ਸਿਵਲ ਪ੍ਰਸਾਸ਼ਨ ਤੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਸਾਂਝੇ ਤੌਰ ਤੇ ਕਾਰਵਾਈ ਕਰਦੇ ਹੋਏ ਪੁਲਿਸ ਅਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਖਮਾਣੋਂ ਸਬ-ਡਵੀਜਨ ਚ ਪੈਂਦੇ ਪਿੰਡ ਫਤਿਹਗੜ੍ਹ ਨਿਊਆਂ ਵਿਖੇ ਧਾਰਮਿਕ ਸਿੱਖਿਆ ਦੇਣ ਦੇ ਨਾਂ ਤੇ ਗੈਰ ਕਾਨੂੰਨੀ ਤੌਰ ਤੇ ਚਲਾਏ ਜਾ ਗੈਰ ਕਾਨੂੰਨੀ ਨਸ਼ਾ ਛੁਡਾਊ ਕੇਂਦਰ ਦਾ ਪਰਦਾਫਾਸ਼ ਕੀਤਾ ਹੈ। ਗੈਰ ਕਾਨੂੰਨੀ ਤੌਰ ਤੇ ਜ਼ਿੱਥੇ ਕਿ ਨਸ਼ਾ ਛੁਡਾਊ ਕੇਂਦਰ ਚਲਾਇਆ ਜਾ ਰਿਹਾ ਸੀ ਉੱਥੇ ਇਕ ਸਾਲ ਪਹਿਲਾਂ ਧਾਰਮਿਕ ਸਿੱਖਿਆ ਦੇਣ ਦੇ ਨਾਂ ਤੇ ਅਕੈਡਮੀ ਖੋਲੀ ਗਈ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀਮਤੀ ਅਮਨੀਤ ਕੌਂਡਲ ਨੇ ਦੱਸਿਆ ਕਿ ਡੀ ਐਸ ਪੀ ਖਮਾਣੋਂ ਧਰਮਪਾਲ ਅਤੇ ਥਾਣਾ ਮੁਖੀ ਖੇੜੀ ਨੌਧ ਸਿੰਘ, ਗਗਨਦੀਪ ਸਿੰਘ, ਡਰੱਗ ਇੰਸਪੈਕਟਰ ਨਵਪ੍ਰੀਤ ਸਿੰਘ, ਡਿਊਟੀ ਮੈਜਿਸਟਰੇਟ ਵਜੋਂ ਨਾਇਬ ਤਹਿਸੀਲਦਾਰ ਗੋਬਿੰਦਗੜ੍ਹ ਤੇ ਸਿਹਤ ਵਿਭਾਗ ਦੀ ਟੀਮ ਨੇ ਗੁਪਤ ਸੂਚਨਾਂ ਦੇ ਆਧਾਰ ਤੇ ਫਤਿਹਗੜ੍ਹ ਨਿਊਆ ਵਿਖੇ ਗੈਰ ਕਾਨੂੰਨੀ ਨਸ਼ਾ ਛੁਡਾਉ ਕੇਂਦਰ ਤੇ ਛਾਪਾਮਾਰੀ ਕੀਤੀ ਅਤੇ ਮੌਕੇ ਤੇ ਨਸ਼ਿਆਂ ਦੇ ਆਦੀ 28 ਨੌਜਵਾਨਾਂ ਨੂੰ ਫਤਹਿਗੜ੍ਹ ਸਥਿਤ ਸਰਕਾਰੀ ਨਸ਼ਾ ਛੁਡਾਉ ਅਤੇ ਮੁੜ ਵਸੇਬਾ ਕੇਂਦਰ ਵਿਖੇ ਦਾਖਲ ਕਰਵਾਇਆ ਗਿਆ।
ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕੇ ਇਸ ਕੇਂਦਰ ਨੂੰ ਜਗਰੂਪ ਸਿੰਘ ਈਸਮੈਲਪੁਰ ਅਤੇ ਪਰਮਜੀਤ ਸਿੰਘ ਮਨੀਮਾਜਰਾ ਚਲਾਉਂਦੇ ਸਨ ਜੋ ਹੈਰੋਇਨ, ਸਮੈਕ, ਅਫੀਮ , ਭੁੱਕੀ ਅਤੇ ਸ਼ਰਾਬ ਵਗੈਰਾ ਛੁਡਾਉਣ ਲਈ ਮਰੀਜਾਂ ਨੂੰ ਭਰਤੀ ਕਰਦੇ ਸਨ। ਉਨ੍ਹਾਂ ਦੱਸਿਆ ਕਿ ਕੇਂਦਰ ਦੇ ਪ੍ਰਬੰਧਕ ਨਸ਼ੇ ਦੇ ਆਦੀ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਨਸ਼ਾ ਕਰਨ ਵਾਲਿਆਂ ਨੂੰ ਧਾਰਮਿਕ ਸਿੱਖਿਆ ਨਾਲ ਜੋੜਨ ਦਾ ਝਾਂਸਾ ਦੇ ਕੇ ਉਨ੍ਹਾਂ ਨੂੰ ਆਪਣੇ ਜਾਲ ਚ ਫਸਾਉਂਦੇ ਸਨ ਜਿਸਦੀ ਸ਼ਿਕਾਇਤ ਪ੍ਰਾਪਤ ਹੋਈ ਸੀ ਕਿ ਇਸ ਕੇਂਦਰ ਵਿਚ ਧਾਰਮਿਕ ਸਿੱਖਿਆ ਦੇ ਨਾਮ ਤੇ ਗੈਰ ਕਾਨੂੰਨੀ ਨਸ਼ਾ ਛੁਡਾਊ ਕੇਂਦਰ ਚਲਾਇਆ ਜਾ ਰਿਹਾ ਹੈ ਅਤੇ ਭੋਲੇ ਭਾਲੇ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ। ਜਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਹੈ ਕਿ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਇਕ ਦੋਸ਼ੀ ਪਰਮਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦਕਿ ਜਗਰੁਪ ਸਿੰਘ ਦੀ ਭਾਲ ਜਾਰੀ ਹੈ। ਮੁੱਖ ਥਾਣਾ ਅਫਸਰ ਗਗਨਦੀਪ ਸਿੰਘ ਨੇ ਦੱਸਿਆ ਕਿ ਨਸ਼ਾ ਛੁਡਾਊ ਕੇਂਦਰ ਵਿੱਚੋਂ ਨਸ਼ਿਲੀਆ ਦਵਾਈਆਂ ਅਤੇ 02 ਗ੍ਰਾਮ ਨਸ਼ੀਲਾ ਪਾਊਡਰ ਵੀ ਬਰਾਮਦ ਕੀਤਾ ਗਿਆ ਹੈ। ਨਸ਼ਿਆਂ ਦੇ ਆਦੀ ਨੌਜਵਾਨ, ਜਿਨ੍ਹਾਂ ਨੂੰ ਕਿ ਨਸਾ ਛੁਡਾਉ ਤੇ ਮੁੜ ਵਸੇਬਾ ਕੇਂਦਰ ਫਤਹਿਗੜ੍ਹ ਸਾਹਿਬ ਵਿਖੇ ਦਾਖਲ ਕਰਵਾਇਆ ਗਿਆ ਹੈ ਦਾ ਡਿਪਟੀ ਕਮਿਸ਼ਨਰ ਡਾ ਪ੍ਰਸ਼ਾਂਤ ਕੁਮਾਰ ਗੋਇਲ ਅਤੇ ਸਿਵਲ ਸਰਜਨ ਡਾ ਐਨ ਕੇ ਅਗਰਵਾਲ ਨੇ ਦੌਰਾ ਕੀਤਾ ਤੇ ਨਸ਼ਿਆਂ ਦੇ ਆਦੀ ਨੌਜਵਾਨਾਂ ਨਾਲ ਗੱਲਬਾਤ ਵੀ ਕੀਤੀ।