ਪੰਜਾਬ ਸਰਕਾਰ ਸੂਬੇ ਵਿੱਚ ਵਿਦਿਆ ਦੇ ਮਿਆਰ ਨੂੰ ਉਚਾ ਚੁੱਕਣ ਲਈ ਵਚਨਬੱਧ ਹੈ ਅਤੇ ਫ਼ਤਹਿਗੜ੍ਹ ਸਾਹਿਬ ਹਲਕੇ ਦੇ ਸਰਕਾਰੀ ਸਕੂਲਾਂ ਵਿੱਚ ਬੁਨਿਆਦੀ ਢਾਂਚੇ ਲਈ ਧਨ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਥਾਨਕ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਹਲਕੇ ਦੇ ਸਰਕਾਰੀ ਸਕੂਲ ਖੇੜਾ, ਬਲਾੜੀ ਕਲਾਂ, ਬਰਾਸ, ਬਡਾਲੀ ਆਲਾ ਸਿੰਘ, ਰੰਧਾਵਾ, ਕੋਟਲਾ ਬਜਵਾੜਾ ਵਿਖੇ ਵੱਖ-ਵੱਖ ਸਕੂਲਾਂ ਦੀਆਂ 318 ਵਿਦਿਆਰਥਣਾਂ ਨੂੰ ਮਾਈ ਭਾਗੋ ਵਿਦਿਆ ਸਕੀਮ ਅਧੀਨ ਮੁਫਤ ਸਾਇਕਲ ਵੰਡਣ ਮੌਕੇ ਕਰਵਾਏ ਗਏ ਵੱਖ-ਵੱਖ ਸਮਾਗਮਾਂ ਨੂੰ ਸੰਬੋਧਨ ਕਰਦਿਆਂ ਕੀਤਾ।ਵਿਧਾਇਕ ਨਾਗਰਾ ਨੇ ਦੱਸਿਆ ਕਿ ਰਾਜ ਸਰਕਾਰ ਲੜਕੀਆਂ ਦੀ ਸਿੱਖਿਆ ਲਈ ਵਿਸ਼ੇਸ਼ ਤਵੱਜੋ ਦੇ ਰਹੀ ਹੈ। ਉਨ੍ਹਾਂ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਲੜਕੀਆਂ ਨੂੰ ਵੱਧ ਤੋਂ ਵੱਧ ਸਿੱਖਿਆ ਦਿਵਾਉਣ ਲਈ ਕੋਈ ਕਸਰ ਬਾਕੀ ਨਾ ਛੱਡਣ ਕਿਉਂਕਿ ਅਜੌਕੇ ਯੁੱਗ ਵਿੱਚ ਲੜਕੀਆਂ ਕਿਸੇ ਵੀ ਖੇਤਰ ਵਿੱਚ ਲੜਕਿਆਂ ਨਾਲੋਂ ਘੱਟ ਨਹੀਂ ਹਨ ਸਗੋਂਂ ਕਈ ਖੇਤਰਾਂ ਵਿੱਚ ਮੋਹਰੀ ਭੂਮਿਕਾ ਨਿਭਾ ਰਹੀਆਂ ਹਨ। ਉਨ੍ਹਾਂ ਇਸ ਮੌਕੇ ਸਕੂਲੀ ਅਧਿਆਪਕਾਂ ਨੂੰ ਵੀ ਬੱਚਿਆਂ ਦੀ ਪੜਾਈ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ 'ਤੇ ਜੋਰ ਦੇਣ ਲਈ ਆਖਿਆ।ਸ. ਨਾਗਰਾ ਨੇ ਸਰਕਾਰੀ ਸਕੂਲ ਖੇੜਾ ਵਿਖੇ 47 ਵਿਦਿਆਰਥਣਾਂ, ਬਲਾੜੀ ਕਲਾਂ ਵਿਖੇ 65, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰਾਸ ਵਿਖੇ 52, ਬਡਾਲੀ ਆਲਾ ਸਿੰਘ ਵਿਖੇ 88, ਰੰਧਾਵਾ ਵਿਖੇ 29, ਕੋਟਲਾ ਬਜਵਾੜਾ ਵਿਖੇ 37 ਵਿਦਿਆਰਥਣਾਂ ਨੂੰ ਮੁਫਤ ਸਾਈਕਲ ਵੰਡੇ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਸ਼੍ਰੀਮਤੀ ਪਰਮਜੀਤ ਕੌਰ ਸਿੱਧੂ, ਪਰਮਵੀਰ ਸਿੰਘ ਟਿਵਾਣਾ, ਜ਼ਿਲ੍ਹਾ ਕੋਆਰਡੀਨੇਟਰ ਹਰਮੀਤ ਸਿੰਘ ਬਾਜਵਾ ਅਤੇ ਸਕੂਲਾਂ ਦੇ ਪ੍ਰਿੰਸੀਪਲ ਜਿਸ ਵਿੱਚ ਮਾਲਵਿੰਦਰ ਸਿੰਘ ਗਰੇਵਾਲ, ਰਮਿੰਦਰ ਕੌਰ, ਅਮਨਦੀਪ ਕੌਰ, ਦਵਿੰਦਰਜੀਤ ਕੌਰ, ਸੁਨੀਤਾ ਸੱਗਰ, ਜਸਵੀਰ ਸਿੰਘ ਸਮੇਤ ਗੁਰਮੇਲ ਸਿੰਘ ਬਡਾਲੀ, ਡਾ. ਕਮਲ ਬਡਾਲੀ, ਰਣਜੀਤ ਸਿੰਘ ਬਡਾਲੀ ਮੈਬਰ ਬਲਾਕ ਸੰਮਤੀ, ਸੁਰਮੁੱਖ ਸਿੰਘ ਫੌਜੀ, ਮਨਦੀਪ ਸਿੰਘ, ਲਾਲ ਜੀ ਓਂਕਾਰ, ਮੁਨਸ਼ੀ ਰਾਮ ਸਰਪੰਚ, ਗੁਰਸੇਵਕ ਸਿੰਘ, ਹਰਦਮ ਸਿੰਘ, ਨਰਿੰਦਰ ਸਿੰਘ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ।