ ਦਾ ਖ਼ਰਚ ਦਿੱਲੀ ਸਰਕਾਰ ਉਠਾਏਗੀ।ਸੰਧਵਾਂ ਨੇ ਕਿਹਾ ਕਿ ਜੇਕਰ ਦਿੱਲੀ ਦੀ ਛੋਟੀ ਜਿਹੀ ਸਰਕਾਰ ਐਨਾ ਵੱਡਾ ਫ਼ੈਸਲਾ ਲੈ ਸਕਦੀ ਹੈ ਤਾਂ ਐਸਜੀਪੀਸ, ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਕਿਉਂ ਨਹੀਂ?
ਇਸ ਦੇ ਨਾਲ ਹੀ ਕੁਲਤਾਰ ਸਿੰਘ ਸੰਧਵਾਂ ਅਤੇ ਅਮਨ ਅਰੋੜਾ ਨੇ ਐਤਵਾਰ 9 ਨਵੰਬਰ ਨੂੰ ਸ੍ਰੀ ਕਰਤਾਰਪੁਰ ਸਾਹਿਬ ਦੇ ਕੋਰੀਡੋਰ ਰਾਹੀਂ ਦਰਸ਼ਨਾਂ ਲਈ ਜਾ ਰਹੇ ਮੰਤਰੀਆਂ, ਵਿਧਾਇਕਾਂ ਅਤੇ ਸੰਸਦ ਮੈਂਬਰਾਂ ਦੇ ਵਫ਼ਦ 'ਚ ਆਮ ਆਦਮੀ ਪਾਰਟੀ ਦੇ 5 ਵਿਧਾਇਕਾਂ ਨੂੰ ਵੀਜ਼ਾ ਕਲੀਅਰੈਂਸ ਨਾ ਦਿੱਤਾ ਜਾਣ 'ਤੇ ਸਖ਼ਤ ਇਤਰਾਜ਼ ਉਠਾਇਆ ਅਤੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਅਤੇ ਦੋਸ਼ੀ ਅਫ਼ਸਰਾਂ-ਅਧਿਕਾਰੀਆਂ 'ਤੇ ਕਾਰਵਾਈ ਦੀ ਮੰਗ ਕੀਤੀ। ਸੰਧਵਾਂ ਨੇ ਇਸ ਮਾਮਲੇ 'ਚ ਸਿਆਸੀ ਦਖ਼ਲਅੰਦਾਜ਼ੀ ਦਾ ਵੀ ਖ਼ਦਸ਼ਾ ਜਤਾਇਆ। ਇੱਕ ਸਵਾਲ ਦੇ ਜਵਾਬ 'ਚ ਉਨ੍ਹਾਂ ਦੱਸਿਆ ਕਿ ਸਾਰੇ 5 ਵਿਧਾਇਕ ਦਲਿਤ ਹਨ, ਜਿੰਨਾ 'ਚ ਸਰਬਜੀਤ ਕੌਰ ਮਾਣੂੰਕੇ, ਮਨਜੀਤ ਸਿੰਘ ਬਿਲਾਸਪੁਰ, ਕੁਲਵੰਤ ਸਿੰਘ ਪੰਡੋਰੀ, ਮਾਸਟਰ ਬਲਦੇਵ ਸਿੰਘ ਜੈਤੋ ਅਤੇ ਜਗਤਾਰ ਸਿੰਘ ਜੱਗਾ ਸ਼ਾਮਲ ਹਨ। ਸੰਧਵਾਂ ਨੇ ਮੀਡੀਆ ਸਾਹਮਣੇ ਡਿਪਟੀ ਕਮਿਸ਼ਨਰ ਲੁਧਿਆਣਾ ਵੱਲੋਂ ਮੁੱਖ ਮੰਤਰੀ ਦੇ ਉਪ-ਮੁੱਖ ਸਕੱਤਰ ਨੂੰ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ, ਸਰਬਜੀਤ ਕੌਰ ਮਾਣੂੰਕੇ ਅਤੇ ਲੁਧਿਆਣਾ ਕੇਂਦਰੀ ਤੋਂ ਕਾਂਗਰਸੀ ਵਿਧਾਇਕ ਸੁਰਿੰਦਰ ਡਾਬਰ ਲਈ ਅਪਲਾਈ ਕੀਤਾ। ਇੱਕੋ ਪੱਤਰ ਦਿਖਾਇਆ ਅਤੇ ਬੀਬੀ ਮਾਣੂੰਕੇ ਨੂੰ ਛੱਡ ਕੇ ਬਾਕੀ ਦੋਵਾਂ ਨੂੰ ਵੀਜ਼ਾ ਮਿਲਣ 'ਤੇ ਹੈਰਾਨੀ ਪ੍ਰਗਟਾਈ।ਇਸ ਦੇ ਨਾਲ ਹੀ ਸੰਧਵਾਂ ਨੇ ਖੁੱਲ੍ਹੇ ਦਰਸ਼ਨ ਦੀਦਾਰਾਂ ਲਈ ਭਾਰਤ ਸਰਕਾਰ ਵੱਲੋਂ ਮੰਗੀ ਜਾਂਦੀ ਪਾਸਪੋਰਟ ਦੀ ਕਾਪੀ ਦਾ ਵਿਰੋਧ ਕਰਦੇ ਹੋਏ ਪਾਸਪੋਰਟ ਦੀ ਸ਼ਰਤ ਖ਼ਤਮ ਕਰਕੇ ਆਧਾਰ ਕਾਰਡ ਅਤੇ ਦੂਸਰੇ ਪਹਿਚਾਣ ਪੱਤਰ ਲਾਗੂ ਕਰਨ ਦੀ ਮੰਗ ਕੀਤੀ।ਇਸ ਮੌਕੇ ਜੈ ਕਿਸ਼ਨ ਸਿੰਘ ਰੋੜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਹਵਾਲੇ ਨਾਲ ਕਿਹਾ ਕਿ ਅੱਜ ਪਵਨ, ਮਿੱਟੀ ਅਤੇ ਪਾਣੀ ਸਭ ਪਲੀਤ ਹੋ ਚੁੱਕੇ ਹਨ। ਕਿਸਾਨ ਪਰਾਲੀ ਨੂੰ ਅੱਗ ਨਹੀਂ ਲਗਾਉਣਾ ਚਾਹੁੰਦੇ ਪਰੰਤੂ ਮਜਬੂਰੀ 'ਚ ਲਗਾਉਂਦੇ ਹਨ। ਇਸ ਲਈ ਪ੍ਰਕਾਸ਼ ਪੁਰਬ ਮੌਕੇ ਬਾਬੇ ਨਾਨਕ ਦੀ ਸਰਜਮੀਂ 'ਤੇ ਆ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਰਾਲੀ ਦੀ ਸਮੱਸਿਆ ਦੇ ਹੱਲ ਲਈ ਵਿਸ਼ੇਸ਼ ਪੈਕੇਜ ਅਤੇ ਪ੍ਰਤੀ ਕਵਿੰਟਲ 200 ਰੁਪਏ ਬੋਨਸ ਦਾ ਐਲਾਨ ਕਰਨ।