ਸਾਬਕਾ ਕੇਂਦਰੀ ਮੰਤਰੀ ਅਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਉਮੀਦਵਾਰ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਦੇਸ਼ ਅੰਦਰ ਨੋਟਬੰਦੀ ਘੋਟਾਲੇ ਦੀ ਜਾਂਚ ਨੂੰ ਇੱਕ ਜੁਆਇੰਟ ਸੰਸਦੀ ਕਮੇਟੀ ਦਾ ਗਠਨ ਕਰੇਗੀ, ਜਿਹੜਾ ਘੋਟਾਲਾ ਹਜ਼ਾਰਾਂ-ਕਰੋੜਾਂ ਰੁਪਏ ਦਾ ਹੋਇਆ ਹੈ। ਉਨ੍ਹਾਂ ਕਿਹਾ ਕਿ ਨੋਟਬੰਦੀ ਨਾਲ ਨਾ ਸਿਰਫ ਵੱਡਾ ਵਿੱਤੀ ਘੁਟਾਲਾ ਹੋਇਆ ਹੈ, ਸਗੋਂ ਇਹ ਅਰਥ ਵਿਵਸਥਾ ਦੇ ਬੇਰਹਿਮੀ ਨਾਲ ਕਤਲ ਦੇ ਸਮਾਨ ਹੈ ਅਤੇ ਇਸ ਲਈ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ ਅਤੇ ਦੋਸ਼ੀ ਨੂੰ ਸਜ਼ਾ ਮਿਲਣੀ ਚਾਹੀਦੀ ਹੈ।ਅੱਜ ਆਪਣੇ ਚੋਣ ਪ੍ਰਚਾਰ ਦੀ ਸ਼ੁਰੂਆਤ ਤੋਂ ਪਹਿਲਾਂ ਪੱਤਰਕਾਰ ਨਾਲ ਗੈਰ ਰਸਮੀ ਗੱਲਬਾਤ ਦੌਰਾਨ ਤਿਵਾੜੀ ਨੇ ਕਿਹਾ ਕਿ ਨੋਟਬੰਦੀ ਦਾ ਫ਼ੈਸਲਾ ਤਾਨਾਸ਼ਾਹੀ ਸੀ, ਜਿਸਨੇ ਸਮਾਜ ਦੇ ਹਰ ਇੱਕ ਵਰਗ ਨੂੰ ਨਿਸ਼ਾਨਾ ਬਣਾਇਆ, ਭਾਵੇਂ ਉਹ ਰੋਜ਼ਾਨਾ ਕਮਾਉਣ ਵਾਲਾ ਮਜ਼ਦੂਰ ਹੋਵੇ, ਇੱਕ ਮੱਧ ਵਰਗ ਦੀ ਵਰਕਿੰਗ ਫੈਮਿਲੀ ਹੋਵੇ ਜਾਂ ਫਿਰ ਛੋਟਾ ਜਾਂ ਲਘੂ ਉਦਯੋਗਪਤੀ, ਹਰ ਕਿਸੇ ਤੇ ਇਸ ਦਾ ਪੂਰਾ ਪ੍ਰਭਾਵ ਪਿਆ ਹੈ।ਉਨ੍ਹਾਂ ਕਿਹਾ ਕਿ ਅਰਥ ਵਿਵਸਥਾ ਨੂੰ ਤਬਾਹ ਕਰਨ ਵਾਲੇ ਅਤੇ ਦੇਸ਼ ਅੰਦਰ ਸੈਂਕੜੇ-ਹਜ਼ਾਰਾਂ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਬਰਬਾਦ ਕਰਨ ਵਾਲੇ ਅਜਿਹੇ ਫੈਸਲੇ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਸਵਾਲ ਕਰਾਂਗੇ ਅਤੇ ਜਾਂਚ ਕੀਤੀ ਜਾਵੇਗੀ ਕਿ ਨੋਟਬੰਦੀ ਦਾ ਫੈਸਲਾ ਲੈਣ ਦੀ ਕੀ ਲੋੜ ਸੀ ਅਤੇ ਇਸ ਤੇ ਆਰਥਿਕ ਪ੍ਰਭਾਵ ਕੀ ਰਹੇ। ਇਸ ਤੋਂ ਇਲਾਵਾ, ਇਸ ਗੱਲ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਨੋਟਬੰਦੀ ਕਾਰਨ ਵਾਪਸ ਲੈ ਗਏ 500 ਤੇ 1000 ਰੁਪਏ ਦੇ ਪੁਰਾਣੇ ਨੋਟਾਂ ਤੋਂ ਬਾਅਦ ਕਿੰਨੀ ਨਵੀਂ ਕਰੰਸੀ ਛਪੀ। ਉਨ੍ਹਾਂ ਖੁਲਾਸਾ ਕੀਤਾ ਕਿ ਕਰੀਬ 16 ਲੱਖ ਕਰੋੜ ਰੁਪਏ ਦੀ ਕਰੰਸੀ ਦੇ ਨੋਟ ਬੰਦ ਹੋਏ ਅਤੇ ਇਹ ਪਤਾ ਕਰਨ ਦੀ ਲੋੜ ਹੈ ਕਿ ਕੀ ਉਸੇ ਮਾਤਰਾ ਚ ਕਰੰਸੀ ਛਪੀ ਹੈ ਜਾਂ ਫਿਰ ਉਸ ਤੋਂ ਕਿਤੇ ਜ਼ਿਆਦਾ, ਜਿਸ ਨੂੰ ਲੈ ਕੇ ਖਬਰ ਸਾਹਮਣੇ ਆਈ ਹੈ ਅਤੇ ਜੇਕਰ ਅਜਿਹਾ ਹੋਇਆ ਹੈ, ਤਾਂ ਉਹ ਪੈਸੇ ਕਿੱਥੇ ਗਏ।ਉਨ੍ਹਾਂ ਕਿਹਾ ਕਿ ਤਾਨਾਸ਼ਾਹੀ ਵਿਵਸਥਾ ਸੱਤਾ ਚ ਹੋਣ ਕਾਰਨ ਬੀਤੇ ਸਮੇਂ ਦੌਰਾਨ ਸਵਾਲ ਕਰਨ ਦੀ ਕਿਸੇ ਚ ਹਿੰਮਤ ਨਹੀਂ ਹੋਈ, ਪਰ ਸਮਾਂ ਬਦਲ ਰਿਹਾ ਹੈ ਅਤੇ ਇਨ੍ਹਾਂ ਸਵਾਲਾਂ ਦਾ ਜਵਾਬ ਦੇਣਾ ਚਾਹੀਦਾ ਹੈ ਅਤੇ ਇਨ੍ਹਾਂ ਦੇ ਉੱਤਰ ਮਿਲਣੇ ਚਾਹੀਦੇ ਹਨ। ਅਸੀਂ ਇਸ ਘੋਟਾਲੇ ਚ ਸ਼ਾਮਲ ਹਰ ਇੱਕ ਵਿਅਕਤੀ ਨੂੰ ਜਵਾਬਦੇਹ ਬਣਾਵਾਂਗੇ।