ਭਾਰਤ ਸਰਕਾਰ ਦੇ ਭਾਰੀ ਉਦਯੋਗ ਅਤੇ ਪਬਲਿਕ ਇੰਟਰਪ੍ਰਾਇਜਜ਼ ਵਿਭਾਗ ਦੇ ਵਧੀਕ ਸਕੱਤਰ ਅਤੇ ਕੇਂਦਰ ਸਰਕਾਰ ਵੱਲੋਂ ਅਰੰਭੇ 'ਜਲ ਸ਼ਕਤੀ ਅਭਿਆਨ' ਦੇ ਪਟਿਆਲਾ ਜ਼ਿਲ੍ਹੇ ਲਈ ਨੋਡਲ ਅਫ਼ਸਰ ਡਾ. ਮਧੁਕਰ ਗੁਪਤਾ ਨੇ ਆਪਣੇ ਦੌਰੇ ਦੌਰਾਨ ਜ਼ਿਲ੍ਹੇ ਅੰਦਰ ਵੱਖ-ਵੱਖ ਵਿਭਾਗਾਂ ਵੱਲੋਂ ਪਾਣੀ ਦੀ ਸੰਭਾਲ ਸਬੰਧੀਂ ਚਲਾਏ ਜਾ ਰਹੇ ਪ੍ਰਾਜੈਕਟਾਂ ਦਾ ਜਾਇਜ਼ਾ ਲਿਆ। ਪਿੰਡ ਦਾ ਪਾਣੀ ਛੱਪੜ 'ਚ ਪਾ ਕੇ ਅੱਗੇ ਸਿੰਚਾਈ ਲਈ ਵਰਤਣ, ਬਰਸਾਤ ਦਾ ਪਾਣੀ ਧਰਤੀ ਹੇਠਾਂ ਸਮਾਉਣ ਲਈ ਬਣਾਏ ਬੋਰਵੈਲ ਅਤੇ ਬੂਟੇ ਲਾਉਣ ਦੇ ਚੱਲ ਰਹੇ ਪ੍ਰਾਜੈਕਟਾਂ ਦਾ ਜਾਇਜ਼ਾ ਲੈਣ ਸਮੇਂ ਡਾ. ਗੁਪਤਾ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਮੀਂਹ ਦੇ ਪਾਣੀ ਨੂੰ ਸੰਭਾਲ ਕੇ ਇਸ ਦੀ ਵਰਤੋਂ ਪੀਣ ਸਮੇਤ ਹੋਰ ਵੱਖ-ਵੱਖ ਕਾਰਜਾਂ ਲਈ ਕੀਤੀ ਜਾਵੇ ਤਾਂ ਕਿ ਇਹ ਪਾਣੀ ਅਜਾਂਈ ਨਾ ਜਾਵੇ। ਉਨ੍ਹਾਂ ਦੱਸਿਆ ਕਿ ਦੇਸ਼ ਦੇ ਜਿਹੜੇ ਜ਼ਿਲ੍ਹਿਆਂ 'ਚ ਧਰਤੀ ਹੇਠਲਾ ਪਾਣੀ ਨੀਵਾਂ ਜਾ ਰਿਹਾ ਹੈ ਉਥੇ ਇਸ ਮੁਹਿੰਮ ਤਹਿਤ ਮੀਂਹ ਦੇ ਪਾਣੀ ਨੂੰ ਸੰਭਾਲ ਕੇ ਇਸ ਨੂੰ ਸਾਫ਼ ਕਰਕੇ ਪੀਣਯੋਗ ਬਨਾਉਣ ਵੱਲ ਖਾਸ ਤੌਰ 'ਤੇ ਤਵੱਜੋਂ ਦਿੱਤੀ ਜਾ ਰਹੀ ਹੈ।ਡਾ. ਮਧੁਕਰ ਗੁਪਤਾ ਦੇ ਨਾਲ ਸਿਵਲ ਏਵੀਏਸ਼ਨ ਮੰਤਰਾਲੇ ਦੇ ਡਾਇਰੈਕਟਰ ਸ੍ਰੀ ਪਰਾਂਜੋਲ ਚੰਦਰਾ, ਸਹਾਇਕ ਕਮਿਸ਼ਨਰ (ਸਿਖਲਾਈ ਅਧੀਨ ਆਈ.ਏ.ਐਸ) ਸ੍ਰੀ ਬੈਨਿਥ, ਸਹਾਇਕ ਕਮਿਸ਼ਨਰ ਸ਼ਿਕਾਇਤਾਂ ਮਿਸ ਇਨਾਇਤ ਗੁਪਤਾ, ਕੇਂਦਰੀ ਭੂਮੀਗਤ ਜਲ ਬੋਰਡ ਦੇ ਵਿਗਿਆਨੀ ਸ੍ਰੀ ਉਦੇਸ਼ਿਆ ਕੁਮਾਰ ਅਤੇ ਮਿਸ. ਪਰਵੀਨ ਕੌਰ ਵੀ ਮੌਜੂਦ ਸਨ। ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਘੱਟ ਲਾਗਤ ਨਾਲ ਵੱਧ ਤੋਂ ਵੱਧ ਇਲਾਕੇ ਤੇ ਪਿੰਡਾਂ ਨੂੰ ਅਜਿਹੀਆਂ ਸਕੀਮਾਂ ਦੇ ਘੇਰੇ 'ਚ ਸ਼ਾਮਲ ਕੀਤਾ ਜਾਵੇ, ਜਿਸ ਨਾਲ ਧਰਤੀ ਹੇਠਲੇ ਪਾਣੀ ਦੀ ਵਰਤੋਂ ਘੱਟ ਅਤੇ ਬਰਸਾਤ ਦੇ ਪਾਣੀ ਦੀ ਵਰਤੋਂ ਵੱਧ ਕੀਤੀ ਜਾ ਸਕੇ।ਇਸ ਦੌਰਾਨ ਪਿੰਡ ਇੱਛੇਵਾਲ, ਜਿੱਥੇ ਗਲੈਕਸੋ ਸਮਿਥਕਿਲਨ ਕੰਜਿਊਮਰ ਹੈਲਥ ਕੇਅਰ ਲਿਮਟਡ ਨਾਭਾ ਨੇ ਪਿੰਡ ਦੇ ਪੁਰਾਣੇ ਛੱਪੜ ਦੇ ਨਵੀਨੀਕਰਨ ਮਗਰੋਂ ਸੀਵਰੇਜ ਤੇ ਬਰਸਾਤੀ ਪਾਣੀ ਨੂੰ ਸਾਫ਼ ਕਰਕੇ ਇਸਨੂੰ ਸਿੰਚਾਈ ਕਾਰਜਾਂ ਲਈ ਵਰਤਣ ਦਾ ਪ੍ਰਾਜੈਕਟ ਪੰਚਾਇਤੀ ਰਾਜ ਵਿਭਾਗ ਦੇ ਸਹਿਯੋਗ ਨਾਲ ਲਗਾਇਆ ਹੈ, ਦਾ ਜਾਇਜ਼ਾ ਲੈਂਦਿਆਂ ਡਾ. ਗੁਪਤਾ ਨੇ ਇਸ ਪ੍ਰਾਜੈਕਟ ਦੇ ਪਾਣੀ ਨੂੰ ਪੀਣਯੋਗ ਬਣਾਉਣ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ ਆਖਿਆ।
ਫ਼ੁਲਕੀਆਂ ਇਨਕਲੇਵ ਵਿਖੇ ਮੀਂਹ ਦੇ ਪਾਣੀ ਨੂੰ ਫਿਲਟਰ ਕਰਕੇ ਧਰਤੀ ਹੇਠਾਂ ਭੇਜਣ ਦੇ ਪ੍ਰਾਜੈਕਟ ਦਾ ਜਾਇਜ਼ਾ ਲੈਂਦਿਆਂ ਉਨ੍ਹਾਂ ਨੇ ਪੁਡਾ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਸ ਪ੍ਰਾਜੈਕਟ ਕਰਕੇ ਧਰਤੀ ਹੇਠਲੇ ਪਾਣੀ ਦੇ ਪੱਧਰ 'ਚ ਹੋਏ ਲਾਭ ਦੀ ਰਿਪੋਰਟ ਤਿਆਰ ਕਰਨ ਅਤੇ ਅਜਿਹੇ ਹੋਰ ਪ੍ਰਾਜੈਕਟ ਲਗਾ ਕੇ ਮੀਂਹ ਦੇ ਪਾਣੀ ਦੀ ਮੁੜ ਵਰਤੋਂ ਕਰਨਾ ਯਕੀਨੀ ਬਣਾਉਣ।