ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਇੱਥੇ ਮੁੱਢਲਾ ਸਿਹਤ ਕੇਂਦਰ, ਬੂਥਗੜ੍ਹ ਦੀ ਚੈਕਿੰਗ ਕੀਤੀ ਅਤੇ ਮਰੀਜ਼ਾਂ ਤੋਂ ਮੁਸ਼ਕਲਾਂ ਬਾਰੇ ਜਾਣਕਾਰੀ ਹਾਸਲ ਕੀਤੀ।ਸ. ਸਿੱਧੂ ਨੇ ਐਸ.ਐਮ.ਓ. ਡਾਕਟਰ ਦਿਲਬਾਗ ਸਿੰਘ ਅਤੇ ਹੋਰ ਅਮਲੇ ਤੋਂ ਦਵਾਈਆਂ ਦੇ ਸਟਾਕ ਤੇ ਘਾਟ, ਐਮਰਜੈਂਸੀ ਸੇਵਾਵਾਂ ਅਤੇ ਹੋਰ ਸਹੂਲਤਾਂ ਬਾਰੇ ਪੁੱਛਿਆ। ਉਨ੍ਹਾਂ ਹਸਪਤਾਲ ਵਿੱਚ ਏ.ਸੀ. ਦੀ ਸਹੂਲਤ ਦੇਣ ਦੀ ਤਾਕੀਦ ਕੀਤੀ। ਉਨ੍ਹਾਂ ਲੋਕਾਂ ਨੂੰ ਸਰਕਾਰੀ ਹਸਪਤਾਲਾਂ ਵਿੱਚੋਂ ਸਿਹਤ ਸਹੂਲਤਾਂ ਹਾਸਲ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਸਿਹਤ ਤੇ ਸਿੱਖਿਆ ਸਰਕਾਰ ਦੇ ਦੋ ਤਰਜੀਹੀ ਖੇਤਰ ਹਨ ਅਤੇ ਇਨ੍ਹਾਂ ਸੇਵਾਵਾਂ ਨੂੰ ਸੁਚਾਰੂ ਰੱਖਣ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਸਿਹਤ ਮੰਤਰੀ ਹੋਣ ਦੇ ਨਾਤੇ ਉਹ ਮਰੀਜ਼ਾਂ ਦੀ ਖੱਜਲ ਖੁਆਰੀ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ। ਸਿਹਤ ਮੰਤਰੀ ਨੇ ਕਿਹਾ ਕਿ ਜਿੰਨੀਆਂ ਵੀ ਦਵਾਈਆਂ ਹਸਪਤਾਲ ਵਿੱਚ ਮੌਜੂਦ ਹਨ, ਉਹ ਮਰੀਜ਼ਾਂ ਨੂੰ ਮੁਹੱਈਆ ਕਰਵਾਈਆਂ ਜਾਣ ਤਾਂ ਕਿ ਲੋਕਾਂ ਦੀ ਖੱਜਲ ਖੁਆਰੀ ਤੇ ਲੁੱਟ ਬੰਦ ਹੋ ਸਕੇ।