ਨਸ਼ਾ ਮੁਕਤ ਪੰਜਾਬ ਮੁਹਿੰਮ ਤਹਿਤ ਸਹਾਇਕ ਕਮਿਸ਼ਨਰ ਸ੍ਰ: ਰਣਜੀਤ ਸਿੰਘ ਦੀ ਪ੍ਰਧਾਨਗੀ ਹੇਠ ਨਸ਼ਾ ਛੁਡਾਊ ਕੇਂਦਰ ਦੇ ਇੰਚਾਰਜ ਡਾ: ਰਚਨਾ ਮਿੱਤਲ ਵੱਲੋਂ ਜ਼ਿਲ੍ਹੇ ਵਿਚ ਨਿਯੁਕਤ ਪੀ.ਆਰ.ਆਈ ਫੰਕਸ਼ਨਰੀਜ਼ ਨੂੰ ਡਰੱਗ ਅਬਯੂਸ ਪ੍ਰੀਵੈਨਸ਼ਨ ਪ੍ਰੋਗਰਾਮ ਉੱਪਰ ਵਿਸ਼ੇਸ਼ ਟ੍ਰੇਨਿੰਗ ਦਿੱਤੀ ਗਈ, ਜਿਸ ਤਹਿਤ ਪੀਆਰਆਈਜ ਨੂੰ ਜ਼ਿਲ੍ਹੇ ਦੇ ਪਿੰਡਾਂ ਵਿਚ ਨਸ਼ੇ ਦੇ ਸ਼ਿਕਾਰ ਲੋਕਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਕਿਸ ਤਰ੍ਹਾਂ ਨਸ਼ੇ ਖ਼ਿਲਾਫ਼ ਜਾਗਰੂਕ ਕਰਨਾ ਅਤੇ ਨਸ਼ਾ ਛੁਡਾਊ ਕੇਂਦਰਾਂ ਵਿਚ ਲੈ ਕੇ ਆਉਣ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ ਗਈ।ਸਹਾਇਕ ਕਮਿਸ਼ਨਰ ਸ੍ਰ: ਰਣਜੀਤ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਨਸ਼ਿਆਂ ਵਿਚ ਫਸੇ ਲੋਕਾਂ ਦੇ ਇਲਾਜ ਅਤੇ ਕੌਂਸਲਿੰਗ ਲਈ ਜ਼ਿਲ੍ਹੇ ਵਿਚ ਨਸ਼ਾ ਛੁਡਾਊ ਕੇਂਦਰ, ਓਟ ਕਲੀਨਿਕ ਅਤੇ ਪੁਨਰਵਾਸ ਕੇਂਦਰ ਚੱਲ ਰਹੇ ਹਨ, ਜਿੱਥੇ ਨਸ਼ਿਆਂ ਦੇ ਆਦਿ ਵਿਅਕਤੀਆਂ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਦੀ ਕੌਂਸਲਿੰਗ ਕਰਕੇ ਉਨ੍ਹਾਂ ਨੂੰ ਮੁੱਖ ਧਾਰਾ ਵਿਚ ਵਾਪਸ ਲਿਆ ਕੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਲਈ ਪ੍ਰੇਰਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸਰਕਾਰ ਵੱਲੋਂ ਨਸ਼ਿਆਂ ਦੀ ਰੋਕਥਾਮ ਲਈ ਡੈਪੋ ਪ੍ਰੋਗਰਾਮ, ਬਡੀਜ਼ ਪ੍ਰੋਗਰਾਮ ਆਦਿ ਵੀ ਚਲਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਨਸ਼ੇ ਵਿਚ ਫਸੇ ਲੋਕਾਂ ਨੂੰ ਬਾਹਰ ਕੱਢਣਾ ਔਖਾ ਜ਼ਰੂਰ ਹੈ ਪਰ ਨਾਮੁਮਕਿਨ ਨਹੀਂ ਹੈ, ਇਸ ਲਈ ਜਿਹੜੇ ਲੋਕ ਨਸ਼ੇ ਵਿਚ ਫਸੇ ਹਨ ਉਨ੍ਹਾਂ ਦੇ ਇਲਾਜ ਲਈ ਉਨ੍ਹਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿਚ ਲਿਆਂਦਾ ਜਾਵੇ।ਡਾ: ਰਚਨਾ ਮਿੱਤਲ ਨੇ ਨਸ਼ਿਆਂ ਵਿਚ ਫਸੇ ਲੋਕਾਂ ਦੇ ਕੁੱਝ ਜ਼ਰੂਰੀ ਲੱਛਣਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸ ਤਰ੍ਹਾਂ ਨਸ਼ਿਆਂ ਵਿਚ ਫਸੇ ਲੋਕਾਂ ਦੀ ਪਛਾਣ ਕੀਤੀ ਜਾ ਸਕਦੀ ਹੈ ਤੇ ਕਿਸ ਤਰ੍ਹਾਂ ਨਸ਼ਿਆਂ ਵਿਚ ਫਸੇ ਲੋਕਾਂ ਨੂੰ ਨਸ਼ਿਆਂ ਖ਼ਿਲਾਫ਼ ਜਾਗਰੂਕ ਕਰਦਿਆਂ ਉਨ੍ਹਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿਚ ਲੈ ਕੇ ਆਉਣ ਲਈ ਪ੍ਰੇਰਿਤ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮਰੀਜ਼ਾਂ ਦਾ ਸਰੀਰਕ ਅਤੇ ਮਾਨਸਿਕ ਦੋ ਤਰੀਕਿਆਂ ਨਾਲ ਇਲਾਜ ਕੀਤਾ ਜਾ ਸਕਦਾ ਹੈ ਜਿਸ ਤਹਿਤ ਇੱਕ ਤਾਂ ਉਨ੍ਹਾਂ ਨੂੰ ਨਸ਼ਿਆਂ ਦੇ ਸਰੀਰ ਉੱਪਰ ਪੈਂਦੇ ਮਾੜੇ ਪ੍ਰਭਾਵਾਂ ਅਤੇ ਨਸ਼ਿਆਂ ਕਾਰਨ ਭਵਿੱਖ ਵਿਚ ਹੋਣ ਵਾਲੇ ਨੁਕਸਾਨਾਂ ਖ਼ਿਲਾਫ਼ ਜਾਗਰੂਕ ਕਰਕੇ ਅਤੇ ਦੂਸਰਾ ਇਸ ਦਾ ਇਲਾਜ ਨਸ਼ਾ ਛੁਡਾਊ/ਓਟ ਕਲੀਨਿਕਾਂ ਵਿਚ ਦਿੱਤੀ ਜਾਂਦੀ ਦਵਾਈ ਰਾਹੀਂ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਪੀਆਰੀਆਈਜ ਨੂੰ ਉਹ ਸਵਾਲਾਂ ਅਤੇ ਜਵਾਬਾਂ ਬਾਰੇ ਦੱਸਿਆ ਜਿਹੜੇ ਕੀ ਉਨ੍ਹਾਂ ਨੂੰ ਨਸ਼ੇ ਖ਼ਿਲਾਫ਼ ਪਿੰਡਾਂ ਵਿਚ ਜਾਗਰੂਕਤਾ ਮੁਹਿੰਮ ਦੌਰਾਨ ਲੋਕਾਂ ਵੱਲੋਂ ਕੀਤੇ ਜਾ ਸਕਦੇ ਹਨ।
ਉਨ੍ਹਾਂ ਕਿਹਾ ਕਿ ਪੀਆਰਆਈਜ ਉਨ੍ਹਾਂ ਨੂੰ ਨਸ਼ੇ ਦੇ ਕਾਰਨ ਉਨ੍ਹਾਂ ਨੂੰ ਹੋ ਰਹੀਆਂ ਸਰੀਰਕ ਬਿਮਾਰੀਆਂ, ਉਨ੍ਹਾਂ ਦੀ ਮਾਲੀ ਸਹਾਇਤਾ ਤੇ ਪੈਂਦੇ ਮਾੜੇ ਪ੍ਰਭਾਵਾਂ, ਉਨ੍ਹਾਂ ਦੇ ਪਰਿਵਾਰ ਨੂੰ ਆ ਰਹੀਆਂ ਪਰੇਸ਼ਾਨੀ ਬਾਰੇ ਦੱਸਦਿਆਂ ਉਨ੍ਹਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿਚ ਲੈ ਕੇ ਆਉਣ ਲਈ ਪ੍ਰੇਰਿਤ ਕਰਨ, ਜਿੱਥੇ ਉਨ੍ਹਾਂ ਦੀ ਨਸ਼ੇ ਦੀ ਬਿਮਾਰੀ ਦਾ ਮੁਫ਼ਤ ਇਲਾਜ ਕੀਤਾ ਜਾਵੇਗਾ।ਇਸ ਮੌਕੇ ਸ੍ਰ ਮੁਖ਼ਤਿਆਰ ਸਿੰਘ ਖੇਤੀਬਾੜੀ ਅਫ਼ਸਰ ਨੇ ਕਿਹਾ ਕਿ ਇਸ ਸਮੱਸਿਆ ਲਈ ਸਾਨੂੰ ਸਾਰਿਆਂ ਨੂੰ ਵੀ ਜਾਗਰੂਕ ਹੋਣਾ ਪਵੇਗਾ, ਜੇਕਰ ਸਾਡੇ ਆਲ਼ੇ ਦੁਆਲੇ ਕੋਈ ਵਿਅਕਤੀ ਨਸ਼ਾ ਕਰਦਾ ਮਿਲਦਾ ਹੈ ਤਾਂ ਸਾਨੂੰ ਸਭ ਤੋਂ ਪਹਿਲਾਂ ਉਸ ਦੇ ਪਰਿਵਾਰ ਵਾਲਿਆਂ ਨੂੰ ਦੱਸਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਸਾਰੇ ਇੱਕ ਜੁੱਟ ਹੋ ਕੇ ਇਸ ਸਮੱਸਿਆ ਤੇ ਹਮਲਾ ਕਰਾਂਗੇ ਤਾਂ ਹੀ ਇਸ ਭਿਆਨਕ ਬਿਮਾਰੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਟ੍ਰਨਿੰਗ ਦੌਰਾਨ ਨਾਰਕੋਟਿਕ ਅਨੋਨਿਮਸ ਦੇ ਮੈਂਬਰਾਂ ਜਸਕਰਨ, ਵਿਨੋਦ ਭਾਰਦਵਾਜ ਅਤੇ ਅਮਨਦੀਪ ਵੱਲੋਂ ਵੀ ਆਪਣੀ ਸਵੈ ਜੀਵਨੀ ਬਾਰੇ ਦੱਸਿਆ ਗਿਆ, ਇਹ ਉਹ ਨੌਜਵਾਨ ਹੈ ਜੋ ਕਿ ਇੱਕ ਸਮੇਂ ਖ਼ੁਦ ਨਸ਼ੇ ਵਰਗੀ ਭਿਆਨਕ ਬਿਮਾਰੀ ਦੇ ਸ਼ਿਕਾਰ ਸਨ, ਜਦਕਿ ਆਪਣੀ ਸਵੈ-ਸ਼ਕਤੀ ਕਾਰਨ ਇਸ ਬਿਮਾਰੀ ਤੋਂ ਬਾਹਰ ਨਿਕਲ ਚੁੱਕੇ ਹਨ। ਉਨ੍ਹਾਂ ਆਪਣੇ ਜੀਵਨ ਦੀਆਂ ਗੱਲਾਂ ਸਾਂਝੀਆਂ ਕਰਦਿਆਂ ਦੱਸਿਆ ਕਿ ਕਿਸ ਤਰ੍ਹਾਂ ਉਹ ਨਸ਼ੇ ਦੀ ਗ੍ਰਿਫ਼ਤ ਵਿਚ ਆਏ ਤੇ ਕਿਸ ਤਰ੍ਹਾਂ ਨਸ਼ੇ ਵਿਚ ਉਨ੍ਹਾਂ ਆਪਣੀ ਜ਼ਿੰਦਗੀ ਦੇ ਅਹਿਮ ਸਾਲ ਸਮੇਤ ਹੋਰ ਕਈ ਕੁੱਝ ਗਵਾ ਲਿਆ। ਉਨ੍ਹਾਂ ਕਿਹਾ ਕਿ ਪਰ ਫਿਰ ਵੀ ਅੱਜ ਉਹ ਆਪਣੀ ਸਵੈ-ਸ਼ਕਤੀ, ਕਾਊਂਸਲਿੰਗ ਜ਼ਰੀਏ ਇਸ ਭਿਆਨਕ ਨਸ਼ੇ ਦੀ ਬਿਮਾਰੀ ਤੋਂ ਬਾਹਰ ਨਿਕਲ ਚੁੱਕੇ ਹਨ। ਇਸ ਦੌਰਾਨ ਸਹਾਇਕ ਕਮਿਸ਼ਨਰ ਨੇ ਉਨ੍ਹਾਂ ਦੀ ਇਸ ਬਿਮਾਰੀ ਵਿਚੋਂ ਬਾਹਰ ਨਿਕਲਣ ਤੇ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਨੌਜਵਾਨ ਉਨ੍ਹਾਂ ਨੌਜਵਾਨਾਂ ਲਈ ਇੱਕ ਪ੍ਰੇਰਨਾ ਸਰੋਤ ਹਨ ਜੋ ਅਜੇ ਵੀ ਨਸ਼ੇ ਵਿਚ ਫਸੇ ਹੋਏ ਹਨ। ਸਹਾਇਕ ਕਮਿਸ਼ਨਰ ਨੇ ਇਨ੍ਹਾਂ ਨੌਜਵਾਨਾਂ ਨੂੰ ਕਿਹਾ ਕਿ ਉਹ ਪ੍ਰਸ਼ਾਸਨ ਦੀ ਇਸ ਨਸ਼ੇ ਖ਼ਿਲਾਫ਼ ਮੁਹਿੰਮ ਵਿਚ ਸਹਿਯੋਗ ਦੇਣ ਤੇ ਆਪਣੇ ਜੀਵਨ ਬਾਰੇ ਲੋਕਾਂ ਨੂੰ ਦੱਸਦਿਆਂ ਨਸ਼ਿਆਂ ਖ਼ਿਲਾਫ਼ ਜਾਗਰੂਕ ਕਰਨ ਤੇ ਨਸ਼ੇ ਵਿਚ ਫਸੇ ਲੋਕਾਂ ਨੂੰ ਬਾਹਰ ਕੱਢਣ।