ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਰਾਜ ਦੇ 43 ਲੱਖ ਤੋਂ ਵਧੇਰੇ ਪਰਿਵਾਰਾਂ ਲਈ ਸ਼ੁਰੂ ਕੀਤੀ ਗਈ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਯੋਗ ਲਾਭਪਾਤਰੀਆਂ ਲਈ 5 ਲੱਖ ਰੁਪਏ ਤੱਕ ਦੇ ਕੈਸ਼ਲੈਸ ਇਲਾਜ ਦਾ ਸੁਨਹਿਰਾ ਮੌਕਾ ਲੈ ਕੇ ਆਈ ਹੈ, ਜਿਸ ਲਈ ਲਾਭਪਾਤਰੀਆਂ ਨੂੰ ਆਪਣੇ ਨੇੜਲੇ ਸਰਕਾਰੀ ਹਸਪਤਾਲ ਜਾਂ ਸੀ ਐਸ ਸੀ ਵਿਖੇ ਸੰਪਰਕ ਕਰਨਾ ਚਾਹੀਦਾ ਹੈ।ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਅੱਜ ਸਕੀਮ ਤਹਿਤ ਪਹਿਲੀ ਅਗਸਤ ਤੋਂ ਆਰੰਭ ਰਜਿਸਟ੍ਰੇਸ਼ਨ ਪ੍ਰਕਿਰਿਆ ਦੀ ਸਮੀਖਿਆ ਲਈ ਉਪ ਮੰਡਲ ਅਫ਼ਸਰਾਂ ਅਤੇ ਸਿਹਤ ਅਧਿਕਾਰੀਆਂ ਦੀ ਬੁਲਾਈ ਮੀਟਿੰਗ ਉਪਰੰਤ ਕੀਤਾ। ਉਨ੍ਹਾਂ ਨੇ ਮੀਟਿੰਗ ਦੌਰਾਨ ਐਸ ਡੀ ਐਮਜ਼ ਨੂੰ ਆਪੋ-ਆਪਣੀ ਸਬ ਡਵੀਜ਼ਨ ’ਚ ਰਜਿਸਟ੍ਰੇਸ਼ਨ ਪ੍ਰਕਿਰਿਆ ਦੀ ਨਿਗਰਾਨੀ ਕਰਨ ਲਈ ਵੀ ਆਖਿਆ ਤਾਂ ਜੋ ਹਰੇਕ ਯੋਗ ਵਿਅਕਤੀ ਸਕੀਮ ਦਾ ਲਾਭ ਲੈ ਸਕੇ।ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ’ਚ ਇਹ ਸੁਵਿਧਾ 2011 ਦੀ ਆਰਥਿਕ ਤੇ ਜਾਤੀ ਗਣਨਾ ’ਚ ਸ਼ਾਮਿਲ ਪਰਿਵਾਰਾਂ, ਨੀਲੇ ਰਾਸ਼ਨ ਕਾਰਡ ਧਾਰਕ ਪਰਿਵਾਰਾਂ, ਛੋਟੇ ਵਪਾਰੀਆਂ, ਕਿਸਾਨ ਪਰਿਵਾਰ (ਜੇ. ਫਾਰਮ ਧਾਰਕ) ਅਤੇ ਕਿਰਤ ਵਿਭਾਗ ਪੰਜਾਬ ਨਾਲ ਰਜਿਸਟਰਡ ਉਸਾਰੀ ਕਾਮਿਆਂ ਨੂੰ ਮਿਲੇਗੀ। ਇਸ ਤਹਿਤ ਜ਼ਿਲ੍ਹੇ ਦੇ 1.03 ਲੱਖ ਪਰਿਵਾਰਾਂ ਨੂੰ ਲਾਭ ਦਿੱਤਾ ਜਾਵੇਗਾ। ਰਜਿਸਟ੍ਰੇਸ਼ਨ ਤੋਂ ਬਾਅਦ ਪੰਜਾਬ ਭਰ ਵਿੱਚ ਇਹ ਸਕੀਮ 20 ਅਗਸਤ ਤੋਂ ਲਾਗੂ ਹੋਣ ਜਾ ਰਹੀ ਹੈ, ਜਿਸ ਤਹਿਤ 1396 ਤਰ੍ਹਾਂ ਦੀਆਂ ਬਿਮਾਰੀਆਂ ਅਤੇ ਸਰਜਰੀਆਂ ਦਾ ਇਲਾਜ ਲਿਆ ਜਾ ਸਕਦਾ ਹੈ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਯੋਗ ਲੋਕਾਂ ਨੂੰ ਸਕੀਮ ਤਹਿਤ ਰਜਿਸਟਰ ਹੋਣ ਲਈ ਆਪਣੇ ਨੇੜਲੇ ਸਰਕਾਰੀ ਹਸਪਤਾਲਾਂ, ਆਈ.ਵੀ. ਹਸਪਤਾਲ, ਨਵਾਂਸ਼ਹਿਰ, ਰਾਜਾ ਹਸਪਤਾਲ ਨਵਾਂਸ਼ਹਿਰ, ਸਰਬ ਹਸਪਤਾਲ ਨਵਾਂਸ਼ਹਿਰ, ਕਰਨ ਹਸਪਤਾਲ ਬੰਗਾ, ਦਿ੍ਰਸ਼ਟੀ ਹਸਪਤਾਲ ਬੰਗਾ ਅਤੇ ਇਸ ਕੰਮ ਲਈ ਸੂਚੀਬੱਧ 116 ਕਾਮਨ ਸਰਵਿਸ ਸੈਂਟਰਾਂ ਨਾਲ ਸੰਪਰਕ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਹੈ। ਇਨ੍ਹਾਂ ਕਾਮਨ ਸਰਵਿਸ ਸੈਂਟਰਾਂ ’ਤੇ 30 ਰੁਪਏ ਦੇ ਸੇਵਾ ਚਾਰਜ ਵੀ ਦੇਣੇ ਪੈਣਗੇ।ਮੀਟਿੰਗ ’ਚ ਸਹਾਇਕ ਕਮਿਸ਼ਨਰ ਸ਼ਿਵ ਕੁਮਾਰ, ਐਸ ਡੀ ਐਮ ਨਵਾਂਸ਼ਹਿਰ ਡਾ. ਵਿਨੀਤ ਕੁਮਾਰ, ਐਸ ਡੀ ਐਮ ਬਲਾਚੌਰ ਜਸਬੀਰ ਸਿੰਘ, ਬੰਗਾ ਦੇ ਤਹਿਸੀਲਦਾਰ ਅਜੀਤ ਪਾਲ ਸਿੰਘ, ਸਿਵਲ ਸਰਜਨ ਡਾ. ਆਰ ਪੀ ਭਾਟੀਆ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਰਾਜ ਰਾਣੀ, ਜ਼ਿਲ੍ਹਾ ਟੀਕਾਕਰਣ ਅਫ਼ਸਰ ਡਾ. ਦਵਿੰਦਰ ਢਾਂਡਾ ਮੌਜੂਦ ਸਨ।