ਸੂਬਾ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਖੇਡ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਅੱਜ ਸਥਾਨਕ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਅੰਡਰ- 14 (ਲੜਕੇ ਅਤੇ ਲੜਕੀਆਂ) ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਸ੍ਰ: ਮਨਪ੍ਰੀਤ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਕੀਤੀ।ਇਸ ਮੌਕੇ ਉਨ੍ਹਾਂ ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਵੱਧ ਤੋਂ ਵੱਧ ਖੇਡਾਂ ਵਿਚ ਭਾਗ ਲੈਣ ਲਈ ਪ੍ਰੇਰਿਤ ਕੀਤਾ।ਉਨ੍ਹਾਂ ਖੇਡ ਵਿਭਾਗ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਖਿਡਾਰੀਆਂ 'ਚ ਹੋਰ ਤੇਜੀ ਲਿਆਉਣ ਦੇ ਆਦੇਸ਼ ਦਿੱਤੇ ਤਾਂ ਜੋ ਅਸੀਂ ਕੌਮਾਂਤਰੀ ਤੇ ਸੂਬਾਈ ਪੱਧਰ 'ਤੇ ਮੱਲਾਂ ਮਾਰ ਸਕੀਏ।ਉਨ੍ਹਾਂ ਖੇਡਾਂ 'ਚ ਜੇਤੂ ਰਹੇ ਖਿਡਾਰੀਆਂ ਦੀ ਹੌਂਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਅਜੇ ਸਾਨੂੰ ਹੋਰ ਹਿੰਮਤ ਕਰਨ ਦੀ ਜ਼ਰੂਰਤ ਹੈ ਤਾਂ ਜੋ ਅਸਲ ਮੰਜ਼ਲ ਪ੍ਰਾਪਤ ਕਰ ਸਕਦੇ ਹਾਂ।ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪੰਜਾਬੀਆਂ ਦੀਆਂ ਮਿਸਾਲਾਂ ਬਣੀਆਂ ਹੋਈਆਂ ਹਨ ਉਸ ਮੁਕਾਬਲੇ ਸਾਨੂੰ ਅਜੇ ਹੋਰ ਤਿਆਰੀ ਦੀ ਲੋੜ ਹੈ।ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਖਿਡਾਰੀਆਂ 'ਚ ਖੇਡਾਂ ਦੇ ਜਜਬੇ ਨੂੰ ਹੋਰ ਵਧਾਇਆ ਜਾਵੇ ਤਾਂ ਜੋ ਨੋਜਵਾਨ ਵਰਗ ਨੂੰ ਨਸ਼ੇ ਤੋਂ ਧਿਆਨ ਹਟਾ ਕੇ ਖੇਡਾਂ ਵੱਲੋ ਜੋੜਿਆ ਜਾਵੇ।
ਟੂਰਨਾਮੈਂਟ ਦੇ ਪਹਿਲੇ ਦਿਨ 600 ਮੀਟਰ ਲੜਕੀਆਂ ਦੀਆਂ ਦੌੜਾਂ ਕਰਵਾਈਆਂ ਗਈਆਂ। ਜਿਸ ਵਿਚ ਵਿੱਦਿਆ ਨਿਕੇਤਨ ਟੈਗੌਰ ਸਕੂਲ ਰਾਏਪੁਰਾ ਦੀ ਸੰਜਨ ਨੇ ਪਹਿਲਾ, ਰੇਡੀਐਂਟ ਪਬਲਿਕ ਸਕੂਲ ਮਾਹੂਆਣਾ ਬੋਦਲਾ ਦੀ ਜਸ਼ਨਪ੍ਰੀਤ ਕੌਰ ਨੇ ਦੂਜਾ ਅਤੇ ਹੋਲੀ ਹਰਟ ਡੇ ਬੋਰਡਿੰਗ ਸਕੂਲ ਦੀ ਵਿਦਿਆਰਥਣ ਸ਼ੀਤਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ 600 ਮੀਟਰ ਲੜਕਿਆਂ ਵਿਚ ਮੰਡੀ ਲਾਧੂਕਾ ਦੇ ਜੱਜ ਸਿੰਘ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਬੂਆਣਾ ਦੇ ਸੰਜੇ ਕੁਮਾਰ ਨੇ ਦੂਜਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਗੂ ਦੇ ਮਨੀਸ਼ ਕੁਮਾਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਅੰਡਰ- 14 ਟੂਰਨਾਮੈਂਟ ਦੀ 400 ਮੀਟਰ ਦੌੜ 'ਚ ਲੜਕੀਆਂ ਵਿਚ ਵਿੱਦਿਆ ਨਿਕੇਤਨ ਟੈਗੋਰ ਸਕੂਲ ਰਾਏਪੁਰਾ ਦੀ ਸੰਜਨ ਨੇ ਪਹਿਲਾ, ਗੋਡਵਿਨ ਪਬਲਿਕ ਸਕੂਲ ਘੱਲੂ ਦੀ ਰਿਤਿਕਾ ਨੇ ਦੂਜਾ ਅਤੇ ਰੇਡੀਐਂਟ ਪਬਲਿਕ ਸਕੂਲ ਮਾਹੂਆਣਾ ਬੋਦਲਾ ਦੀ ਰਣਦੀਪ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 400 ਮੀ: ਲੜਕਿਆਂ ਵਿਚ ਮੰਡੀ ਲਾਧੂਕਾ ਦੇ ਜੱਜ ਸਿੰਘ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਮਰਪੁਰਾ ਦੇ ਮੋਹਿਤ ਸਿੰਘ ਨੇ ਦੂਜਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਸਾਬੂਆਣਾ ਦੇ ਸੰਜੇ ਕੁਮਾਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਦੌਰਾਨ ਜੇਤੂ ਖਿਡਾਰੀਆਂ ਨੂੰ ਡਿਪਟੀ ਕਮਿਸ਼ਨਰ ਨੇ ਮੈਡਲ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਜ਼ਿਲ੍ਹਾ ਖੇਡ ਅਫਸਰ ਸ਼੍ਰੀ ਪਰਵਿੰਦਰ ਸਿੰਘ, ਕੁਸ਼ਤੀ ਕੋਚ ਸ਼੍ਰੀ ਹਰਪਿੰਦਰਜੀਤ ਸਿੰਘ, ਹੈਂਡਬਾਲ ਕੋਚ ਸ਼੍ਰੀ ਗੁਰਫਤਿਹ ਸਿੰਘ, ਕਬੱਡੀ ਕੋਚ ਸ਼੍ਰੀਮਤੀ ਅੰਜੂ ਸ਼ਰਮਾ, ਬੈਡਮਿੰਟਨ ਕੋਚ ਸ਼੍ਰੀ ਹਰਕਮਲਜੀਤ ਸਿੰਘ, ਸੀਨੀਅਰ ਸਹਾਇਕ ਸ਼੍ਰੀ ਸੁਭਾਸ਼ ਚੰਦ, ਸਟੈਨੋ ਸ਼੍ਰੀ ਗੁਰਵਿੰਦਰ ਸਿੰਘ ਅਤੇ ਸਿੱਖਿਆ ਵਿਭਾਗ ਦੇ ਵੱਖ-ਵੱਖ ਸਕੂਲਾਂ ਅਧਿਆਪਕ ਆਦਿ ਹਾਜ਼ਰ ਸਨ।