ਸਨੌਰ ਬਲਾਕ ਦੇ ਪਿੰਡ ਕਰਨ ਪੁਰ ਦੇ ਛੱਪੜ ਦੇ ਪਾਣੀ ਨੂੰ ਭੂਮੀ ਰੱਖਿਆ ਤੇ ਜਲ ਸੰਭਾਲ ਵਿਭਾਗ ਵੱਲੋਂ ਸੋਲਰ ਪੰਪ ਨਾਲ ਪਿੰਡ ਦੇ ਕਰੀਬ 45 ਪਰਿਵਾਰਾਂ ਦੀ 80 ਏਕੜ ਜਮੀਨ ਦੀ ਸਿੰਚਾਈ ਲਈ ਵਰਤਣ ਦੇ ਲਗਾਏ ਪ੍ਰਾਜੈਕਟ ਦਾ ਜਾਇਜ਼ਾ ਲੈਂਦਿਆਂ ਡਾ. ਗੁਪਤਾ ਨੇ ਇਸ ਦੀ ਸ਼ਲਾਘਾ ਕੀਤੀ ਅਤੇ ਨਾਲ ਹੀ ਪਿੰਡ ਦੇ ਛੱਪੜ ਦੀ ਸਫ਼ਾਈ ਕਰਨ ਲਈ ਵੀ ਆਖਿਆ। ਉਨ੍ਹਾਂ ਨੇ ਉਪ ਮੰਡਲ ਭੂਮੀ ਰੱਖਿਆ ਅਫ਼ਸਰ ਡਾ. ਗਿੱਲ ਤੋਂ ਇਸ ਬਾਰੇ ਹੋਰ ਵੀ ਜਾਣਕਾਰੀ ਹਾਸਲ ਕੀਤੀ।ਭੁਨਰਹੇੜੀ ਬਲਾਕ ਦੇ ਪਿੰਡ ਬੋਸਰ ਕਲਾਂ ਦੇ ਸਰਕਾਰੀ ਐਲੀਮੈਂਟਰੀ ਸਕੂਲ 'ਚ ਜਲ ਸਪਲਾਈ ਤੇ ਸੀਵਰੇਜ ਵਿਭਾਗ ਵੱਲੋਂ ਬਰਸਾਤ ਦਾ 1.50 ਲੱਖ ਲਿਟਰ ਪਾਣੀ ਸਾਲਾਨਾ ਧਰਤੀ ਹੇਠ ਸਮਾਉਣ ਦੇ ਲਗਾਏ ਪ੍ਰਾਜੈਕਟ ਨੂੰ ਦੇਖਕੇ ਡਾ. ਗੁਪਤਾ ਨੇ ਮੀਂਹ ਦੇ ਪਾਣੀ ਦੀ ਵਰਤੋਂ ਪੀਣ ਲਈ ਕਰਨ 'ਤੇ ਮੁੜ ਜ਼ੋਰ ਦਿੱਤਾ। ਉਨ੍ਹਾਂ ਨੇ ਇਸੇ ਪਿੰਡ 'ਚ ਜੰਗਲਾਤ ਵਿਭਾਗ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 550 ਬੂਟੇ ਲਾਉਣ ਦੀ ਮੁਹਿੰਮ ਦਾ ਵੀ ਜਾਇਜ਼ਾ ਲਿਆ।ਡਾ. ਗੁਪਤਾ ਦੇ ਦੌਰੇ ਦੌਰਾਨ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਕਾਰਜਕਾਰੀ ਇੰਜੀਨੀਅਰ ਸ੍ਰੀ ਲਵਨੀਤ ਦੂਬੇ, ਪੰਚਾਇਤੀ ਰਾਜ ਦੇ ਐਕਸੀਐਨ ਸ. ਤੇਜਿੰਦਰ ਸਿੰਘ ਮੁਲਤਾਨੀ, ਉਪ ਮੰਡਲ ਭੂਮੀ ਰੱਖਿਆ ਅਫ਼ਸਰ ਸ. ਰਵਿੰਦਰ ਸਿੰਘ ਗਿੱਲ, ਭੂਮੀ ਰੱਖਿਆ ਅਫ਼ਸਰ ਡਾ. ਮਨਦੀਪ ਕੌਰ, ਡੀ.ਐਫ਼.ਓ. ਸ. ਹਰਭਜਨ ਸਿੰਘ, ਜਲ ਸਪਲਾਈ ਦੇ ਐਸ.ਡੀ.ਓ. ਸ. ਚਰਨਜੀਤ ਸਿੰਘ ਸਮੇਤ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਤੇ ਪਿੰਡਾਂ ਦੇ ਵਸਨੀਕ ਵੀ ਮੌਜੂਦ ਸਨ।