ਲੋਕਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਜ਼ਿਲਾ ਸ਼ਿਕਾਇਤ ਨਿਵਾਰਣ ਕਮੇਟੀ ਦੇ ਮੈਂਬਰ ਵੀ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਤਾਂ ਜੋ ਜ਼ਿਲੇ ਦੇ ਲੋਕਾਂ ਦੇ ਮਸਲਿਆਂ ਦਾ ਨਿਬੇੜਾ ਬਿਨਾਂ ਕਿਸੇ ਦੇਰੀ ਤੋਂ ਜਲਦੀ ਤੋਂ ਜਲਦੀ ਕੀਤਾ ਜਾ ਸਕੇ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਅਤੇ ਜਲ ਸਰੋਤ ਮੰਤਰੀ ਪੰਜਾਬ ਸ. ਸੁਖਬਿੰਦਰ ਸਿੰਘ ਸਰਕਾਰੀਆ ਨੇ ਇੱਥੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲਾ ਸ਼ਿਕਾਇਤ ਨਿਵਾਰਣ ਕਮੇਟੀ ਦੀ ਪਲੇਠੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਉਨਾਂ ਦੱਸਿਆ ਕਿ ਕਮੇਟੀ ਮੈਂਬਰਾਂ ਵੱਲੋਂ ਸੁਝਾਅ ਦਿੱਤਾ ਗਿਆ ਹੈ ਕਿ ਨਹਿਰੀ ਪਾਣੀ ਦਾ ਵਹਾਅ ਯਕੀਨੀ ਬਣਾਇਆ ਜਾਵੇ ਅਤੇ ਨਹਿਰਾਂ, ਸੂਇਆਂ ਤੇ ਖਾਲਾਂ ਦੀ ਮੁਰੰਮਤ ਨਿਯਮਤ ਤੌਰ ’ਤੇ ਕਰਵਾਈ ਜਾਵੇ। ਕੈਬਨਿਟ ਮੰਤਰੀ ਨੇ ਦੱਸਿਆ ਕਿ ਜ਼ਮੀਨਦੋਜ਼ ਪਾਣੀ ਬਚਾਉਣ ਲਈ ਪੰਜਾਬ ਸਰਕਾਰ ਪੂਰੀ ਗੰਭੀਰਤਾ ਨਾਲ ਕੰਮ ਕਰ ਰਹੀ ਹੈ ਅਤੇ ਇਸ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਵੱਲੋਂ ਜਲਦ ਹੀ ਸਰਬ ਪਾਰਟੀ ਮੀਟਿੰਗ ਵੀ ਸੱਦੀ ਜਾ ਰਹੀ ਹੈ। ਉਨਾਂ ਕਿਹਾ ਕਿ ਨਹਿਰੀ ਪਾਣੀ ਵਰਤ ਕੇ ਹੀ ਧਰਤੀ ਹੇਠਲੇ ਪਾਣੀ ਨੂੰ ਬਚਾਇਆ ਜਾ ਸਕਦਾ ਹੈ।ਸ. ਸਰਕਾਰੀਆ ਵੱਲੋਂ ਜ਼ਿਲਾ ਸ਼ਿਕਾਇਤ ਨਿਵਾਰਣ ਕਮੇਟੀ ਦੇ ਮੈਂਬਰਾਂ ਨਾਲ ਜਾਣ-ਪਛਾਣ ਕਰਨ ਮਗਰੋਂ ਮੈਂਬਰਾਂ ਵੱਲੋਂ ਉਠਾਏ ਗਏ ਮਸਲੇ ਵਿਸਥਾਰ ਨਾਲ ਸੁਣੇ ਅਤੇ ਸਾਰੇ ਮਸਲਿਆਂ ਦੇ ਸਹੀ ਹੱਲ ਲਈ ਸਬੰਧਤ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੌਕੇ ’ਤੇ ਹੀ ਹਦਾਇਤਾਂ ਜਾਰੀ ਕੀਤੀਆਂ ਗਈਆਂ। ਇਸ ਮੌਕੇ ਕੁਝ ਮਸਲਿਆਂ ਨੂੰ ਕੈਬਨਿਟ ਮੰਤਰੀ ਵੱਲੋਂ ਮੌਕੇ ’ਤੇ ਵੀ ਹੱਲ ਕਰਵਾਇਆ ਗਿਆ। ਉਨਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਮੇਟੀ ਦੇ ਮੈਂਬਰਾਂ ਵੱਲੋਂ ਚੁੱਕੇ ਗਏ ਮਸਲਿਆਂ ਨੂੰ ਗੰਭੀਰਤਾ ਨਾਲ ਲਿਆ ਜਾਵੇ ਤਾਂ ਜੋ ਹਰ ਇੱਕ ਮਸਲੇ ਨੂੰ ਅਗਲੇ ਮਹੀਨੇ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ-ਪਹਿਲਾਂ ਸਹੀ ਢੰਗ ਨਾਲ ਹੱਲ ਕਰਵਾਇਆ ਜਾ ਸਕੇ। ਉਨਾਂ ਕਮੇਟੀ ਵੱਲੋਂ ਚੁੱਕੇ ਗਏ ਲੋਕ ਮਸਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਲੇਠੀ ਮੀਟਿੰਗ ਵਿੱਚ ਚੁੱਕੇ ਗਏ ਸਾਰੇ ਹੀ ਮੁੱਦੇ ਆਮ ਲੋਕਾਂ ਨਾਲ ਜੁੜੇ ਹੋਏ ਸਨ ਅਤੇ ਉਨਾਂ ਕਮੇਟੀ ਮੈਂਬਰਾਂ ਨੂੰ ਅਪੀਲ ਕੀਤੀ ਕਿ ਇਸ ਰਵਾਇਤ ਨੂੰ ਭਵਿੱਖ ਵਿੱਚ ਵੀ ਜਾਰੀ ਰੱਖਿਆ ਜਾਵੇ ਤਾਂ ਜੋ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੰਜੀਦਗੀ ਨਾਲ ਹੱਲ ਕੀਤਾ ਜਾ ਸਕੇ।
ਬਰਨਾਲਾ ਸ਼ਹਿਰ ਵਿਚਲੀ ਟਰੈਫਿਕ ਦੀ ਸਮੱਸਿਆ ਦੇ ਮੁੱਦੇ ਬਾਰੇ ਬੋਲਦਿਆਂ ਸ. ਕੈਬਨਿਟ ਮੰਤਰੀ ਨੇ ਕਿਹਾ ਕਿ ਕਾਨੂੰਨ ਵਿਵਸਥਾ ਕਾਇਮ ਰੱਖਣ ਲਈ ਲੋਕਾਂ ਦਾ ਯੋਗਦਾਨ ਬੇਹੱਦ ਜ਼ਰੂਰੀ ਹੈ ਅਤੇ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਆਮ ਲੋਕਾਂ ਦੀ ਸਹੂਲਤ ਅਤੇ ਸੁਰੱਖਿਆ ਵਾਸਤੇ ਜ਼ਰੂਰੀ ਵੀ ਹੈ। ਉਨਾਂ ਕਿਹਾ ਕਿ ਇਸਦੇ ਨਾਲ ਹੀ ਕੂੜੇ ਦੀ ਸਮੱਸਿਆ ਦੇ ਯੋਗ ਹੱਲ ਲਈ ਵੀ ਉਪਰਾਲੇ ਕੀਤੇ ਜਾਣਗੇ ਤੇ ਸ਼ਹਿਰ ਵਾਸੀ ਵੀ ਗਿੱਲਾ ਤੇ ਸੁੱਕਾ ਕੂੜਾ ਵੱਖੋ-ਵੱਖਰਾ ਇਕੱਠਾ ਕਰਨ ਤਾਂ ਜੋ ਇਸਦਾ ਸਹੀ ਢੰਗ ਨਾਲ ਨਿਬੇੜਾ ਕੀਤਾ ਜਾ ਸਕੇ। ਸ. ਸਰਕਾਰੀਆ ਨੇ ਦੱਸਿਆ ਕਿ ਕਮੇਟੀ ਮੈਂਬਰਾਂ ਵੱਲੋਂ ਜ਼ਿਲੇ ਦੀਆਂ ਕੁਝ ਸੜਕਾਂ ਦੀ ਹਾਲਤ ਨਾਲ ਸਬੰਧਤ ਵੀ ਕੁਝ ਮੁੱਦੇ ਉਨਾਂ ਦੇ ਧਿਆਨ ’ਚ ਲਿਆਂਦੇ ਗਏ ਹਨ ਜਿਨਾਂ ’ਚੋਂ ਬਹੁਤੀਆਂ ਸੜਕਾਂ ਦੇ ਕੰਮ ਨੂੰ ਬਰਸਾਤਾਂ ਤੋਂ ਪਹਿਲਾਂ ਨੇਪਰੇ ਚਾੜਨ ਦੀ ਹਦਾਇਤ ਕੀਤੀ ਗਈ ਹੈ। ਉਨਾਂ ਕਿਹਾ ਕਿ ਇਸਦੇ ਨਾਲ ਹੀ ਸਿਵਲ ਹਸਪਤਾਲ ਬਰਨਾਲਾ ਨਾਲ ਸਬੰਧਤ ਮਸਲਿਆਂ ਦੇ ਯੋਗ ਹੱਲ ਲਈ ਵੀ ਸਿਵਲ ਸਰਜਨ ਬਰਨਾਲਾ ਨੂੰ ਕਿਹਾ ਗਿਆ ਹੈ। ਉਨਾਂ ਦੱਸਿਆ ਕਿ ਅਗਲੀ ਮੀਟਿੰਗ ਤੱਕ ਸਿਵਲ ਸਰਜਨ ਇਹ ਯਕੀਨੀ ਬਣਾਉਣਗੇ ਕਿ ਹਸਪਤਾਲ ਦੇ ਸਾਰੇ ਡਾਕਟਰ ਮਰੀਜ਼ਾਂ ਨੂੰ ਸਿਰਫ਼ ਦਵਾਇਆਂ ’ਚ ਮੌਜੂਦ ਰਸਾਇਣ ਦਾ ਨਾਂ ਹੀ ਲਿਖਣਗੇ ਤਾਂ ਜੋ ਉਹ ਸਸਤੀਆਂ ਦਵਾਈਆਂ ਜਨ ਔਸ਼ਧੀ ਕੇਂਦਰਾਂ ਤੋਂ ਖਰੀਦ ਸਕਣ।ਇਸ ਮੌਕੇ ਡਿਪਟੀ ਕਮਿਸਨਰ ਸ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਵਿਸ਼ਵਾਸ ਦਿਵਾਇਆ ਕਿ ਕਮੇਟੀ ਦੇ ਮੈਂਬਰਾਂ ਵੱਲੋਂ ਚੁੱਕੇ ਗਏ ਸਾਰੇ ਮਸਲਿਆਂ ਦਾ ਤੁਰੰਤ ਨਿਬੇੜਾ ਕਰਨ ਲਈ ਜ਼ਿਲਾ ਪ੍ਰਸ਼ਾਸਨ ਵਚਨਬੱਧ ਰਹੇਗਾ। ਉਨਾਂ ਇਹ ਵੀ ਦੱਸਿਆ ਕਿ ਕਮੇਟੀ ਮੈਂਬਰਾਂ ਵੱਲੋਂ ਦਿੱਤੇ ਗਏ ਸੁਝਾਅ ਲਾਗੂ ਕਰਨ ਤੇ ਚੁੱਕੀਆਂ ਗਈਆਂ ਸਮੱਸਿਆਵਾਂ ਦੇ ਸਮਾਂਬੱਧ ਹੱਲ ਲਈ ਉਹ ਖੁਦ ਨਿਗਰਾਨੀ ਕਰਨਗੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ.ਐਸ.ਪੀ. ਹਰਜੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜ) ਰੂਹੀ ਦੁੱਗ, ਵਧੀਕ ਡਿਪਟੀ ਕਮਿਸ਼ਨਰ (ਵਿ) ਪਰਵੀਨ ਕੁਮਾਰ, ਐਸ.ਡੀ.ਐਮ. ਬਰਨਾਲਾ ਸੰਦੀਪ ਕੁਮਾਰ, ਐਸ.ਡੀ.ਐਮ. ਤਪਾ ਕਰਨਦੀਪ ਸਿੰਘ, ਸਹਾਇਕ ਕਮਿਸ਼ਨਰ ਡਾ. ਕਰਮਜੀਤ ਸਿੰਘ, ਐਮ.ਐਲ.ਏ. ਬਰਨਾਲਾ ਗੁਰਮੀਤ ਸਿੰਘ ਮੀਤ ਹੇਹਰ, ਐਮ.ਐਲ.ਏ. ਮਹਿਲ ਕਲਾਂ ਕੁਲਵੰਤ ਸਿੰਘ ਪੰਡੋਰੀ, ਸਿਵਲ ਸਰਜਨ ਡਾ. ਜੁਗਲ ਕਿਸ਼ੋਰ, ਮੱਖਣ ਸ਼ਰਮਾ, ਉਜਾਗਰ ਸਿੰਘ ਬੀਹਲਾ, ਚੰਦ ਸਿੰਘ ਚੋਪੜਾ, ਡਿੰਪਲ ਉੱਪਲੀ, ਕੈਪਟਨ ਸਾਧੂ ਸਿੰਘ, ਰਛਪਾਲ ਸਿੰਘ, ਮਲਕੀਤ ਕੌਰ ਸਹੋਤਾ ਅਤੇ ਹੋਰ ਕਮੇਟੀ ਮੈਂਬਰ ਤੇ ਅਧਿਕਾਰੀ ਹਾਜ਼ਰ ਸਨ।