ਪੰਜਾਬ ਸਰਕਾਰ ਵੱਲੋਂ 'ਘਰ ਘਰ ਰੋਜ਼ਗਾਰ' ਮਿਸ਼ਨ ਤਹਿਤ 9 ਲੱਖ ਨੌਜਵਾਨਾਂ ਨੂੰ ਨੌਕਰੀਆਂ ਤੇ ਸਵੈ ਰੋਜ਼ਗਾਰ ਮੁਹੱਈਆ ਕਰਾਇਆ ਗਿਆ ਹੈ ਤੇ ਹੁਣ ਪੰਜਵੇਂ ਰਾਜ ਪੱਧਰੀ ਮੈਗਾ ਰੋਜ਼ਗਾਰ ਮੇਲੇ ਲਾ ਕੇ ਹੋਰ ਨੌਜਵਾਨਾਂ ਲਈ ਰੋਜ਼ਗਾਰ ਦੇ ਦਰ ਖੋਲ੍ਹੇ ਜਾ ਰਹੇ ਹਨ। ਇਸੇ ਲੜੀ ਤਹਿਤ ਅੱਜ ਜ਼ਿਲ੍ਹੇ ਵਿਚ ਮੈਗਾ ਰੋਜ਼ਗਾਰ ਮੇਲੇ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਦਾ ਜ਼ਿਲ੍ਹੇ ਦੇ ਨੌਜਵਾਨ ਵੱਧ ਤੋਂ ਵੱਧ ਲਾਹਾ ਲੈਣ।ਇਹ ਗੱਲ ਡਿਪਟੀ ਕਮਿਸ਼ਨਰ ਐਮ ਕੇ ਅਰਾਵਿੰਦ ਕੁਮਾਰ ਨੇ ਅੱਜ ਸਟੇਟ ਇੰਸਟੀਚਿਊਟ ਆਫ ਆਟੋਮੋਟਿਵ ਐਂਡ ਡਰਾਈਵਿੰਗ ਸਕਿੱਲ ਮਾਹੂਆਣਾ ਵਿਖੇ ਪੰਜਵੇਂ ਮੈਗਾ ਰੋਜ਼ਗਾਰ ਮੇਲੇ ਦੇ ਉਦਘਾਟਨੀ ਸਮਾਗਮ ਮੌਕੇ ਕਹੀ। ਉਨ੍ਹਾਂ ਦੱਸਿਆ ਕਿ ਅੱਜ ਦੇ ਮੈਗਾ ਰੋਜ਼ਗਾਰ ਮੇਲੇ ਵਿਚ 34 ਕੰਪਨੀਆਂ ਤੇ ਅਦਾਰਿਆਂ ਨੇ ਸ਼ਿਰਕਤ ਕੀਤੀ ਹੈ।ਇਸ ਮੌਕੇ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਗੁਰਮੀਤ ਸਿੰਘ ਖੁੱਡੀਆਂ ਨੇ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਵਚਨਬੱਧ ਹੈ। ਇਸ ਲਈ ਰੋਜ਼ਗਾਰ ਮੇਲੇ ਲਾ ਕੇ ਜਿੱਥੇ ਨੌਜਵਾਨਾਂ ਲਈ ਰੋਜ਼ਗਾਰ ਦੇ ਦਰ ਖੋਲ੍ਹੇ ਜਾ ਰਹੇ ਹਨ, ਉਥੇ ਸਰਕਾਰੀ ਖੇਤਰ ਵਿਚ ਵੀ 19000 ਅਸਾਮੀਆਂ ਕੱਢੀਆਂ ਗਈਆਂ ਹਨ ਤੇ ਆਉਂਦੇ ਸਮੇਂ ਵਿਚ 42000 ਨੌਕਰੀਆਂ ਹੋਰ ਦਿੱਤੀਆਂ ਜਾਣਗੀਆਂ।ਇਸ ਮੌਕੇ ਐਸਡੀਐਮ ਮਲੋਟ ਸ. ਗੋਪਾਲ ਸਿੰਘ ਨੇ ਕਿਹਾ ਕਿ ਅੱਜ ਦੇ ਰੋਜ਼ਗਾਰ ਮੇਲੇ ਵਿਚ ਐਸਬੀਆਈ ਕਾਰਡ, ਪੁਖਰਾਜ ਹੈਲਥ ਕੇਅਰ, ਐਲਆਈਸੀ, ਅਦਿੱਤਿਆ ਬਿਰਲਾ ਜਿਹੀਆਂ 34 ਕੰਪਨੀਆਂ ਨੇ ਨੌਜਵਾਨਾਂ ਦੀ ਵੱਖ ਵੱਖ ਅਸਾਮੀਆਂ ਲਈ ਚੋਣ ਕੀਤੀ ਹੈ। ਉਨ੍ਹਾਂ ਦੱਿਸਆ ਕਿ ਜ਼ਿਲ੍ਹੇ ਵਿਚ ਆਉਂਦੇ ਦਿਨੀਂ ਤਿੰਨ ਹੋਰ ਰੋਜ਼ਗਾਰ ਮੇਲੇ 24, 27 ਤੇ 30 ਸਤੰਬਰ ਨੂੰ ਲਾਏ ਜਾਣੇ ਹਨ। ਅੱਜ ਦੇ ਰੋਜ਼ਗਾਰ ਮੇਲੇ ਵਿਚ 900 ਦੇ ਕਰੀਬ ਨੌਜਵਾਨਾਂ ਨੇ ਉਤਸ਼ਾਹ ਨਾਲ ਭਾਗ ਲਿਆ।ਇਸ ਮੌਕੇ ਸਟੇਟ ਇੰਸਟੀਚਿਊਟ ਆਫ ਆਟੋਮੋਟਿਵ ਐਂਡ ਡਰਾਈਵਿੰਗ ਸਕਿੱਲ ਮਾਹੂਆਣਾ ਦੇ ਪ੍ਰਿੰੰਸੀਪਲ ਗੁਰਦੀਪ ਸਿੰਘ ਸੇਖੋਂ ਨੇ ਰੋਜ਼ਗਾਰ ਮੇਲੇ ਵਿਚ ਪੁੱਜੀਆਂ ਸ਼ਖਸੀਅਤਾਂ ਅਤੇ ਨੌਜਵਾਨਾਂ ਨੂੰ ਜੀ ਆਇਆਂ ਆਖਿਆ ਅਤੇ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਮੌਕੇ ਕਾਂਗਰਸ ਦੇ ਬਲਾਕ ਪ੍ਰਧਾਨ ਗੁਰਬਾਜ ਸਿੰਘ, ਨਛੱਤਰਪਾਲ ਸਿੰਘ ਅਬੁਲਖੁਰਾਣਾ, ਜਤਿੰਦਰਪਾਲ ਸਿੰਘ, ਇੰਦਰਜੀਤ ਸਿੰਘ, ਮਾਸਟਰ ਜਸਪਾਲ ਸਿੰਘ, ਜ਼ਿਲ੍ਹਾ ਰੋਜ਼ਗਾਰ ਉਤਪਤੀ ਤੇ ਟ੍ਰੇਨਿੰਗ ਅਫਸਰ ਕਰਮ ਚੰਦ ਵੀ ਹਾਜ਼ਰ ਸਨ।